ਪਿੰਡ ਟਿੱਬਾ ਦੇ 25 ਸਾਲਾ ਪੁਲਿਸ ਮੁਲਾਜਮ ਦੀ ਆਪਣੀ ਰਾਈਫਲ ਦੀ ਗੋਲੀ ਲੱਗਣ ਨਾਲ ਮੌਤ
ਸ਼ਾਹਕੋਟ/ਨਕੋਦਰ,(ਅਰੁਣ ਚੋਪੜਾ) : ਸ਼ਾਹਕੋਟ ਦੇ ਕਾਵਾਂ ਵਾਲੇ ਪੱਤਣ (ਸਤਲੁਜ ਦਰਿਆ ਉਤੇ ਬਣੇ ਪੁਲ) ਨੇੜੇ ਨਾਕੇ ‘ਤੇ ਤਾਇਨਾਤ ਪੁਲਸ ਮੁਲਾਜ਼ਮ ਨੂੰ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਕਾਵਾਂ ਵਾਲੇ ਪੱਤਣ ਨੇੜੇ ਸ਼ਾਹਕੋਟ ਪੁਲਸ ਵਲੋਂ ਲਗਾਏ ਗਏ ਨਾਕੇ ‘ਤੇ ਤਾਇਨਾਤ ਕਾਂਸਟੇਬਲ ਹਰਪ੍ਰੀਤ ਸਿੰਘ (25) ਪੁੱਤਰ ਹਰਭਜਨ ਸਿੰਘ ਨੂੰ ਦੇਰ ਰਾਤ ਉਸ ਦੀ ਰਾਈਫਲ ਤੋਂ ਹੀ ਚੱਲੀ ਗੋਲੀ ਲੱਗ ਗਈ। ਜਿਸ ਨੂੰ ਤੁਰੰਤ ਸਾਥੀ ਮੁਲਾਜ਼ਮਾਂ ਵਲੋਂ ਇਲਾਜ਼ ਲਈ ਸਿਵਲ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ, ਜਿਥੋਂ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਸ ਦੀ ਮੌਤ ਹੋਣ ਦੀ ਸੂਚਨਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਹਰਪ੍ਰੀਤ ਤਲਵੰਡੀ ਚੌਧਰੀਆਂ ਦੇ ਪਿੰਡ ਟਿੱਬਾ ਦਾ ਨਿਵਾਸੀ ਸੀ। ਪੁਲਸ ਗੋਲੀ ਚੱਲਣ ਦੇ ਕਾਰਨਾਂ ਦੀ ਜਾਂਚ ਕਰਨ ‘ਚ ਲੱਗੀ ਹੋਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਕੁਲਵੰਤ ਸਿੰਘ ਹੀਰ ਐੱਸ. ਪੀ. ਜਲੰਧਰ ਦਿਹਾਤੀ ਤੇ ਡੀ. ਐੱਸ. ਪੀ. ਸਣੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਦੀ ਭੈਣ ਤੇ ਪਤਨੀ ਵੀ ਪੁਲਸ ਮੁਲਾਜ਼ਮ ਹਨ ਤੇ ਉਸ ਦਾ ਡੇਢ ਸਾਲ ਦਾ ਬੇਟਾ ਵੀ ਹੈ।