ਬਿਜਲੀ ਦੇ ਵੱਧ ਬਿੱਲ ਆਉਣ ਦੇ ਰੋਸ ਵਿੱਚ ਠੱਟਾ ਨਵਾਂ ਦੇ ਲੋਕਾਂ ਵਿੱਚ ਰੋਸ

50

ਪਾਵਰਕਾਮ ਵੱਲੋਂ ਇਸ ਮਹੀਨੇ ਭੇਜੇ ਗਏ ਬਿਜਲੀ ਦੇ ਬਿੱਲ 3-4 ਗੁਣਾਂ ਵੱਧ ਆਉਣ ਤੇ ਪਿੰਡ ਠੱਟਾ ਨਵਾਂ ਦੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ।  ਦੋ-ਦੋ ਬਲਬਾਂ ਵਾਲੇ ਘਰਾਂ ਦੇ ਬਿੱਲ ਵੀ ਇੱਕ ਹਜ਼ਾਰ ਰੁਪਏ ਤੋਂ ਵੱਧ ਆਏ ਹਨ। ਇਸ ਸਬੰਧੀ ਕਿਸਾਨ ਆਗੂ ਗੁਰਦੀਪ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਜਦ ਉਹ ਇਸ ਸਬੰਧੀ ਟਿੱਬਾ ਫੀਡਰ ਵਿਖੇ ਅਧਿਕਾਰੀਆਂ ਕੋਲ ਪੁੱਛ ਗਿੱਛ ਕਰਨ ਗਏ ਤਾਂ ਉਹਨਾਂ ਨੇ ਫੁਟਕਲ ਖਰਚਿਆਂ ਦਾ ਜ਼ਿਕਰ ਕਰਦਿਆਂ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ। ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਮੀਟਰ ਦੀਆਂ 122 ਯੂਨਿਟਾਂ ਦੀ ਖਪਤ ਹੋਈ ਸੀ ਪਰ ਬਿੱਲ 7897 ਆ ਗਿਆ। ਇਸੇ ਤਰਾਂ ਹੀ ਪਿੰਡ ਦੇ ਬਾਕੀ ਘਰਾਂ ਦੇ ਬਿੱਲ ਵੀ ਫੁਟਕਲ ਖਰਚਿਆਂ ਨਾਲ 3-4 ਗੁਣਾ ਵੱਧ ਆਏ ਹਨ। ਪਿੰਡ ਵਾਸੀਆਂ ਨੇ ਵਿਭਾਗ ਦਾ ਕਰਮਚਾਰੀ ਜੋ ਕਿ ਮੀਟਰ ਰੀਡਿੰਗ ਲੈਣ ਆਉਂਦਾ ਹੈ, ਬਾਰੇ ਦੱਸਿਆ ਕਿ ਮੁਲਾਜ਼ਮ ਦੀ ਨਜ਼ਰ ਬਹੁਤ ਕਮਜ਼ੋਰ ਹੈ। ਸਰੀਰ ਭਾਰਾ ਹੋਣ ਅਤੇ ਮੀਟਰ ਉੱਚੇ ਬਕਸਿਆਂ ਵਿੱਚ ਲੱਗੇ ਹੋਣ ਕਰਕੇ ਅਕਸਰ ਉਹ ਰੀਡਿੰਗ ਗਲਤ ਲੈ ਜਾਂਦਾ ਹੈ।  ਪਿੰਡ ਵਾਸੀਆਂ ਨੇ ਵਿਭਾਗ ਕੋਲੋਂ ਮੰਗ ਕੀਤੀ ਕਿ ਇੱਕ ਤਾਂ ਮੀਟਰ ਰੀਡਿੰਗ ਲੈਣ ਵਾਲੇ ਕਰਮਚਾਰੀ ਨੂੰ ਬਦਲਿਆ ਜਾਵੇ ਅਤੇ ਨਾਲ ਹੀ ਮੁਫਤ ਬਿਜਲੀ ਬੰਦ ਕਰਕੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਜਿਸ ਨਾਲ ਇੱਕ ਤਾਂ ਬਿਜਲੀ ਦੀ ਦੁਰਵਰਤੋਂ ਘਟੇਗੀ ਅਤੇ ਦੂਸਰੇ ਪਾਸੇ ਕਿਸੇ ਖਾਸ ਵਰਗ ਤੇ ਵੱਧੂ ਬੋਝ ਨਹੀਂ ਪਵੇਗਾ। ਇਸ ਸਬੰਧੀ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਿੰਡ ਦੇ ਮੋਹਤਵਰ ਸਖਸ਼ੀਅਤਾਂ ਨੇ ਵੱਧ ਬਿੱਲ ਆਉਣ ਤੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਕੱਲ੍ਹ ਮਿਤੀ 25 ਮਾਰਚ 2013 ਸਵੇਰੇ 9 ਵਜੇ ਟਿੱਬਾ ਫੀਡਰ ਵਿਖੇ ਟਰਾਲੀਆਂ ਭਰ ਕੇ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਿਆ ਜਾਵੇਗਾ ਅਤੇ ਵੱਧ ਆਏ ਬਿੱਲਾਂ ਦਾ ਕਾਰਨ ਪੁੱਛਿਆ ਜਾਵੇਗਾ। ਉੱਧਰ ਦੂਸਰੇ ਪਾਸੇ ਜਦੋਂ ਪਾਵਰਕਾਮ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਫੁਟਕਲ ਖਰਚੇ ਸਕਿਉਰਿਟੀ ਦੇ ਰੂਪ ਵਿੱਚ ਜਮ੍ਹਾਂ ਰੱਖੇ ਜਾਣਗੇ ਜੋ ਭਵਿੱਖ ਵਿੱਚ ਖਪਤਕਾਰ ਨੂੰ ਵਿਆਜ ਸਮੇਤ ਉਸ ਦੇ ਬਿੱਲਾਂ ਵਿੱਚ ਐਡਜਸਟ ਕਰਕੇ ਵਾਪਸ ਦੇ ਦਿੱਤਾ ਜਾਵੇਗਾ।