ਪਿੰਡ ਬੂੜੇਵਾਲ ਦੀ ਇਕ ਵਿਆਹੁਤਾ ਔਰਤ ਤੇ ਆਂਗਨਵਾੜੀ ਹੈਲਪਰ ਵਜੋਂ ਕੰਮ ਕਰਦੀ ਕੁਲਵਿੰਦਰ ਕੌਰ (40) ਦਾ ਉਸ ਦੇ ਪਤੀ ਗੁਰਦੀਪ ਸਿੰਘ ਨੇ ਬੀਤੀ ਰਾਤ ਕਤਲ ਕਰ ਦਿੱਤਾ | ਘਟਨਾ ਦੀ ਸੂਚਨਾ ਮਿਲਣ ਉਪਰੰਤ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸ੍ਰੀ ਮਨਦੀਪ ਸਿੰਘ ਤੇ ਐੱਸ. ਐੱਚ.ਓ. ਤਲਵੰਡੀ ਚੌਧਰੀਆਂ ਸ: ਸ਼ਿਵਕਮਲ ਸਿੰਘ ਨੇ ਮਿ੍ਤਕ ਕੁਲਵਿੰਦਰ ਕੌਰ ਦੇ ਪੁੱਤਰ ਜਸਪਾਲ ਸਿੰਘ ਦੇ ਬਿਆਨਾਂ ‘ਤੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਕਥਿਤ ਦੋਸ਼ੀ ਗੁਰਦੀਪ ਸਿੰਘ ਵਿਰੁੱਧ ਧਾਰਾ 302, 201 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਡੀ. ਐੱਸ. ਪੀ. ਅਨੁਸਾਰ ਜਸਪਾਲ ਸਿੰਘ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ ਅਤੇ ਮਾਂ ਕੁਲਵਿੰਦਰ ਕੌਰ ਖੇਤਾਂ ਵਿਚ ਬਾਲਣ ਲੈਣ ਗਏ ਸਨ ਅਤੇ ਰਾਤ ਘਰ ਵਾਪਿਸ ਨਾ ਆਏ | ਅੱਜ ਸਵੇਰੇ ਉਨ੍ਹਾਂ ਦੇ ਪਿਤਾ ਦਾ ਫੋਨ ਆਇਆ ਕਿ ਤੁਹਾਡੀ ਮਾਂ ਮੈਂ ਮਾਰ ਦਿੱਤੀ ਹੈ ਅਤੇ ਉਸ ਦੀ ਲਾਸ਼ ਬਲਦੇਵ ਸਿੰਘ ਦੇ ਖੇਤਾਂ ਵਿਚ ਕੱਖਕਾਨ ਹੇਠ ਲਕੋਈ ਪਈ ਹੈ | ਸ਼ਿਵ ਕੇਵਲ ਸਿੰਘ ਅੱੈਸ. ਐੱਚ. ਓ ਤਲਵੰਡੀ ਚੌਧਰੀਆਂ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮੌਕੇ ‘ਤੇ ਜਾ ਕੇ ਲਾਸ਼ ਬਰਾਮਦ ਕੀਤੀ ਅਤੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤੀ ਹੈ |