ਪੰਚਾਇਤ ਘਰ ਟਿੱਬਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

52

ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਖੇਤਾਂ ਵਿਚ ਸਾੜਨ ਤੋਂ ਰੋਕਣ ਵਾਸਤੇ ਗਰੀਨ ਟਿ੍ਬਿਊਨਲ ਕੇਂਦਰ ਸਰਕਾਰ ਵੱਲੋਂ ਲਏ ਸਖ਼ਤ ਫੈਸਲੇ ਜਿਸ ਵਿਚ ਸੂਬਾ ਸਰਕਾਰਾਂ ਨੂੰ ਖੇਤੀ ਰਹਿੰਦ ਖੂੰਹਦ ਖੇਤਾਂ ਵਿਚ ਸਾੜਣ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ, ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਕਪੂਰਥਲਾ ਨੇ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਇਸੇ ਸਿਲਸਿਲੇ ਵਿਚ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਮੁੱਖ ਖੇਤੀਬਾੜੀ ਅਫ਼ਸਰ ਰਵੇਲ ਸਿੰਘ ਦੀ ਅਗਵਾਈ ਵਿਚ ਪੰਚਾਇਤ ਘਰ ਟਿੱਬਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਅਫ਼ਸਰ ਜਸਬੀਰ ਸਿੰਘ ਨੇ ਦੱਸਿਆ ਕਿ ਅੱਗ ਲਗਾਉਣ ਤੋਂ ਰੋਕਣ ਵਾਸਤੇ ਸਬ ਡਵੀਜ਼ਨ ਪੱਧਰ ‘ਤੇ ਹੁਣ ਤੋਂ ਹੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕੰਬਾਈਨ ਮਾਲਕਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਕੰਬਾਈਨ ਦੇ ਨਾਲ ਸਟਰਾਅ ਪ੍ਰਬੰਧਨ ਪ੍ਰਣਾਲੀ (ਐਸ.ਐਮ.ਐਸ.) ਜੋੜਨ, ਕਿਉਂ ਕ ਬਗੈਰ ਪ੍ਰਬੰਧਨ ਦੇ ਕੋਈ ਵੀ ਕੰਬਾਈਨ ਖੇਤ ਵਿਚ ਨਹੀਂ ਚੱਲ ਸਕੇਗੀ | ਉਨ੍ਹਾਂ ਦੱਸਿਆ ਕਿ ਕੰਬਾਈਨ ਝੋਨਾ ਕੱਟਦੇ ਸਮੇਂ ਪਿੱਛੇ ਬਚੇ ਰਹਿੰਦ ਖੂੰਹਦ ਨੂੰ ਕੱਟ ਦੇਵੇਗੀ ਤੇ ਕਣਕ ਬੀਜਣ ਵਾਲੇ ਕਿਸਾਨ ਬਗੈਰ ਖੇਤ ਨੂੰ ਵਾਹੇ ਹੈਪੀ ਸੀਡਰ ਨਾਲ ਬਿਜਾਈ ਕਰ ਸਕਦਾ ਹੈ | ਸਬਜ਼ੀ ਬੀਜਣ ਵਾਲੇ ਕਿਸਾਨ ਮਲਚਰ ਕਰਕੇ ਤੇ ਉਲਟਾਵੇ ਹੱਲ ਨਾਲ ਜ਼ਮੀਨ ਵਾਹ ਕੇ ਅਸਾਨੀ ਨਾਲ ਸਬਜ਼ੀ ਬੀਜ ਸਕਦੇ ਹਨ | ਸਮਾਗਮ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਸਥਾਰ ਅਫ਼ਸਰ ਪਰਮਿੰਦਰ ਕੁਮਾਰ ਨੇ ਖੇਤਾਂ ਵਿਚ ਪਰਾਲੀ ਵਾਹੁਣ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਿਸਾਨਾਂ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਬਲਬੀਰ ਸਿੰਘ ਭਗਤ ਟਿੱਬਾ, ਮੰਗਲ ਸਿੰਘ ਅਮਰਕੋਟ, ਰਣਜੀਤ ਸਿੰਘ ਬਿਧੀਪੁਰ ਨੰਬਰਦਾਰ, ਸਵਰਨ ਸਿੰਘ ਟਿੱਬਾ ਨੰਬਰਦਾਰ, ਹਰਪ੍ਰੀਤ ਸਿੰਘ ਸਬ ਇੰਸਪੈਕਟਰ, ਯਾਦਵਿੰਦਰ ਸਿੰਘ ਬੀ.ਟੀ.ਐਮ., ਪ੍ਰਦੀਪ ਕੌਰ, ਮਨਜਿੰਦਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਵੀ ਹਾਜ਼ਰ ਸਨ |