ਸਿਆਣਿਆਂ ਦਾ ਕਥਨ ਹੈ ਕਿ ਘਰ ਦੇ ਭਾਗ ਉਸ ਦੀ ਡਿਉੜੀ ਤੋਂ ਪਤਾ ਲੱਗ ਜਾਂਦੇ ਹਨ। ਪਿੰਡ ਠੱਟਾ ਨਵਾਂ ਦੇ ਵਸਨੀਕਾਂ ਦੀਆਂ ਕੋਠੀਆਂ ਤਾਂ ਅਲੀਸ਼ਾਨ ਢੰਗ ਨਾਲ ਬਣੀਆਂ ਹੋਈਆਂ ਹਨ ਪਰ ਕੁੱਝ ਲੋਕਾਂ ਦੀ ਅਣ-ਗਹਿਲੀ ਕਾਰਨ ਪਿੰਡ ਦੀ ਡਿਉੜੀ ਦੀ ਹਾਲਤ ਬਹੁਤ ਮਾੜੀ ਸੀ। ਬੂਲਪੁਰ ਤੋਂ ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਸੜ੍ਹਕ ਤੇ ਪਈ ਰੂੜੀ ਪਿੰਡ ਦੀ ਦਿੱਖ ਨੂੰ ਬਹੁਤ ਖਰਾਬ ਕਰ ਰਹੀ ਸੀ। ਪਿੰਡ ਦਾ ਖੇਡ ਮੈਦਾਨ ਕਈ ਸਾਲਾਂ ਤੋਂ ਬੇ-ਅਬਾਦ ਪਿਆ ਸੀ। ਅਕਸਰ ਹੀ ਬਰਸਾਤਾਂ ਵਿੱਚ ਇਹ ਖੇਡ ਮੈਦਾਨ ਛੱਪੜ ਦਾ ਰੂਪ ਇਖਤਿਆਰ ਕਰ ਲੈਂਦਾ ਸੀ। ਨੌਜਵਾਨ ਵਰਗ ਰੋਜ਼ਾਨਾਂ 3 ਕਿਲੋ ਮੀਟਰ ਚੱਲ ਕੇ ਦੂਸਰੇ ਪਿੰਡ ਵਿੱਚ ਖੇਡਣ ਜਾਂਦੇ ਸਨ। ਇਸ ਦਰਦ ਨੂੰ ਪਛਾਣਦਿਆਂ ਹਰਪ੍ਰੀਤ ਸਿੰਘ ਥਿੰਦ (ਹੈਪੀ ਰਿਜ਼ੌਰਟਸ) ਨੇ ਨੌਜਵਾਨਾਂ ਦਾ ਇਕੱਠ ਕਰਨਾ ਸ਼ੁਰੂ ਕੀਤਾ ਅਤੇ ਆਪਣੇ ਦਿਲ ਦਾ ਉਬਾਲ, ਜੋ ਪਿੰਡ ਦੀ ਦੁਰਗਤੀ ਦੇਖ ਕੇ ਉਹਨਾਂ ਦੇ ਮਨ ਵਿੱਚ ਉੱਬਲ ਰਿਹਾ ਸੀ, ਪ੍ਰਗਟ ਕੀਤਾ। ਨੌਜਵਾਨ ਵਰਗ ਪਿੰਡ ਦੇ ਵਿਕਾਸ ਵਿੱਚ ਕੁੱਦ ਪਿਆ। ਸ਼ੁਰੂਆਤ ਪਿੰਡ ਦੀ ਫਿਰਨੀ ਦੀ ਸਫਾਈ ਤੋਂ ਕੀਤੀ ਗਈ। ਉਪਰੰਤ ਪੁਰਾਣਾ ਠੱਟਾ ਨੂੰ ਜਾਂਦੀ ਸੜ੍ਹਕ ਅਤੇ ਸ਼ਮਸ਼ਾਨ ਘਾਟ ਦੀ ਸਫਾਈ ਕਰਵਾਈ ਗਈ। ਪਰ ਸ. ਹਰਪ੍ਰੀਤ ਸਿੰਘ ਥਿੰਦ ਨੂੰ ਅਜੇ ਵੀ ਚੈਨ ਨਹੀਂ ਸੀ ਆ ਰਿਹਾ। ਆਖਰ ਉਹਨਾਂ ਨੇ ਪਿੰਡ ਦੇ ਖੇਡ ਮੈਦਾਨ ਨੂੰ ਉੱਨਤ ਕਰਨ ਲਈ ਪਿੰਡ ਦੇ ਨੌਜਵਾਨਾਂ ਨੂੰ ਹਾਕ ਮਾਰੀ। ਪ੍ਰਸਾਸ਼ਨ ਅਤੇ ਗਰਾਮ ਪੰਚਾਇਤ ਵੱਲੋਂ ਪਾਸਾ ਵੱਟ ਲੈਣ ਤੇ ਸਮੂਹ ਨੌਜਵਾਨ ਵਰਗ ਨੇ ਆਪਣੇ ਕੋਲੋਂ ਉਗਰਾਹੀ ਕਰਕੇ ਮਿਤੀ 20 ਮਾਰਚ 2013 ਦਿਨ ਬੁੱਧਵਾਰ ਨੂੰ ਖੇਡ ਮੈਦਾਨ ਵਿੱਚ 150 ਟਰਾਲੀਆਂ ਮਿੱਟੀ ਦੀਆਂ ਪਵਾਉਣ ਲਈ ਜੇ.ਸੀ.ਬੀ. ਮਸ਼ੀਨ ਲਗਵਾ ਦਿੱਤੀ। ਨੌਜਵਾਨਾਂ ਦੀ ਇਸ ਪਹਿਲ ਕਦਮੀ ਨੂੰ ਦੇਖਦਿਆਂ ਪਿੰਡ ਵਾਸੀਆਂ ਦਾ ਹਜ਼ੂਮ ਖੇਡ ਮੈਦਾਨ ਵਿੱਚ ਉਮੜ ਪਿਆ ਤੇ ਹਰ ਪਾਸਿਓਂ ਹਰਪ੍ਰੀਤ ਸਿੰਘ ਥਿੰਦ ਨੂੰ ਹੱਲਾ ਸ਼ੇਰੀ ਮਿਲਣ ਲੱਗ ਪਈ। ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਪਿੰਡ ਵਿੱਚੋਂ ਵੀ ਉਗਰਾਹੀ ਕਰਨ ਲਈ ਬੇਨਤੀ ਕੀਤੀ। ਸ.ਜਗਜੀਤ ਸਿੰਘ ਜੱਗਾ (ਕਨੇਡਾ), ਸ. ਜਸਬੀਰ ਸਿੰਘ ਥਿੰਦ (ਆਸਟਰੇਲੀਆ) ਅਤੇ ਅਜੀਤ ਸਿੰਘ ਥਿੰਦ (ਇਟਲੀ) ਨੇ ਨੌਜਵਾਨਾਂ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਸ. ਹਰਪ੍ਰੀਤ ਸਿੰਘ ਥਿੰਦ ਨੇ ਆਖਿਆ ਕਿ ਆਪ ਜੀ ਵੱਲੋਂ ਸਹਿਯੋਗ ਦੇ ਰੂਪ ਵਿੱਚ ਮਿਲੀ ਰਾਸ਼ੀ ਦਾ ਇੱਕ-ਇੱਕ ਪੈਸਾ ਪਾਰਦਰਸ਼ੀ ਢੰਗ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਲਗਾਇਆ ਜਾਵੇਗਾ। ਸਮੂਹ ਪਿੰਡ ਵਾਸੀਆਂ ਅਤੇ ਵਿਦੇਸ਼ਾਂ ਵੀਰਾਂ ਦੇ ਭਰਪੂਰ ਸਹਿਯੋਗ ਨਾਲ ਇਹ ਸਾਰਾ ਕਾਰਜ ਚੱਲ ਰਿਹਾ ਹੈ। ਸਮੂਹ ਵਿਦੇਸ਼ੀ ਵੀਰਾਂ ਨੂੰ ਨੌਜਵਾਨਾਂ ਵੱਲੋਂ ਬੇਨਤੀ ਹੈ ਕਿ ਹਰਪ੍ਰੀਤ ਸਿੰਘ ਥਿੰਦ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਇਸ ਵਿਕਾਸ ਦੇ ਕੰਮ ਵਿੱਚ ਆਪਣਾ-ਆਪਣਾ ਬਣਦਾ ਯੋਗਦਾਨ ਪਾਇਆ ਜਾਵੇ ਅਤੇ ਪਿੰਡ ਦੇ ਵਿਕਾਸ ਦੀ ਡਗਮਗਾ ਰਹੀ ਵਿਕਾਸ ਦੀ ਕਿਸ਼ਤੀ ਨੂੰ ਕਿਨਾਰੇ ਲਗਾਇਆ ਜਾਵੇ।