ਪ੍ਰਸ਼ਾਸਨ ਨੇ ਅਣਅਧਿਕਾਰਤ ਕਲੋਨੀਆਂ ਦੇ ਦਫ਼ਤਰ ਤੇ ਸੜਕਾਂ ਢਾਹੀਆਂ *

49

ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ ਖੂੰਬਾਂ ਵਾਂਗ ਬਣੀਆਂ ਕਲੋਨੀਆਂ ਦੀ ਅੱਜ ਐਸ.ਡੀ.ਐਮ ਸੁਲਤਾਨਪੁਰ ਲੋਧੀ ਸ: ਕੁਲਦੀਪ ਸਿੰਘ ਚੰਦੀ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਅਮਰਨਾਥ ਵੱਲੋਂ ਆਪਣੇ ਅਮਲੇ ਨਾਲ ਢਾਹ ਢੁਆਈ ਕੀਤੀ ਗਈ। ਇਸ ਮੌਕੇ ਜੇ. ਸੀ ਬੀ ਮਸ਼ੀਨ ਮੰਗਵਾਈ ਗਈ ਤੇ ਅਣਅਧਿਕਾਰਤ ਕਲੋਨੀਆਂ ਵਿਚ ਬਣੀਆਂ ਸੜਕਾਂ ਅਤੇ ਇਨ੍ਹਾਂ ਦੇ ਦਫ਼ਤਰ ਢਾਹੇ ਗਏ। ਇਸ ਤੋਂ ਇਲਾਵਾ ਬਿਜਲੀ ਦੇ ਖੰਭੇ ਵੀ ਪੁੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਅਮਰਨਾਥ ਨੇ ਦੱਸਿਆ ਕਿ ਇਨ੍ਹਾਂ ਕਲੋਨੀਆਂ ਦੇ ਮਾਲਕਾਂ ਨੇ ਕੋਈ ਵੀ ਮਾਨਤਾ ਹਾਸਲ ਨਹੀਂ ਕੀਤੀ ਹੋਈ ਤੇ ਇਹ ਕਲੋਨੀਆਂ ਸਰਕਾਰ ਦੇ ਨਿਯਮਾਂ ਵਿਰੁੱਧ ਬਣੀਆਂ ਹਨ। ਤਲਵੰਡੀ ਚੌਧਰੀਆਂ ਦੇ ਸਰਪੰਚ ਹਰਜਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਨ੍ਹਾਂ ਕਲੋਨੀਆਂ ਵਿਚ ਲੋਕਾਂ ਦੀ ਸਹੂਲਤ ਲਈ ਕੋਈ ਵੀ ਮੁੱਢਲੀ ਸਹੂਲਤ ਦਾ ਪ੍ਰਬੰਧ ਨਹੀਂ ਹੈ ਤੇ ਕਲੋਨੀ ਮਾਲਕ ਪੈਸੇ ਵੱਟ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਉਨ੍ਹਾਂ ਪ੍ਰਸਾਸ਼ਨ ਪਾਸੋਂ ਅਜਿਹੀਆਂ ਕਲੋਨੀਆਂ ਵਿਰੁੱਧ ਹੋਰ ਠੋਸ ਕਾਰਵਾਈ ਦੀ ਮੰਗ ਕੀਤੀ।