ਪਿੰਡ ਠੱਟਾ ਨਵਾਂ ਦੀ ਹਾਲ ਹੀ ਵਿੱਚ ਚੁਣੀ ਗਈ ਗਰਾਮ ਪੰਚਾਇਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਸਵੇਰੇ 8:30 ਵਜੇ ਪ੍ਰਾਰੰਭ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੇ ਹਜ਼ੂਰੀ ਰਾਗੀ ਜਥੇ ਨੇ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ। ਇਸ ਸ਼ੁਕਰਾਨਾ ਸਮਾਗਮ ਵਿੱਚ ਬੀਬੀ ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਬਿੱਟੂ ਦਰੀਏਵਾਲ, ਮਲਕੀਤ ਸਿੰਘ ਬਾਹੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਸਮਾਗਮ ਵਿੱਚ ਮਾਸਟਰ ਪ੍ਰੀਤਮ ਸਿੰਘ ਮਾੜ੍ਹਾ ਨੇ ਬੀਬੀ ਉਪਿੰਦਰਜੀਤ ਨੂੰ ਪੂਰੇ ਨਗਰ ਵੱਲੋਂ ਜੀ ਆਇਆਂ ਆਖਿਆ। ਉਪਰੰਤ ਸੁਖਵਿੰਦਰ ਸਿੰਘ ਥਿੰਦ ਨੇ ਬੀਬੀ ਉਪਿੰਦਰਜੀਤ ਕੌਰ ਜੀ ਨੂੰ ਗਰਾਮ ਪੰਚਾਇਤ ਠੱਟਾ ਅਤੇ ਸਮੂਹ ਨਗਰ ਵੱਲੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਜਿਸ ਅਧੀਨ ਪਿੰਡ ਵਿੱਚੋਂ ਛੱਪੜਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸੀਵਰੇਜ ਦੀ ਗਰਾਂਟ, ਗਲੀਆਂ ਵਿੱਚ ਕੰਕਰੀਟ, ਪਿੰਡ ਦੀ ਫਿਰਨੀ, ਵਾਲਮੀਕ ਭਾਈਚਾਰੇ ਦੇ ਸ਼ਮਸ਼ਾਨ ਘਾਟ ਅਤੇ ਗਰੀਬ ਘਰਾਂ ਲਈ ਲੈਟਰੀਨਾਂ ਬਨਾਉਣ ਲਈ ਗਰਾਂਟ ਦੀ ਮੰਗ ਕੀਤੀ ਗਈ। ਨਾਲ ਹੀ ਉਹਨਾਂ ਨੂੰ ਪੂਰਾ ਆਸਵਾਸ਼ਨ ਦਵਾਇਆ ਗਿਆ ਕਿ ਸਮੂਹ ਨਗਰ ਦੀ ਮਦਦ ਨਾਲ ਸਰਕਾਰ ਵੱਲੋਂ ਮਿਲੀ ਗਰਾਂਟ ਦਾ ਇੱਕ-ਇੱਕ ਪੈਸਾ ਪਿੰਡ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ। ਬੀਬੀ ਉਪਿੰਦਰਜੀਤ ਕੌਰ ਨੇ ਸਮੂਹ ਨਗਰ ਨੂੰ ਨਵੀਂ ਚੁਣੀ ਗਈ ਪੰਚਾਇਤ ਲਈ ਵਧਾਈ ਦਿੱਤੀ ਅਤੇ ਵਿਸ਼ਵਾਸ਼ ਦੁਆਇਆ ਕਿ ਪਿੰਡ ਦੇ ਹਰ ਇੱਕ ਕੰਮ ਲਈ ਉਚਿਤ ਗਰਾਂਟ ਮੁਹੱਈਆ ਕਰਵਾਈ ਜਾਵੇਗੀ। ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਬੀਬੀ ਉਪਿੰਦਰਜੀਤ ਕੌਰ ਅਤੇ ਇਲਾਕੇ ਦੇ ਆਏ ਹੋਏ ਸਰਪੰਚ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਸਾਰਾ ਦਿਨ ਚਾਹ ਪਕੌੜਿਆਂ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।