ਕਿਸਾਨਾਂ ਦੀਆਂ ਜ਼ਮੀਨਾਂ ਬੈਂਕਾਂ ਪਾਸ ਗਹਿਣੇ ਰੱਖ ਕੇ ਠੱਗੀ ਮਾਰਨ ਦੇ ਮਾਮਲਿਆਂ ‘ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਿਸ ਕਾਰਨ ਬੈਕਿੰਗ ਅਧਿਕਾਰੀ, ਮਾਲ ਵਿਭਾਗ ਦੇ ਅਧਿਕਾਰੀ ਅਤੇ ਆਮ ਆਦਮੀ ਚਿੰਤਤ ਹਨ। ਪਿੰਡ ਠੱਟਾ ਨਵਾਂ ਦੇ ਦੋ ਕਿਸਾਨ ਬਲਦੇਵ ਸਿੰਘ ਅਤੇ ਸ਼ਿੰਗਾਰਾ ਸਿੰਘ ਦੋਵਾਂ ਭਰਾਵਾਂ ਨੇ ਦੱਸਿਆ ਕਿ ਕਿਸੇ ਠੱਗ ਗਰੋਹ ਦੇ ਮੈਂਬਰਾਂ ਨੇ ਉਨ੍ਹਾਂ ਦੀ ਪਿੰਡ ਠੱਟਾ ‘ਚ 28 ਕਨਾਲ 6 ਮਰਲੇ ਜ਼ਮੀਨ ਨੂੰ ਯੂਨੀਅਨ ਬੈਂਕ ਕਪੂਰਥਲਾ ਪਾਸ ਗਹਿਣੇ ਰੱਖ ਕੇ 30 ਲੱਖ ਰੁਪਏ ਦਾ ਹੱਦ ਕਰਜ਼ਾ ਬਣਵਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਉਨ੍ਹਾਂ ਕੁਲਦੀਪ ਸਿੰਘ ਚੰਦੀ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਜਾਣਕਾਰੀ ਦਿੱਤੀ ਹੈ ਅਤੇ ਠੱਗਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਾਸਤੇ ਥਾਣਾ ਤਲਵੰਡੀ ਚੌਧਰੀਆਂ ਵਿਚ ਦਰਖਾਸਤ ਦਿੱਤੀ ਹੈ। ਜ਼ਮੀਨ ਗਹਿਣੇ ਕਰਨ ਵਾਲੇ ਵਿਅਕਤੀਆਂ ਨੇ ਆਪਣੇ ਨਾਮ ਬਲਦੇਵ ਸਿੰਘ ਪੁੱਤਰ ਤਾਰਾ ਸਿੰਘ ਅਤੇ ਸ਼ਿੰਗਾਰਾ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਟਡੋਰਵਾਲ ਲਿਖ ਕੇ ਉਨ੍ਹਾਂ ਦੀ ਜ਼ਮੀਨ ਦੇ ਖਾਤਾ ਨੰਬਰ 59/67 ਦੇ ਨੰਬਰ ਦੇ ਕੇ ਬੈਂਕ ਦੇ ਹੱਕ ‘ਚ ਜ਼ਮੀਨ ਗਹਿਣੇ ਰੱਖਣ ਦਾ ਕਾਰਜ ਸਬ ਤਹਿਸੀਲ ਤਲਵੰਡੀ ਚੌਧਰੀਆਂ ਵਿਖੇ 20 ਸਤੰਬਰ 2013 ਨੂੰ ਕਰਵਾਇਆ ਹੈ। ਜਿਸ ‘ਤੇ ਬਤੌਰ ਨੰਬਰਦਾਰ ਗਵਾਹੀ ਸ: ਜਗੀਰ ਸਿੰਘ ਨੰਬਰਦਾਰ ਤਲਵੰਡੀ ਚੌਧਰੀਆਂ ਪਾਸੋਂ ਪੁਆਈ ਗਈ ਹੈ। ਉਕਤ ਕਿਸਾਨਾਂ ਨੂੰ ਉਨ੍ਹਾਂ ਨਾਲ ਹੋਣ ਵਾਲੇ ਧੋਖੇ ਸਬੰਧੀ ਉਸ ਵੇਲੇ ਜਾਣਕਾਰੀ ਮਿਲੀ ਜਦੋਂ ਪਿੰਡ ਠੱਟਾ ਦੇ ਪਟਵਾਰੀ ਨੇ ਪਿੰਡ ਠੱਟਾ ਨਵਾਂ ਦੇ ਨੰਬਰਦਾਰ ਰਣਜੀਤ ਸਿੰਘ ਨੂੰ ਫੋਨ ‘ਤੇ ਸੁਨੇਹਾ ਦਿੱਤਾ ਕਿ ਉਹ ਬਲਦੇਵ ਸਿੰਘ ਅਤੇ ਸ਼ਿੰਗਾਰਾ ਸਿੰਘ ਨੂੰ ਸੁਨੇਹਾ ਦੇ ਦੇਵੇ ਕਿ ਉਨ੍ਹਾਂ ਦੇ ਹੱਦ ਕਰਜ਼ੇ ਸਬੰਧੀ ਲੋੜੀਂਦੇ ਇੰਚਾਰਜ ਕਰ ਦਿੱਤੇ ਹਨ ਅਤੇ ਉਹ ਆਪਣੇ ਕਾਗਜ਼ਾਤ ਲੈ ਜਾਣ ਤੇ ਆਪਣਾ ਕਰਜ਼ਾ ਹਾਸਲ ਕਰ ਲੈਣ। ਸੂਚਨਾ ਮਿਲਦਿਆਂ ਹੀ ਦੋਵਾਂ ਕਿਸਾਨਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਸੁੱਚਾ ਸਿੰਘ ਮੋਮੀ ਐਡਵੋਕੇਟ ਦੀ ਮਦਦ ਨਾਲ ਅਮਲੇ ਦੀ ਪੜ੍ਹਤਾਲ ਆਰੰਭ ਕਰ ਦਿੱਤੀ ਅਤੇ ਯੂਨੀਅਨ ਬੈਂਕ ਦੇ ਹੱਕ ਵਿਚ ਹੋਏ ਗਹਿਣੇ ਦੀਆਂ ਨਕਲਾਂ ਹਾਸਲ ਕੀਤੀਆਂ। ਦੂਸਰੇ ਗਵਾਹ ਵਜੋਂ ਠੱਗੀ ਮਾਰਨ ਦੀ ਨੀਅਤ ਨਾਲ ਕੰਮ ਕਰ ਰਹੇ ਦੋਵਾਂ ਵਿਅਕਤੀਆਂ ਨੇ ਇਕ ਦੂਸਰੇ ਦੇ ਹੱਕ ਵਿਚ ਗਵਾਹੀ ਪਾ ਦਿੱਤੀ’ ਜਸਵਿੰਦਰਪਾਲ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਛਾਣ ਬੀਣ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।