ਸ: ਮਨਦੀਪ ਸਿੰਘ ਡੀ.ਐਸ.ਪੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਪਿੰਡ ਠੱਟਾ ਨਵਾਂ ਦੇ ਦੋ ਵਿਅਕਤੀ ਸ਼ਿੰਗਾਰਾ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਤਾਰਾ ਸਿੰਘ 28 ਕਨਾਲ ਜ਼ਮੀਨ ‘ਤੇ ਜਾਅਲੀ ਦਸਤਾਵੇਜ਼ ਬਣਾ ਕੇ 30 ਲੱਖ ਰੁਪਏ ਯੂਨੀਅਨ ਬੈਂਕ ਕਪੂਰਥਲਾ ਪਾਸੋਂ ਕਰਜ਼ਾ ਮਨਜ਼ੂਰ ਕਰਵਾਉਣ ਵਾਲੇ ਦੋ ਵਿਅਕਤੀਆਂ ਗੁਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਕਨੀਆ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ ਉਨ੍ਹਾਂ ਦੇ ਨਾਲ 4 ਹੋਰ ਵਿਅਕਤੀ ਕੁੱਲ 6 ਵਿਅਕਤੀਆਂ ਵਿਰੁੱਧ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਧਾਰਾ 467, 468, 471 ਅਤੇ 120 ਬੀ ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਪੁਲਿਸ ਕਾਰਵਾਈ ਕਰ ਰਹੀ ਹੈ। ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਬਲਦੇਵ ਸਿੰਘ, ਸ਼ਿੰਗਾਰਾ ਸਿੰਘ ਵਾਸੀ ਟੋਡਰਵਾਲ ਦੇ ਜਾਅਲੀ ਦਸਤਾਵੇਜ਼ ਲਗਾ ਕੇ ਅਤੇ ਆਪਣੇ ਆਪ ਨੂੰ ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਦੱਸ ਕੇ ਯੂਨੀਅਨ ਬੈਂਕ ਕਪੂਰਥਲਾ ਦੇ ਹੱਕ ਵਿਚ ਰਹਿਣਨਾਮਾ ਰਜਿਸਟਰਡ ਕਰਵਾਇਆ ਸੀ। ਜਿਸ ਦਾ ਪਤਾ ਲੱਗ ਜਾਣ ‘ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਬੈਂਕ ਅਧਿਕਾਰੀਆਂ ਵਿਚ ਫ਼ਿਕਰਮੰਦੀ ਦੀ ਲਹਿਰ ਦੌੜ ਗਈ। ਦੂਸਰੇ ਚਾਰ ਵਿਅਕਤੀਆਂ ਵਿਚ ਜਗੀਰ ਸਿੰਘ ਨੰਬਰਦਾਰ, ਸਵਰਨਜੀਤ ਸਿੰਘ ਵਾਸੀ ਮਲਸੀਹਾ, ਪਰਮਜੀਤ ਸਿੰਘ ਵਾਸੀ ਕੁਲਾਰਾ ਅਤੇ ਬੈਂਕ ਅਧਿਕਾਰੀ ਮੋਨਿਕਾ ਮਹਾਜਨ ਦੇ ਨਾਮ ਸ਼ਾਮਲ ਹਨ। ਦਰਿਆ ਬਿਆਸ ਦੇ ਮੰਡ ਖੇਤਰ ਦੇ ਨੇੜਲੇ ਪਿੰਡ ਦੇ ਇਕ ਸਰਪੰਚ ਜੋ ਇਸ ਕਥਿਤ ਧੋਖਾਧੜੀ ਦਾ ਸੂਤਰਧਾਰ ਹੈ ਅਤੇ ਜਿਸ ਦੇ ਕਹਿਣ ‘ਤੇ ਨੰਬਰਦਾਰ ਨੇ ਗਵਾਹੀ ਪਾਉਣਾ ਮੰਨਿਆ ਦਾ ਨਾਮ ਅਜੇ ਪਰਚੇ ਵਿਚ ਸ਼ਾਮਲ ਨਹੀਂ ਕੀਤਾ ਗਿਆ। ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਦੇ ਕਾਬੂ ਆ ਜਾਣ ‘ਤੇ ਇਸ ਗਰੋਹ ਦੀਆਂ ਕਾਰਵਾਈਆਂ ਤੋਂ ਵੱਡਾ ਪਰਦਾ ਉੱਠਣ ਦੀ ਆਸ ਹੈ। (source Ajit)