ਸੀਚੇਵਾਲ ੨ ਨਵੰਬਰ ਪਿੰਡਾਂ ਦੇ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਬੋਲਣ ਦੇ ਝਾਕੇ ਨੂੰ ਖੋਲ੍ਹਦਿਆ ਕਨੇਡਾ ਤੋਂ ਆਏ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਨੇ ਦੱਸਿਆ ਕਿ ਮਾਂ ਬੋਲੀ ਪੰਜਾਬੀ ‘ਤੇ ਪਕੜ ਬਣਾਉਣ ਦੇ ਨਾਲ ਹੀ ਦੁਨੀਆਂ ਦੀਆਂ ਹੋਰ ਜ਼ੁਬਾਨਾਂ ‘ਤੇ ਪਕੜ ਬਣਾਈ ਜਾ ਸਕਦੀ ਹੈ। ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਸੀਚੇਵਾਲ ਵਿੱਚ ਉਚੇਚੇ ਤੌਰ ‘ਤੇ ਆਏ ਪ੍ਰੋ: ਵਿਰਦੀ ਕਨੇਡਾ ‘ਚ ਜੀਟੀਪੀ ਮਾਰਵਲੱਸ ਕਾਲਜ ਯਾਰਕ ਸ਼ੈਂਟਰ ਸਰੀ ਦੇ ਸੰਚਾਲਕ ਹਨ। ਉਨ੍ਹਾਂ ਦੇ ਇੱਥੇ ਆਉਣ ‘ਤੇ ਕਾਲਜ ਵੱਲੋਂ ਵਿਸ਼ੇਸ਼ ਤੌਰ ‘ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ ਸੀ।ਇਸ ਦਾ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਸਿੱਖਣ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਸੀ। ਪ੍ਰੋ. ਵਿਰਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸਿੱਖਣਾ ਕੋਈ ਔਖਾ ਕੰਮ ਨਹੀ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਵਿਦਿਆਰਥੀ ਪਹਿਲਾ ਪੰਜਾਬੀ ਦੀ ਵਿਆਕਰਣ ‘ਤੇ ਆਪਣੀ ਪਕੜ ਮਜ਼ਬੂਤ ਕਰਨ ਫਿਰ ਅੰਗਰੇਜ਼ੀ ਦੀ ਵਿਆਕਰਣ ਆਪੇ ਹੀ ਉਨ੍ਹਾਂ ਦੀ ਸਮਝ ਵਿੱਚ ਪੈ ਜਾਵੇਗੀ । ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ‘ਚ ਛੋਟੀਆਂ-ਛੋਟੀਆਂ ਵਾਰਤਾਲਾਪ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਉਹਨਾਂ ਅੰਗਰੇਜ਼ੀ ਭਾਸ਼ਾ ਨੂੰ ਰੌਚਕ ਢੰਗ ਨਾਲ ਪੜ੍ਹਾਏ ਜਾਣ ਤੇ ਵਿਸ਼ੇਸ਼ ਤੌਰ ‘ਤੇ ਜ਼ੋਰ ਦਿੱਤਾ। ਸਮਾਗਮ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਹਰਬੰਸ ਸਿੰਘ ਚਾਹਲ ਨੇ ਪ੍ਰੋ. ਵਿਰਦੀ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦੇ ਅੰਤ ਤੇ ਸੰਤ ਸੀਚੇਵਾਲ ਨੇ ਪ੍ਰੋ. ਵਿਰਦੀ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਦੇਣ ਲਈ ਵੀ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰੋ. ਵਿਰਦੀ ਦਾ ਸਨਮਾਨ ਵੀ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਕੁਲਵਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।