ਬਾਬਾ ਜੀ ਬਖਸ਼ੋ ਦਾਤ ਕਾਰ ਦੀ, ਹੋਇਆ ਸਕੂਟਰ ਪੁਰਾਣਾ, ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।

154

Dalwinder Thatte wala

ਅਮਲ ਕਰੋ ਕੁੱਝ ਸੁਣ ਕੇ ਬਾਣੀ, ਜੇ ਗੁਰਦੁਆਰੇ ਜਾਣਾ,
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
ਤੁਰਨ ਲੱਗੇ ਘੜੀ ਵੱਲ ਦੇਖਦੇ, ਗਿਆਰਾਂ ਵੱਜਣ ਵਾਲੇ,
ਭੋਗ ਪੈਣ ਤੇ ਛੇਤੀ ਹੀ ਫਿਰ, ਖਾਵਾਂਗੇ ਲੰਗਰ ਨਾਲੇ।
ਆਂਢ ਗੁਆਂਢ ਵੀ ਅਵਾਜਾਂ ਮਾਰੇ, ਕੀ ਤੂੰ ਵੀਰਾ ਜਾਣਾ,
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
ਕਰ ਇਸ਼ਨਾਨ ਟੇਕ ਕੇ ਮੱਥਾ, ਬਹਿ ਜਾਂਦੇ ਵਿੱਚ ਹਜੂਰੀ,
ਮੁਆਫ ਕਰੀਂ ਫਿਰ, ਕਹਿੰਦੇ ਬਾਬਾ ਸਾਡੀ ਏ ਮਜਬੂਰੀ।
ਪੀਰਾਂ ਦੀ ਦਰਗਾਹ ਤੇ ਮੇਲਾ, ਜਾ ਕੇ ਸੁਣਨਾ ਗਾਣਾ,
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
ਛੋਟੀ ਜਿਹੀ ਇੱਕ ਭੇਂਟ ਚੜ੍ਹਾ, ਸਪੀਕਰ ਵਿੱਚ ਅਨਾਊਂਸ ਕਰਵਾਉਂਦੇ,
ਕਈ ਲੋਕ ਤਾਂ ਪੱਖੇ ਦੇ ਪਰ ਤੇ, ਆਪਣਾ ਨਾਮ ਲਿਖਵਾਉਂਦੇ।
ਬਾਬਾ ਜੀ ਬਖਸ਼ੋ ਦਾਤ ਕਾਰ ਦੀ, ਹੋਇਆ ਸਕੂਟਰ ਪੁਰਾਣਾ,
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
ਭੁੱਖੇ ਸਾਧੂਆਂ ਨੂੰ ਖਵਾ ਰੋਟੀ, ਬਾਬੇ ਨਾਨਕ ਰੀਤ ਚਲਾਈ,
ਅਸੀਂ ਭੁੱਖਿਆਂ ਨੂੰ ਕੀ ਖਵਾਉਣਾ, ਆਪਣੀ ਹੀ ਭੁੱਖ ਮਿਟਾਈ।
ਠੱਟੇ ਵਾਲਿਆਂ ਤੰਦ ਨਹੀਂ, ਇਥੇ ਉਲਝਿਆ ਪਿਆ ਏ ਤਾਣਾ,
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
ਦਸ ਰੁਪਏ ਟੇਕ ਕੇ ਮੱਥਾ, ਵੀਹਾਂ ਦਾ ਲੰਗਰ ਖਾਣਾ।
-ਦਲਵਿੰਦਰ ਠੱਟੇ ਵਾਲਾ

1 COMMENT

Comments are closed.