ਪਿੰਡ ਬੂਲਪੁਰ ਦੀ ਐਕਸੇਂਜ ਦੇ ਅਧੀਨ ਆਉਂਦੇ 21 ਪਿੰਡਾਂ ‘ਚ ਪਿਛਲੇ 10 ਦਿਨਾਂ ਤੋਂ ਬਾਰਸ਼ ਉਪਰੰਤ ਅਸਮਾਨੀ ਬਿਜਲੀ ਡਿੱਗਣ ਕਾਰਨ ਟੈਲੀਫੋਨ ਤੇ ਇੰਟਰਨੈੱਟ ਸੇਵਾਵਾਂ ਠੱਪ ਹੋ ਗਈਆਂ ਹਨ ਤੇ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਇਹ ਐਕਸੇਂਜ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਐਕਸੇਂਜ ‘ਚ ਆਈ ਖ਼ਰਾਬੀ ਕਾਰਨ ਪਿੰਡ ਬੂਲਪੁਰ, ਠੱਟਾ ਨਵਾਂ ਤੇ ਪੁਰਾਣਾ, ਟਿੱਬਾ, ਬਸਤੀ ਅਮਰਕੋਟ, ਸੂਜੋਕਾਲੀਆ, ਨੂਰੋਵਾਲ, ਮੰਗੂਪੁਰ, ਕਾਲੂ ਭਾਟੀਆ, ਬਿਧੀਪੁਰ, ਕਾਲਰੂ, ਜਾਂਗਲਾ, ਜਾਰਜਪੁਰ, ਨਸੀਰਪੁਰ, ਬਸਤੀ ਥੇਹਵਾਲਾ, ਬਸਤੀ ਭੀਲਾ ਵਾਲਾ, ਬਸਤੀ ਸ਼ਿਕਾਰਪੁਰ ਆਦਿ ਪਿੰਡਾਂ ਵਿਚ ਇੰਟਰਨੈੱਟ ਸੇਵਾਵਾਂ ਤੇ ਲੈਂਡਲਾਈਨ ਫੋਨ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਿੰਡਾਂ ‘ਚ ਸਥਿਤ ਬੈਂਕਾਂ ਵਿਚ ਵੀ ਕੰਮ ਕਰਨ ਲਈ ਪਹੁੰਚਦੇ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਇਸ ਸਬੰਧੀ ਜਦੋਂ ਟੈਲੀਫੋਨ ਵਿਭਾਗ ਦੇ ਐਸ.ਡੀ.ਓ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਬੂਲਪੁਰ ਐਕਸੇਂਜ ਦਾ ਨੁਕਸਾਨ ਹੋਇਆ ਹੈ ਤੇ ਇਸਦੀ ਮੁਰੰਮਤ ਚੱਲ ਰਹੀ ਹੈ ਤੇ ਜਲਦੀ ਹੀ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ। (source Ajit)