ਗਰਾਮ ਪੰਚਾਇਤ ਚੋਣਾਂ ਦੇ ਮੱਦੇ ਨਜ਼ਰ ਅੱਜ ਸਵੇਰੇ 7:30 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਗਰ ਦਾ ਇੱਕ ਇਕੱਠ ਬੁਲਾਇਆ ਗਿਆ। ਜਿਸ ਵਿੱਚ ਸਾਰੇ ਹੀ ਨਗਰ ਨੇ ਸ਼ਿਰਕਤ ਕੀਤੀ ਅਤੇ ਪੰਚਾਇਤੀ ਚੋਣਾਂ ਬਾਰੇ ਖੁੱਲ੍ਹ ਕੇ ਵਿਚਾਰ ਕੀਤੀ ਗਈ। ਪਿੰਡ ਦੇ ਸੂਝਵਾਨ ਅਤੇ ਸਿਆਣੇ ਮੋਢੀਆਂ ਵੱਲੋਂ ਸਰਬਸੰਮਤੀ ਕਰਵਾਉਣ ਤੇ ਜ਼ੋਰ ਦਿੱਤਾ ਗਿਆ। ਪੰਚਾਇਤੀ ਚੋਣਾਂ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਕੁੱਝ ਇਸ ਪ੍ਰਕਾਰ ਪੇਸ਼ ਕੀਤੇ।
ਸ.ਦਰਸ਼ਨ ਸਿੰਘ ਸਾਬਕਾ ਸਰਪੰਚ: ਮੈਂ ਵੀ ਸਰਪੰਚ ਬਣ ਕੇ ਆਪਣਾ ਚਾਅ ਪੂਰਾ ਕਰ ਲਿਆ ਹੈ ਤੇ ਇਥੇ ਮੌਜੂਦ ਮੌਜੂਦਾ ਅਤੇ ਸਾਬਕਾ ਸਰਪੰਚਾਂ ਅਤੇ ਮੈਂਬਰ ਪੰਚਾਇਤ ਸਾਹਿਬਾਨ ਨੇ ਵੀ ਆਪਣੇ ਚਾਅ ਪੂਰੇ ਕਰ ਲਏ ਹਨ। ਹੁਣ ਜੇਕਰ ਅਸੀਂ ਚਾਹੁੰਦੇ ਹਾਂ ਕਿ ਪਿੰਡ ਦਾ ਵਿਕਾਸ ਹੋਵੇ ਤਾਂ ਸਾਨੂੰ ਆਪਣੇ ਹੱਥੀਂ ਹੀ ਨਗਰ ਦੀ ਵਾਗਡੋਰ ਪਿੰਡ ਦੇ ਪੜ੍ਹੇ ਲਿਖੇ ਨੌਜਵਾਨਾਂ ਦੇ ਹੱਥ ਦੇ ਦੇਣੀ ਚਾਹੀਦੀ ਹੈ।
ਐਡਵੋਕੇਟ ਜੀਤ ਸਿੰਘ ਮੋਮੀ: ਸਾਰਾ ਨਗਰ ਵਧਾਈ ਦਾ ਪਾਤਰ ਹੈ ਜੋ ਅੱਜ ਆਪਾਂ ਸਾਰੇ ਅੱਜ ਸਰਬ ਸੰਮਤੀ ਲਈ ਹਾਜ਼ਰ ਹੋਏ ਹਾਂ। ਸਾਡੇ ਬਜ਼ੁਰਗਾਂ ਦੀ ਬਹੁਤ ਵੱਡੀ ਗਲਤੀ ਸੀ ਜਿਨ੍ਹਾਂ ਨੇ ਨਗਰ ਦਾ ਸਕੂਲ ਪਿੰਡ ਤੋਂ ਬਹੁਤ ਦੂਰ ਬਣਾਇਆ। ਅੱਜ ਸਾਡੇ ਨੌਜਵਾਨਾਂ ਨੂੰ ਖੇਡਣ ਲਈ ਕਣਕ ਦੇ ਵੱਢਾਂ ਵਿੱਚ ਖੇਡਣਾ ਪੈਂਦਾ ਹੈ। ਉਹਨਾਂ ਕੋਲ ਤੇ ਅੱਜ ਖੇਡਣ ਲਈ ਖੇਡ ਮੈਦਾਨ ਵੀ ਨਹੀਂ ਹੈ। ਸਭ ਤੋਂ ਵੱਡੀ ਗੱਲ ਸਾਡੇ ਨੌਜਵਾਨਾਂ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਦਾ ਕਾਰਨ ਵੀ ਸਕੂਲ ਦਾ ਪਿੰਡ ਤੋਂ ਬਾਹਰ ਹੋਣਾ ਹੈ। ਨਸ਼ੱਈਆਂ ਵੱਲ ਦੇਖ ਕੇ ਸਾਡੇ ਬੱਚੇ ਵੀ ਅੱਜ ਉਹਨਾਂ ਵਰਗੇ ਹੋ ਰਹੇ ਹਨ। ਜੇਕਰ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਹੱਥੀਂ ਉਹਨਾਂ ਨੂੰ ਜਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ।
ਮਾਸਟਰ ਪ੍ਰੀਤਮ ਸਿੰਘ ਮਾੜ੍ਹਾ: ਇਹ ਸਮਾਂ ਪਿਛਲੀਆਂ ਗਲਤੀਆਂ ਨੂੰ ਯਾਦ ਕਰਨ ਦਾ ਨਹੀਂ ਹੈ। ਅੱਜ ਸਾਡੇ ਇਕੱਤਰ ਹੋਣ ਦਾ ਮਕਸਦ ਭਵਿੱਖ ਬਾਰੇ ਸੋਚਣ ਦਾ ਹੈ। ਆਪਸੀ ਖਹਿਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਨਗਰ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ।
ਮਾਸਟਰ ਜੋਗਿੰਦਰ ਸਿੰਘ: ਸਾਡੇ ਵੱਲੋਂ ਸੋਚ ਵਿਚਾਰ ਕਰਕੇ ਕੁੱਝ ਫੈਸਲਾ ਲਿਆ ਗਿਆ ਹੈ ਕਿ ਸ੍ਰੀਮਤੀ ਜਸਵੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਲਾਡੀ (ਅਮਲੀਆਂ ਕੇ ਪਰਿਵਾਰ ਵਿੱਚੋਂ) ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਜਾਵੇ।
ਸ.ਬਲਜਿੰਦਰ ਸਿੰਘ ਕਰੀਰ: ਮੇਰੇ ਸਤਿਕਾਰਯੋਗ ਬਜ਼ੁਰਗੋ। ਜੇਕਰ ਆਪ ਜੀ ਸੱਚਮੁੱਚ ਹੀ ਨਗਰ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਹੋ ਤਾਂ ਇਹ ਫੈਸਲਾ ਤੁਸੀਂ ਸਾਡੇ ਤੇ ਹੀ ਛੱਡ ਦਿਓ ਕਿ ਕੌਣ ਸਰਪੰਚ ਬਣੇਗਾ ਅਤੇ ਕੌਣ ਮੈਂਬਰ ਪੰਚਾਇਤ। ਜੇਕਰ ਤੁਸੀਂ ਹੀ ਸਰਪੰਚ ਅਤੇ ਮੈਂਬਰ ਪੰਚਾਇਤ ਨਿਯੁਕਤ ਕਰਨੇ ਹਨ ਤਾਂ ਸਾਨੂੰ ਕਿਉਂ ਬੁਲਾਇਆ ਹੈ। ਸਾਨੂੰ ਸਮਾਂ ਦਿਉ ਅਸੀਂ ਆਪਸ ਵਿੱਚ ਸਲਾਹ ਕਰਕੇ ਦੱਸਦੇ ਹਾਂ ਕਿ ਸਰਪੰਚ ਅਤੇ ਮੈਂਬਰ ਪੰਚਾਇਤ ਕੌਣ-ਕੌਣ ਬਨਣਗੇ।
ਸ.ਸੁਖਵਿੰਦਰ ਸਿੰਘ ਲਾਡੀ: ਜੇਕਰ ਸਾਡੇ ਬਜ਼ੁਰਗ ਚਾਹੁੰਦੇ ਹਨ ਕਿ ਜਿੰਮੇਵਾਰੀ ਨੌਜਵਾਨਾਂ ਨੂੰ ਸੌਂਪੀ ਜਾਵੇ ਤਾਂ ਸਾਨੂੰ ਨੌਜਵਾਨਾਂ ਨੂੰ ਹੀ ਫੈਸਲਾ ਕਰਨ ਦਿਉ ਕਿ ਸਰਪੰਚ ਕੌਣ ਬਣੇਗਾ। ਕਿਸੇ ਨੂੰ ਵੀ ਨਾਮ ਨਹੀਂ ਲੈਣਾ ਚਾਹੀਦਾ। ਮੈਂ ਵੀ ਦਿਲੋਂ ਨਹੀਂ ਚਾਹੁੰਦਾ ਕਿ ਸਰਪੰਚੀ ਮੈਂ ਕਰਾਂ। ਮੇਰਾ ਪਰਿਵਾਰ ਵੀ ਇਸ ਗੱਲ ਦੇ ਹੱਕ ਵਿੱਚ ਨਹੀਂ ਹੈ।
ਇਸ ਤੋਂ ਉਪਰੰਤ ਨੌਜਵਾਨਾਂ ਦੀ ਅਲੱਗ ਤੋਂ ਇਕੱਤਰਤਾ ਹੋਈ ਜਿਸ ਵਿੱਚ ਕਾਫੀ ਸਲਾਹ ਮਸ਼ਵਰਾਂ ਕਰਨ ਤੋਂ ਬਾਅਦ ਸ.ਬਲਜਿੰਦਰ ਸਿੰਘ ਨੇ ਸਾਰੇ ਨਗਰ ਦੇ ਇਕੱਠ ਵਿੱਚ ਸ੍ਰੀਮਤੀ ਜਸਵੀਰ ਕੌਰ ਪਤਨੀ ਸੁਖਵਿੰਦਰ ਸਿੰਘ ਲਾਡੀ(ਅਮਲੀਆਂ ਕੇ ਪਰਿਵਾਰ ਵਿੱਚੋਂ) ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਜਾਵੇ ਅਤੇ ਜੇਕਰ ਚੋਣਾਂ ਵੀ ਹੁੰਦੀਆਂ ਹਨ ਤਾਂ ਮੈਂ ਚੋਣ ਨਹੀਂ ਲੜਾਂਗਾ ਬਲਕਿ ਚੋਣਾਂ ਵਿੱਚ ਵੀ ਮੈਂ ਆਂਪਣੇ ਸਮਰਥਕਾਂ ਨਾਲ ਇਹਨਾਂ ਦੀ ਮਦਦ ਕਰਾਂਗਾ। ਸ.ਬਲਜਿੰਦਰ ਸਿੰਘ ਕਰੀਰ ਦੇ ਇਸ ਫੈਸਲੇ ਤੇ ਸਾਰੇ ਨਗਰ ਨੇ ਮੋਹਰ ਲਗਾ ਦਿੱਤੀ। ਇਸ ਇਕੱਤਰਤਾ ਵਿੱਚ ਸਰਬ ਸੰਮਤੀ ਤੇ ਨਹੀਂ ਹੋ ਸਕੀ ਪਰ ਸਾਰੇ ਨਗਰ ਨੇ ਇੱਕਮੁੱਠ ਹੋ ਕੇ ਸ੍ਰੀਮਤੀ ਜਸਵੀਰ ਕੌਰ ਨੂੰ ਸਰਪੰਚੀ ਲਈ ਉਮੀਦਵਾਰ ਐਲਾਣ ਦਿੱਤਾ ਹੈ। ਬਾਕੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਕੌਣ-ਕੌਣ ਦਾਅਵੇਦਾਰ ਹੈ। ਅਰਦਾਸ ਉਪਰੰਤ ਸ.ਸੁਖਵਿੰਦਰ ਸਿੰਘ ਲਾਡੀ ਨੂੰ ਸਿਰੋਪਾਓ ਦਿੱਤਾ ਗਿਆ ਅਤੇ ਹਾਜ਼ਰ ਸੰਗਤ ਦਾ ਮੂੰਹ ਮਿੱਠਾ ਕਰਵਾਇਆ ਗਿਆ।