ਪੰਜਾਬ ‘ਚ ਝੋਨੇ ਹੇਠਲਾ ਰਕਬਾ ਘਟਾਉਣ ਲਈ ਸਾਰਥਿਕ ਯਤਨਾਂ ਦੀ ਲੋੜ

55

rice-wisdom-002-homeਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣ ਦਾ ਮਾਮਲਾ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਵਿਸ਼ੇਸ਼ ਧਿਆਨ ਮੰਗਦਾ ਇਹ ਮਸਲਾ ਜੇਕਰ ਜਲਦੀ ਹੱਲ ਕਰਨ ਲਈ ਲੋੜੀਂਦੇ ਉਪਰਾਲੇ ਅਮਲ ‘ਚ ਨਾ ਲਿਆਂਦੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਧਰਤੀ ਉੱਪਰ ਹਰ ਪ੍ਰਾਣੀ ਦੀ ਹੋਂਦ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਹੀ ਸਥਿਤੀ ਵਿਚ ਰੱਖਣ ਲਈ ਝੋਨੇ ਹੇਠਲਾ ਰਕਬਾ ਘਟਾਉਣ ਦੇ ਲਗਾਤਾਰ ਪ੍ਰਚਾਰ ਕਰ ਰਹੀ ਹੈ ਪਰ ਇਸ ਸਬੰਧੀ ਕੋਈ ਠੋਸ ਅਤੇ ਢੁੱਕਵੇਂ ਕਦਮ ਨਾ ਚੁੱਕੇ ਜਾਣ ਕਾਰਣ ਮਾਮਲਾ ਜਿਉਂ ਦਾ ਤਿਉਂ ਹੈ ਜਿਸ ਨਾਲ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ। ਦਿਲਚਸਪ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ (ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ) ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਅੰਦਰ ਝੋਨੇ ਹੇਠਲਾ ਰਕਬਾ ਹਰ ਸਾਲ ਵਧ ਰਿਹਾ ਹੈ। ਜਿਸ ਤੋਂ ਸ਼ਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਮਸਲੇ ਦੇ ਹੱਲ ਲਈ ਬਿਲਕੁੱਲ ਹੀ ਗੰਭੀਰ ਨਹੀਂ ਹੈ ਅਤੇ ਸਰਕਾਰ ਵੱਲੋਂ ਝੋਨੇ ਹੇਠਲਾ ਰਕਬਾ ਘਟਾਉਟ ਦੇ ਪ੍ਰਚਾਰ ਸਿਰਫ ਸਰਕਾਰੀ ਫਾਈਲਾਂ ਅਤੇ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਹਨ।
ਇਕੱਤਰ ਜਾਣਕਾਰੀ ਅਨੁਸਾਰ ਸਾਲ 2009-10 ਵਿਚ ਪੰਜਾਬ ਅੰਦਰ 28 ਲੱਖ 2 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ। ਸਾਲ 2010-11 ਵਿਚ ਝੋਨੇ ਹੇਠਲਾ ਰਕਬਾ ਵਧਕੇ 28 ਲੱਖ 30 ਹਜ਼ਾਰ ਹੈਕਟੇਅਰ ਤੱਕ ਜਾ ਪੁੱਜਾ। ਸਾਲ 2011-12 ਵਿਚ ਪੰਜਾਬ ਅੰਦਰ 28 ਲੱਖ 18 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ। ਪਿਛਲੇ ਸਾਲ 2012-13 ਵਿਚ 28 ਲੱਖ 45 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਨੇ ਝੋਨਾ ਬੀਜਿਆ। ਸਰਕਾਰ ਵੱਲੋਂ ਇਸ ਸਾਲ 2013-14 ਵਿਚ ਝੋਨੇ ਹੇਠਲੇ ਰਕਬੇ ਨੂੰ ਘਟਾਕੇ 27 ਲੱਖ 50 ਹਜ਼ਾਰ ਹੈਕਟੇਅਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਪਰ ਇਸ ਸਮੇਂ ਜਿਸ ਰਫਤਾਰ ਨਾਲ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ ਉਸ ਤੋਂ ਇਸ ਰਕਬੇ ਵਿਚ ਕਮੀ ਆਉਣ ਦੀ ਸੰਭਾਵਨਾ ਮੱਧਮ ਦਿਖਾਈ ਦੇ ਰਹੀ ਹੈ। ਪੰਜਾਬ ਅੰਦਰ ਜੇਕਰ ਪਿਛਲੇ ਚਾਰ ਸਾਲਾਂ ਦੌਰਾਨ ਹੋਈ ਝੋਨੇ ਦੀ ਬਿਜਾਈ ਸਬੰਧੀ ਅੰਕੜੇ ਵੇਖੇ ਜਾਣ ਤਾਂ ਸਾਹਮਣੇ ਆਉਂਦਾ ਹੈ ਕਿ ਸੰਗਰੂਰ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਅਤੇ ਮੋਹਾਲੀ ਜ਼ਿਲ੍ਹੇ ਅੰਦਰ ਸਭ ਤੋਂ ਘੱਟ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ। ਸੰਗਰੂਰ ਜ਼ਿਲ੍ਹੇ ਅੰਦਰ ਸਾਲ 2009-10 ਵਿਚ 2 ਲੱਖ 71 ਹਜ਼ਾਰ, ਸਾਲ 2010-11 ਵਿਚ 2 ਲੱਖ 72 ਹਜ਼ਾਰ, ਸਾਲ 2011-12 ਵਿਚ 2 ਲੱਖ 74 ਹਜ਼ਾਰ ਅਤੇ ਸਾਲ 2012-13 ਵਿਚ 2 ਲੱਖ 76 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨਾ ਬੀਜਿਆ ਗਿਆ ਜਦਕਿ ਮੋਹਾਲੀ ਜ਼ਿਲ੍ਹੇ ਅੰਦਰ ਸਾਲ 2009-10 ਵਿਚ 30 ਹਜ਼ਾਰ, ਸਾਲ 2010-11 ਵਿਚ 37 ਹਜ਼ਾਰ, ਸਾਲ 2011-12 ਵਿਚ 32 ਹਜ਼ਾਰ ਅਤੇ ਸਾਲ 2012-13 ਵਿਚ 31 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ। ਮੁੱਖ ਮੰਤਰੀ ਪੰਜਾਬ (ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ) ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਅੰਦਰ ਸਾਲ 2009-10 ਵਿਚ 1 ਲੱਖ, ਸਾਲ 2010-11 ਵਿਚ 1 ਲੱਖ 11 ਹਜ਼ਾਰ, ਸਾਲ 2011-12 ਵਿਚ 1 ਲੱਖ 13 ਹਜ਼ਾਰ ਅਤੇ ਸਾਲ 2012-13 ਵਿਚ 1 ਲੱਖ 18 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਵੱਲੋਂ ਝੋਨਾ ਬੀਜਿਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਿਛਲੇ 4 ਸਾਲਾਂ ਦੌਰਾਨ ਹੋਈ ਝੋਨੇ ਦੀ ਬਿਜਾਈ ਦੇ ਅੰਕੜੇ ਦੱਸਦੇ ਹਨ ਮੁਕਤਸਰ ਜ਼ਿਲ੍ਹੇ ਅੰਦਰ ਹੀ ਝੋਨੇ ਦੀ ਬਿਜਾਈ ਵਾਲਾ ਰਕਬਾ ਹਰ ਸਾਲ ਵੱਡੀ ਮਾਤਰਾ ਵਿਚ ਵਧਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿਚ ਝੋਨੇ ਹੇਠਲੇ ਰਕਬੇ ਵਿਚ ਹਰ ਸਾਲ ਮਾਮੂਲੀ ਵਾਧਾ-ਘਾਟਾ ਹੋਇਆ ਹੈ। ਸੂਬੇ ਦੇ ਜ਼ਿਲ੍ਹਾ ਲੁਧਿਆਣਾ ਵਿਚ ਪਿਛਲੇ 4 ਸਾਲਾਂ ਦੌਰਾਨ 2009-10 ਤੋਂ 2012-13 ਤੱਕ ਹਰ ਸਾਲ ਇਕੋ ਜਿੰਨੇ ਰਕਬੇ 2 ਲੱਖ 57 ਹਜ਼ਾਰ ਹੈਕਟੇਅਰ ‘ਚ ਝੋਨੇ ਦੀ ਬਿਜਾਈ ਹੁੰਦੀ ਰਹੀ ਹੈ।
ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਸੂਬੇ ਅੰਦਰ ਝੋਨੇ ਹੇਠੋਂ ਰਕਬਾ ਕੱਢਕੇ ਹੋਰਨਾਂ ਫ਼ਸਲਾਂ ਮੱਕੀ, ਮੂੰਗਫਲੀ, ਗਵਾਰਾ, ਗੰਨਾ, ਨਰਮਾਂ ਅਤੇ ਦਾਲਾਂ ਆਦਿ ਦੀ ਬਿਜਾਈ ਕਰਵਾਉਣ ਲਈ ਯਤਨਸ਼ੀਲ ਹੋਣ ਦੇ ਦਾਅਵੇ ਕਰ ਰਹੇ ਹਨ ਅਤੇ ਇਸ ਮੰਤਵ ਨਾਲ ਕਿਸਾਨਾਂ ਨੂੰ ਮੱਕੀ ਦਾ ਬੀਜ ਮੁਫਤ ਦੇਣ, ਉਕਤ ਫ਼ਸਲਾਂ ਦੇ ਮਾਰਕੀਟਿੰਗ ਦੀ ਸਮੱਸਿਆ ਦੂਰ ਕਰਨ ਅਤੇ ਕਿਸਾਨਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਫਸਰਾਂ ਦੀ ਇਕ ਕਮੇਟੀ ਬਣਾਈ ਗਈ ਹੈ ਜਿਸ ਦੀ ਰਿਪੋਰਟ ਆਉਣ ਉਪਰੰਤ ਇਸ ਮਿਸ਼ਨ ‘ਤੇ ਅਗਲੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ 20 ਤੋਂ 25 ਫੀਸਦੀ ਤੱਕ ਪਾਣੀ ਦੀ ਬੱਚਤ ਹੋ ਸਕੇਗੀ।
ਇੱਥੇ ਜ਼ਿਕਰਯੋਗ ਹੈ ਕਿ ਝੋਨੇ ਦੀ ਫ਼ਸਲ ਨੂੰ ਬਿਜਾਈ ਤੋਂ ਕਟਾਈ ਤੱਕ 35 ਤੋਂ 40 ਪਾਣੀ ਲਗਦੇ ਹਨ। ਇਕ ਹੈਕਟੇਅਰ ਰਕਬੇ ਨੂੰ ਇਕ ਵਾਰ ਪਾਣੀ ਲਾਉਣ ਨਾਲ 7 ਲੱਖ ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਇਸ ਤਰ੍ਹਾਂ ਫ਼ਸਲ ਦੀ ਕਟਾਈ ਤੱਕ ਇਕ ਹੈਕਟੇਅਰ ਰਕਬੇ ਵਿਚ ਖੜ੍ਹੀ ਝੋਨੇ ਦੀ ਫ਼ਸਲ ਲਈ ਢਾਈ ਤੋਂ ਤਿੰਨ ਕਰੋੜ ਲੀਟਰ ਦੇ ਲਗਭਗ ਪਾਣੀ ਲਗਦਾ ਹੈ। ਝੋਨੇ ਦੀ ਇਕ ਕਿਲੋਗ੍ਰਾਮ ਫ਼ਸਲ ਦੀ ਪੈਦਾਵਾਰ ‘ਤੇ 4 ਹਜ਼ਾਰ ਲੀਟਰ ਪਾਣੀ ਖਪਤ ਹੁੰਦਾ ਹੈ।
ਜੇਕਰ ਪੰਜਾਬ ਅੰਦਰ ਇਸ ਸਾਲ ਸਰਕਾਰ ਦੇ ਟੀਚੇ ਅਨੁਸਾਰ ਹੀ ਝੋਨੇ ਦੀ ਬਿਜਾਈ ਹੋਣਾ ਮੰਨ ਲਿਆ ਜਾਵੇ ਤਾਂ 27 ਲੱਖ 50 ਹਜ਼ਾਰ ਹੈਕਟੇਅਰ ਰਕਬੇ ਵਿਚ ਖੜ੍ਹੀ ਫ਼ਸਲ ਨੂੰ ਇਕ ਵਾਰ ਪਾਣੀ ਲਾਉਣ ‘ਤੇ 1 ਕਰੋੜ 92 ਲੱਖ 50 ਹਜ਼ਾਰ ਲੀਟਰ ਪਾਣੀ ਦੀ ਜ਼ਰੂਰਤ ਪਵੇਗੀ। ਇਸ ਫ਼ਸਲ ਨੂੰ ਜੇਕਰ ਘੱਟੋ-ਘੱਟ 35 ਪਾਣੀ ਲੱਗਣੇ ਮੰਨ ਲਏ ਜਾਣ ਤਾਂ 67 ਕਰੋੜ 37 ਲੱਖ 50 ਹਜ਼ਾਰ ਲੀਟਰ ਪਾਣੀ ਖਪਤ ਹੋਵੇਗਾ। ਇੰਨੀ ਵੱਡੀ ਮਾਤਰਾ ਵਿਚ ਪਾਣੀ ਦਾ ਝੋਨੇ ਦੀ ਫ਼ਸਲ ‘ਤੇ ਲੱਗਣ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਗੜਬੜ ਹੋਣੀ ਸੁਭਾਵਿਕ ਹੈ ਅਤੇ ਇਸ ਨਾਲ ਭਵਿੱਖ ‘ਤੇ ਕੀ ਅਸਰ ਪਵੇਗਾ ਇਸਦਾ ਅਨੁਮਾਨ ਲਾਉਣਾ ਕੋਈ ਔਖਾ ਨਹੀਂ ਹੈ।
ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਇਸ ਗੰਭੀਰ ਮਸਲੇ ਵੱਲ ਵਿਸ਼ੇਸ਼ ਧਿਆਨ ਦੇ ਕੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਲਈ ਪ੍ਰੇਰਿਤ ਕਰਦਿਆਂ ਬਦਲਵੀਆਂ ਫ਼ਸਲਾਂ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਦਾ ਅਗਾਊਂ, ਠੋਸ ਅਤੇ ਪੱਕਾ ਹੱਲ ਕਰਕੇ ਸਾਰਥਿਕ ਯਤਨ ਅਮਲ ‘ਚ ਲਿਆਉਣੇ ਚਾਹੀਦੇ ਹਨ।

-ਮੋਬਾਈਲ : 98721-00431.
ਪ੍ਰਿਤਪਾਲ ਸਿੰਘ ਮਾਨਸਾ