ਖੇਤੀ ਵਿਚ ਫਸਲੀ ਵਿਭਿੰਨਤਾ ਦਾ ਕਿਸਾਨੀ ਜੀਵਨ ਵਿਚ ਬੜਾ ਮਹੱਤਵ ਹੈ। ਪ੍ਰੰਤੂ ਕਿਸਾਨਾਂ ਵੱਲੋਂ ਇਸ ਪਾਸੇ ਬਹੁਤਾ ਹੁੰਗਾਰਾ ਨਾ ਭਰਨ ਦੇ ਕਾਰਨਾਂ ਨੂੰ ਤਲਾਸ਼ਣਾ ਤੇ ਵਿਚਾਰਨਾ ਬੜੀ ਮਹੱਤਵਪੂਰਨ ਤੇ ਗੰਭੀਰ ਮੰਗ ਕਰਦਾ ਹੈ।
ਵਨਸੁਵੰਨਤਾ ਦੀ ਲੋੜ ਕਿਉਂ : ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਕਿਸਾਨ ਕਰਜ਼ਾਈ ਹੋਣ ਤੋਂ ਇਲਾਵਾ ਆਲਸੀ ਤੇ ਨਿਕੰਮਾ ਵੀ ਹੋ ਗਿਆ। ਪਹਿਲਾਂ ਉਸ ਵੱਲੋਂ ਵਧੇਰੇ ਝਾੜ ਲਈ ਲੋੜੋਂ ਜ਼ਿਆਦਾ ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਨੇ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਦਾ ਨਾਸ ਮਾਰਿਆ, ਉਥੇ ਕੈਂਸਰ ਵਰਗੇ ਮਾਰੂ ਰੋਗ ਸਹੇੜ ਲਏ ਅਤੇ ਝੋਨਾ ਪਾਲਣ ਲਈ ਬੇਸ਼ਕੀਮਤੀ ਕੁਦਰਤੀ ਦਾਤ ਪਾਣੀ ਦੀ ਲੋੜੋਂ ਜ਼ਿਆਦਾ ਵਰਤੋਂ ਨਾਲ ਦੇਸ਼ ਦੇ ਅੰਨ ਭੰਡਾਰ ਤਾਂ ਭਰ ਦਿੱਤੇ ਪ੍ਰੰਤੂ ਉਸ ਦੀ ਆਪਣੀ ਜ਼ਿੰਦਗੀ ਵਿਚ ਅਸਾਵਾਂਪਣ ਤੇ ਅਸ਼ਾਂਤੀ ਨੇ ਵਾਸ ਕਰ ਲਿਆ। ਧਰਤੀ ਨੂੰ ਕੈਂਸਰ ਅਤੇ ਪਾਣੀ ਦੀ ਥੁੜ ਦੇ ਡਰੋਂ ਕੇਂਦਰ ਸਰਕਾਰ ਵੱਲੋਂ ਪੰਜਾਬ-ਹਰਿਆਣੇ ਤੋਂ ਝੋਨਾ ਪੈਦਾ ਕਰਵਾ ਕੇ ਖਰੀਦਣ ਤੋਂ ਹੌਲੀ-ਹੌਲੀ ਪੈਰ ਪਿਛਾਂਹ ਖਿੱਚੇ ਜਾ ਰਹੇ ਹਨ।
ਖੇਤੀ ਵਿਭਿੰਨਤਾ ਵਿਚ ਕਿਸਾਨ ਦੀ ਰੁਚੀ ਨਾ ਹੋਣ ਦੇ ਕਾਰਨ : ਬੇਸ਼ੱਕ ਅੱਜ ਕਿਸਾਨ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਨਿਜਾਤ ਪਾਉਣ ਦੀ ਅਤਿਅੰਤ ਜ਼ਰੂਰਤ ਹੈ ਪ੍ਰੰਤੂ ਫਿਰ ਵੀ ਹੋਰ ਫਸਲਾਂ ਵੱਲ ਕਿਸਾਨ ਦਾ ਰੁਚਿਤ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਬਿਜਾਈ ਲਈ ਸਰਕਾਰ ਵੱਲੋਂ 6-8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਖੇਤੀ ਸੈਕਟਰ ਨੂੰ ਸਪਲਾਈ ਕਰਵਾਈ ਜਾਂਦੀ ਹੈ ਤੇ ਹੋਰ ਫਸਲਾਂ ਜਿਵੇਂ ਗੰਨਾ, ਮੈਂਥਾ, ਆਲੂ, ਹੋਰ ਸਬਜ਼ੀਆਂ, ਫਲਾਂ ਤੇ ਫੁੱਲਾਂ ਆਦਿ ਲਈ ਦਿਨ ਵੇਲੇ ਬਿਜਲੀ ਸਪਲਾਈ ਤਾਂ ਕੀ, ਰਾਤ ਸਮੇਂ ਵੀ ਅਨਿਸਚਿਤਾ ਹੀ ਬਣੀ ਰਹਿੰਦੀ ਹੈ। ਇਸ ਨਾਲ ਤਾਂ ਸਿਰਫ਼ ਪਸ਼ੂਆਂ ਦਾ ਚਾਰਾ ਹੀ ਸਿੰਜਿਆ ਜਾਂਦਾ ਹੈ। ਦੂਸਰਾ ਕਣਕ ਦੇ ਨਾਲ ਝੋਨੇ ਦੀ ਫਸਲ ਦਾ ਭਾਵੇਂ ਪੂਰਾ ਮੁੱਲ ਨਹੀਂ ਮਿਲਦਾ ਫਿਰ ਵੀ ਇਕ ਹੱਦ ਤੱਕ ਭਾਅ ਮੁਕੱਰਰ ਹੁੰਦਾ ਹੈ ਤੇ ਮੰਡੀਕਰਨ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਨਹੀਂ ਆਉਂਦੀ। ਜਦਕਿ ਹੋਰ ਕਿਸੇ ਜਿਣਸ ਦੀ ਕੀਮਤ ਦਾ ਭਾਅ ਮੁਕੱਰਰ ਨਹੀਂ ਹੈ। ਕਿਸਾਨ ਮੱਕੀ ਦੀ ਕਾਸ਼ਤ ਪ੍ਰਤੀ ਉਤਸ਼ਾਹਿਤ ਹੈ ਪ੍ਰੰਤੂ ਮੰਡੀਆਂ ਵਿਚ ਮੱਕੀ ਨੂੰ ਸੁਕਾਉਣ ਦੇ ਪ੍ਰਬੰਧ ਨਾ ਹੋਣਾ ਤੇ ਨਿਸਚਿਤ ਕੀਮਤ ਤੈਅ ਨਾ ਹੋਣ ਕਰਕੇ ਇਸ ਪ੍ਰਤੀ ਅਵੇਸਲਾਪਨ ਵਿਖਾਇਆ ਜਾ ਰਿਹਾ ਹੈ। ਪਿਛਲੇ ਸਾਲ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਚੰਗੀ ਕੀਮਤ ਮਿਲਣ ‘ਤੇ ਖੁਸ਼ ਹਨ ਪ੍ਰੰਤੂ ਇਸ ਵਾਰ ਜ਼ਿਆਦਾ ਬਿਜਾਈ ਹੋਵੇਗੀ ਤੇ ਯਕੀਨਨ ਭਾਅ ਘਟ ਜਾਵੇਗਾ ਤੇ ਕਿਸਾਨੀ ਫਿਰ ਡੋਲ ਜਾਵੇਗੀ। ਬਾਕੀ ਫਸਲਾਂ ਦੇ ਭਾਅ ਮੁਕੱਰਰ ਹੋਣੇ ਤੇ ਨਿਰੰਤਰ ਤੇ ਸਮਾਂਬੱਧ ਬਿਜਲੀ ਸਪਲਾਈ ਦਾ ਮਿਲਣਾ ਅਤਿ ਜ਼ਰੂਰੀ ਹੈ ਕਿਉਂਕਿ ਸਬਜ਼ੀਆਂ ਤੇ ਫੁੱਲਾਂ ਆਦਿ ਲਈ ਸਿਰਫ਼ ਦਿਨ ਵੇਲੇ ਹੀ ਪਾਵਰ ਸਪਲਾਈ ਦੀ ਲੋੜ ਹੈ। ਫੁੱਲਾਂ, ਫਲਾਂ ਤੇ ਸਬਜ਼ੀਆਂ ਦੇ ਰੱਖ-ਰਖਾਵ ਲਈ ਕੋਲਡ ਚੈਂਬਰਾਂ ਦਾ ਪ੍ਰਬੰਧ ਨਹੀਂ ਹੈ, ਜਿਥੇ ਕਿਸਾਨ ਆਪਣੀ ਪੱਕੀ ਫਸਲ ਨੂੰ ਮੰਡੀਕਰਨ ਲਈ ਕੁਝ ਦਿਨਾਂ ਲਈ ਰੱਖ ਸਕੇ। ਦੂਜਾ ਫਲਾਂ-ਸਬਜ਼ੀਆਂ ਦੀ ਕਾਸ਼ਤ ਲਈ ਆਧੁਨਿਕ ਮਸ਼ੀਨਰੀ ਦਾ ਪ੍ਰਬੰਧ ਨਾ ਹੋਣਾ ਜਿਸ ਨਾਲ ਕਿਸਾਨਾਂ ਨੂੰ ਮਜ਼ਦੂਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਨਾਲ ਕਿਸਾਨ ਦਾ ਸ਼ੋਸ਼ਣ ਹੁੰਦਾ ਹੈ।
ਕਿਸਾਨਾਂ ਨੂੰ ਮਾਨਸਿਕਤਾ ਬਦਲਣ ਦੀ ਲੋੜ : ਜਦੋਂ ਤੱਕ ਕਿਸਾਨ ਖ਼ਾਸ ਕਰਕੇ ਥੋੜ੍ਹੀ ਜ਼ਮੀਨ ਵਾਲਾ ਆਪਣੀ ਹਾਲਤ ਸੁਧਾਰਨ ਲਈ ਸੁਹਿਰਦ ਹੋ ਕੇ ਆਪ ਨਹੀਂ ਸੋਚਦਾ, ਸਰਕਾਰਾਂ ‘ਤੇ ਟੇਕ ਰੱਖਣੀ ਨਹੀਂ ਛੱਡਦਾ, ਉਸ ਦੀ ਤ੍ਰਾਸਦੀ ਦਾ ਉਦੋਂ ਤੱਕ ਕੋਈ ਹੱਲ ਨਹੀਂ ਹੋ ਸਕਦਾ।
ਅਜਿਹੇ ਵਿਚ ਕਿਸਾਨ ਨੂੰ ਆਪਣੀ ਮਾਨਸਿਕਤਾ ਵਿਚ ਤਬਦੀਲੀ ਲਿਆ ਕੇ ਮੰਡੀਕਰਨ ਦੇ ਨਵੇਂ ਮਾਰਗ ਤਲਾਸ਼ ਕਰਨੇ ਪੈਣਗੇ ਤੇ ਹੱਥੀਂ ਕੰਮ ਕਰਨ ਦੀ ਪਿਰਤ ਨੂੰ ਵੀ ਅਪਣਾਉਣਾ ਹੋਵੇਗਾ। ਮਿਸਾਲ ਵਜੋਂ ਕਣਕ ਦੀ ਬਿਜਾਈ ਉਪਰੰਤ ਅਪ੍ਰੈਲ ਤੱਕ ਕੋਈ ਕੰਮ ਨਹੀਂ ਹੁੰਦਾ ਸਿਰਫ਼ ਵਿਆਹ-ਸ਼ਾਦੀਆਂ, ਭੋਗ ਤੇ ਪਾਰਟੀਆਂ ਹੀ ਖਾਧੀਆਂ ਜਾਂਦੀਆਂ ਹਨ। ਜੇਕਰ ਇਸ ਸਮੇਂ ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਦਾਲਾਂ, ਸਬਜ਼ੀਆਂ ਆਦਿ ਪੈਦਾ ਕੀਤੀਆਂ ਜਾਣ ਜੋ ਕੁਆਲਿਟੀ ਪੱਖੋਂ ਬਾਜ਼ਾਰ ਨਾਲੋਂ ਚੰਗੀਆਂ ਤੇ ਜ਼ਹਿਰਾਂ ਦੇ ਅਸਰ ਤੋਂ ਮੁਕਤ ਹੋਣਗੀਆਂ, ਇਸ ਨਾਲ ਇਕ ਤਾਂ ਕਿਸਾਨ ਦਾ ਬਜਟ ਸੰਤੁਲਿਤ ਰਹੇਗਾ ਤੇ ਦੂਸਰਾ ਹੋਰ ਖਪਤਕਾਰ ਵੀ ਉਸ ਕੋਲੋਂ ਉਸ ਦੀ ਉਪਜ ਖਰੀਦਣ ਲਈ ਤਿਆਰ ਹੋਣਗੇ। ਇਸੇ ਤਰ੍ਹਾਂ ਕਣਕ ਦੀ ਵਾਢੀ ਕਰਕੇ ਝੋਨਾ ਲਗਾਉਣ ਤੱਕ ਦੇ ਵਿਹਲੇ ਸਮੇਂ ਦੀ ਸੁਯੋਗ ਵਰਤੋਂ ਕੀਤੀ ਜਾਵੇ।
ਇਸ ਸਬੰਧੀ ਸਰਕਾਰ ਛੋਟੇ ਕਿਸਾਨਾਂ ਦੇ ਹਿਤਾਂ ਨੂੰ ਮੁੱਖ ਰੱਖ ਕੇ ਨੀਤੀਆਂ ਬਣਾਏ, ਪਿੰਡ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹ ਦੇਣ ਲਈ ਟਾਰਗੈਟ ਦਿੱਤੇ ਜਾਣ। ਕਿਸਾਨਾਂ ਦੀ ਮਰਜ਼ੀ ਅਨੁਸਾਰ ਉਨ੍ਹਾਂ ਦੁਆਰਾ ਗੁੜ, ਸ਼ੱਕਰ, ਸਬਜ਼ੀਆਂ, ਦਾਲਾਂ, ਫਲ, ਮੁਰੱਬੇ, ਚਟਣੀਆਂ ਆਦਿ ਤਿਆਰ ਕਰਵਾ ਕੇ ਸਭਾਵਾਂ ਰਾਹੀਂ ਹੀ ਵੇਚੀਆਂ ਜਾਣ, ਜਿਸ ਨਾਲ ਮੰਡੀਕਰਨ ਦੀ ਸਮੱਸਿਆ ਵੀ ਹੱਲ ਹੋਵੇਗੀ ਤੇ ਕਿਸਾਨ ਦਾ ਸਾਰਾ ਪਰਿਵਾਰ ਰਲ ਕੇ ਚੰਗਾ ਕੰਮ ਕਰੇਗਾ ਤਾਂ ਹੀ ਕਿਸਾਨੀ ਆਰਥਿਕਤਾ ਵਿਚ ਆਏ ਨਿਘਾਰ ਨੂੰ ਠੱਲ੍ਹ ਪੈ ਸਕਦੀ ਹੈ।
ਅਮਰੀਕ ਸਿੰਘ ਢੀਂਡਸਾ
-ਮੋਬਾਈਲ : 94635-39590.
(Source Ajit)