ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੁਲਤਾਨਪੁਰ ਲੋਧੀ ਇਕਾਈ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਤੇ ਹੋਰ ਬੁਲਾਰਿਆ ਨੇ ਕਿਹਾ ਕਿ ਪੈਨਸ਼ਨਰਜ਼ ਨੂੰ ਬੈਂਕਾਂ ਵੱਲੋਂ ਆਉਂਦੀਆਂ ਮੁਸ਼ਕਿਲਾਂ ਬਾਰੇ ਦੱਸਦਿਆਂ ਬੁਲਾਰਿਆਂ ਨੇ ਦੱਸਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਪੈਨਸ਼ਨਰਜ਼ ਨੂੰ ਬਣਦਾ ਸਤਿਕਾਰ ਤਾਂ ਨਹੀਂ ਮਿਲਦਾ ਸਗੋਂ ਵਿਵਹਾਰ ਵੀ ਨਿੰਦਣਯੋਗ ਹੁੰਦਾ ਹੈ। ਪੈਨਸ਼ਨਰਜ਼ ਆਗੂਆਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਦੁਬਾਰਾ ਸੱਤਾ ਵਿਚ ਆਉਣ ਨਾਲ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਨਹੀਂ ਚੱਲ ਸਕਦਾ। ਇਸ ਕਰਕੇ ਜੇਕਰ ਸਰਕਾਰ ਨੇ ਪੈਨਸ਼ਨਰਜ਼ ਦੇ ਬਕਾਏ ਅਤੇ ਹੋਰ ਤਰੁੱਟੀਆਂ ਦੂਰ ਕਰਨ ਲਈ ਅਜਿਹਾ ਕੋਈ ਬਹਾਨਾ ਕੀਤਾ ਤਾਂ ਪੈਨਸ਼ਨਰਜ਼ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਘੇਰਨ ਦੀ ਤਿਆਰੀ ਕਰ ਲਈ ਹੈ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇਵਲ ਸਿੰਘ, ਪਨੂੰ ਰਾਮ, ਸੁਮਨ ਪ੍ਰਧਾਨ ਸੁਲਤਾਨਪੁਰ ਲੋਧੀ, ਮਾਸਟਰ ਸੁੱਚਾ ਸਿੰਘ, ਮਿਰਜਾਪੁਰ ਜਨਰਲ ਸਕੱਤਰ, ਜਸਜੀਤ ਸਿੰਘ, ਸੁਲਤਾਨਪੁਰ ਲੋਧੀ, ਮਾਸਟਰ ਗੁਰਬਚਨ ਸਿੰਘ, ਮਾਸਟਰ ਸੋਹਣ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।