ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਹੋਈ 10 ਸਾਲ ਦੀ ਫੌਰੈਂਸਿਕ ਸਜ਼ਾ

115

ਆਸਟਰੇਲੀਆ ‘ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਫੌਰੈਂਸਿਕ ਸਜ਼ਾ ਸੁਣਾਈ ਗਈ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਐਨਥਨੀ ਓ ਡੋਨੋਹੀਉ ਨੂੰ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਕਤਲ ਕਰਨ ਅਤੇ ਹੋਰ 14 ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ। ਕੋਰਟ ਵੱਲੋਂ ਸੁਣਾਏ ਗਏ ਫੈਸਲੇ ਤੇ ਮਨਮੀਤ ਦੇ ਭਰਾ ਦਾ ਕਹਿਣਾ ਹੈ ਕਿ ਉਹ ਕੋਰਟ ਦੇ ਇਸ ਫੈਸਲੇ ਤੋਂ ਬਿਲਕੁਲ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਪੂਰੇ ਦੋ ਸਾਲ ਹੋ ਗਏ ਗਵਾਹੀਆਂ ਤੇ ਆਉਂਦਿਆਂ ਸਿਰਫ ਇਸ ਉਮੀਦ ‘ਚ ਕਿ ਉਨ੍ਹਾਂ ਦੇ ਭਰਾ ਦੇ ਕਤਲ ਨੂੰ ਫਾਂਸੀ ਜਾਂ ਫੇਰ ਉਮਰ-ਕੈਦ ਦੀ ਸਜ਼ਾ ਸੁਣਾਈ ਜਾਵੇ। ਪਰ ਜਦੋਂ ਮੈਂਟਲ ਕੋਰਟ ਨੇ ਇਹ ਫੈਸਲਾ ਸੁਣਾਇਆ ਤਾਂ ਮੰਨ ਬਹੁਤ ਉਦਾਸ ਹੋਇਆ। ਇਸ ਮੁੱਦੇ ਤੇ ਮਨਮੀਤ ਅਲੀਸ਼ੇਰ ਦੇ ਦੋਸਤ ਵਿਨਰਜੀਤ ਗੋਲਡੀ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਦੋਸ਼ੀ ਨੂੰ ਸਜ਼ਾ-ਏ-ਮੌਤ ਦਿੱਤੀ ਜਾਵੇ ਪਰ ਆਸਟ੍ਰੇਲੀਆ ਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦੇਂਦਾ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ 6 ਡਾਕਟਰਾਂ ਨੇ ਟੈਸਟ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਜੇਕਰ ਉਹ ਇੰਨੇ ਸਾਲਾਂ ਤੋਂ ਠੀਕ ਨਹੀਂ ਹੈ ਤਾਂ ਇਸ ਦੀ ਜਿੰਮੇਵਾਰੀ ਕਿਸਦੀ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਇਹ ਲੜਾਈ ਜਾਰੀ ਰੱਖਣਗੇ।

ਕੀ ਹੈ ਫੌਰੈਂਸਿਕ ਸਜ਼ਾ?

ਇਹ ਕੇਸ ਕੁਈਨਜ਼ਲੈਂਡ ਦੇ ਮਾਨਸਿਕ ਸਿਹਤ ਅਦਾਲਤ ਨੂੰ ਦਿੱਤਾ ਗਿਆ ਸੀ, ਜਿਸ ਚ ਦੱਸਿਆ ਕਿ ਜਿਸ ਸਮੇਂ ਇਹ ਸਭ ਹੋਇਆ ਓਦੋਂ ਡੋਨੋਹੁਈ ਦੇ ਮਾਨਸਿਕ ਹਾਲਤ ਠੀਕ ਨਹੀਂ ਸਨ। ਇਸਦਾ ਮਤਲਬ ਹੈ ਕਿ ਉਸਨੂੰ ਇੱਕ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਸ ਦੇ ਵਿਰੁੱਧ ਦੋਸ਼ਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ, ਜੱਜ ਜੀਨ ਡਾਲਟਨ ਨੇ ਡੋਨੋਹੁਈ ਨੂੰ ਮਾਨਸਿਕ ਸਿਹਤ ਪਾਰਕ ‘ਚ ਰੱਖਣ ਦੇ ਆਦੇਸ਼ ਦਿੱਤੇ ਅਤੇ ਉਸ ਦਾ ਇਲਾਜ ਕਰਵਾਉਣ ਲਈ ਕਿਹਾ। ਇਸ ਤੇ ਹੋਰ ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ ‘ਤੇ, 10 ਸਾਲ ਲਈ ਇਸ ਆਰਡਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ

ਕੀ ਸੀ ਪੂਰਾ ਮਾਮਲਾ:

ਸ਼ਹਿਰ ਬ੍ਰਿਸਬੇਨ ‘ਚ 28 ਅਕਤੂਬਰ 2016 ਨੂੰ ਇੱਕ ਪੰਜਾਬੀ ਨੌਜਵਾਨ ਨੂੰ ਅੱਗ ਲਾ ਕੇ ਜਿੰਦਾ ਸਾੜ ਦਿੱਤਾ ਗਿਆ। ਮ੍ਰਿਤਕ ਦਾ ਨਾਮ ਮਨਮੀਤ ਅਲੀਸ਼ੇਰ ਸੀ ਤੇ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਅਲ਼ੀਸ਼ੇਰ ਦਾ ਰਹਿਣ ਵਾਲਾ ਸੀ। ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿੱਚ ਬੱਸ ਡਰਾਈਵਰ ਸੀ। ਮਿਲੀ ਜਾਣਕਾਰੀ ਅਨੁਸਾਰ ਮਨਮੀਤ ਬੱਸ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਬੱਸ ਵਿੱਚ ਸਵਾਰ ਇੱਕ ਵਿਅਕਤੀ ਉੱਠਿਆ ਤੇ ਉਸ ਨੇ ਮਨਮੀਤ ਉੱਤੇ ਕੋਈ ਜਲਣਸ਼ੀਲ ਪਦਾਰਥ ਪਾ ਦਿੱਤਾ। ਇਸ ਕਾਰਨ ਉਸ ਨੂੰ ਅੱਗ ਲੱਗ ਗਈ ਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ ਸੀ । ਘਟਨਾ ਸਮੇਂ ਬੱਸ ਵਿੱਚ ਛੇ ਸਵਾਰੀਆਂ ਸਨ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਇੱਕ ਟੈਕਸੀ ਡਰਾਈਵਰ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਬੱਸ ਵਿੱਚ ਦਾਖਲ ਹੋ ਕੇ ਸਵਾਰੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਵੀ ਕੀਤੀ ਸੀ । ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ ‘ਚ ਬੱਸ ਡਰਾਈਵਰ ਸੀ, ਉਸ ਮਨਹੂਸ ਦਿਨ ਨੂੰ ਯਾਦ ਕਰ ਕੇ ਉਸ ਦੇ ਮਾਪੇ ਅੱਜ ਵੀ ਦੁਖੀ ਹੋ ਜਾਂਦੇ ਹਨ। ਦੋਸ਼ੀ ਨੇ ਹੋਰ 14 ਵਿਅਕਤੀਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਜਾਨ ਬਚ ਗਈ। ਹੁਣ ਇਸ ਮਾਮਲੇ ‘ਚ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਫੌਰੈਂਸਿਕ ਸਜ਼ਾ ਸੁਣਾਈ ਗਈ