ਅਫਾਰਾ : ਅਫਾਰੇ ਕਾਰਨ ਪਸ਼ੂ ਦੇ ਪਾਚਣ ਪ੍ਰਣਾਲੀ ਦੇ ਭਾਗ ਉਲਰੀ ਤੇ ਰੱਟੀ ਕੁਲਮ ਵਿਚ ਪੱਠਿਆਂ ਦੇ ਸੜਨ ਦੇ ਕਾਰਨ ਗੈਸਾਂ ਭਰ ਜਾਂਦੀਆਂ ਹਨ ਤੇ ਉਸ ਦਾ ਪੇਟ ਫੁੱਲ ਜਾਂਦਾ ਹੈ। ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ (1) ਗੈਸਾਂ ਇਕੱਲੀਆਂ ਹੋਣ ਤਾਂ ਉਨ੍ਹਾਂ ਨੂੰ ਗੈਸੀ ਅਫਾਰਾ ਕਹਿੰਦੇ ਹਨ। (2) ਜੇਕਰ ਗੈਸਾਂ ਦੇ ਨਾਲ ਬੁਲਬੁਲੇ ਆਉਣ ਤਾਂ ਉਸ ਨੂੰ ਲੱਗਦਾਰ ਅਫਾਰਾ ਕਹਿੰਦੇ ਹਨ।
ਅਫਾਰੇ ਦੇ ਕਾਰਨ : ਪੱਠਿਆਂ ਦੇ ਸੜਨ ਦੇ ਕਈ ਕਾਰਨ ਜਿਵੇਂ ਕਿ ਬਹੁਤ ਫਲੀਦਾਰ ਜਾਂ ਜ਼ਿਆਦਾ ਨਰਮ ਚਾਰੇ ਬਰਸੀਮਾਂ, ਲੂਸਣ, ਬੰਦ ਗੋਭੀ, ਸ਼ਲਗਮ, ਮੂਲੀ ਆਦਿ ਦੇ ਪੱਤੇ ਜ਼ਿਆਦਾ ਮਾਤਰਾ ਵਿਚ ਪਾਉਣਾ ਆਦਿ। ਅੰਨ ਜਿਨ੍ਹਾਂ ਵਿਚ ਨਿਸ਼ਾਸ਼ਤੇ ਦੀ ਮਾਤਰਾ ਜ਼ਿਆਦਾ ਹੋਵੇ ਜਿਵੇਂ ਕਿ ਕਣਕ, ਚਾਵਲ ਤੇ ਬਹੁਤ ਜ਼ਿਆਦਾ ਗੁੜ ਪਾਉਣ ਨਾਲ ਜਾਂ ਪੱਠਿਆਂ ਵਿਚ ਇਕਦਮ ਤਬਦੀਲੀ ਦੇ ਕਾਰਨ ਵੀ ਅਫਾਰਾ ਹੋ ਸਕਦਾ ਹੈ। ਪਾਚਣ ਪ੍ਰਣਾਲੀ ਜਾਂ ਅੰਤੜੀਆਂ ਵਿਚ ਕੋਈ ਰੁਕਾਵਟ ਆਉਣ ਨਾਲ।
ਬਹੁਤ ਜ਼ਿਆਦਾ ਵੰਡ ਪਾਉਣ ਦੇ ਨਾਲ ਜਾਂ ਹੋਰ ਕਿਸੇ ਕਾਰਨ ਪੀ. ਐਚ. ਵਿਚ ਤਬਦੀਲੀ ਦੇ ਕਾਰਨ ਪੇਟ ਦੇ ਕੀੜੇ, ਕੋਈ ਰਸੌਲੀ ਆਦਿ। ਗਲੀ ਸੜੀ ਤੂੜੀ ਤੇ ਖਰਾਬ ਪਰਾਲੀ ਪਾਉਣ ਦੇ ਕਾਰਨ ਵੀ ਅਫਾਰਾ ਹੋ ਸਕਦਾ ਹੈ।
ਨਿਸ਼ਾਨੀਆਂ : ਇਸ ਬਿਮਾਰੀ ਨਾਲ ਜ਼ਿਆਦਾਤਰ ਪਸ਼ੂਆਂ ਦੀ ਖੱਬੀ ਕੁੱਖ ਇਕਦਮ ਫੁੱਲ ਜਾਂਦੀ ਹੈ, ਉਸ ਦੀ ਕੁੱਖ ‘ਤੇ ਹੱਥ ਮਾਰਨ ਨਾਲ ਢੋਲ ਵਰਗੀ ਆਵਾਜ਼ ਆਉਂਦੀ ਹੈ। ਪਸ਼ੂ ਨੂੰ ਦਰਦ ਹੁੰੰਦਾ ਹੈ, ਪਸ਼ੂ ਪ੍ਰੇਸ਼ਾਨੀ ਨਾਲ ਜ਼ਮੀਨ ਉਤੇ ਲੇਟ ਜਾਂਦਾ ਹੈ। ਪਿਛਲੀਆਂ ਲੱਤਾਂ ਢਿੱਡ ਨੂੰ ਮਾਰਦਾ ਹੈ। ਵਾਰ-ਵਾਰ ਉਠਦਾ-ਬੈਠਦਾ ਹੈ। ਸਾਹ ਲੈਣ ਵਿਚ ਤਕਲੀਫ਼ ਮਹਿਸੂਸ ਕਰਦਾ ਹੈ। ਮੂੰਹ ਖੋਲ੍ਹ ਕੇ ਕਈ ਵਾਰ ਸਾਹ ਲੈਣ ਦੀ ਕੋਸ਼ਿਸ਼ ਕਰਦਾ ਹੈ। ਜੀਭ ਬਾਹਰ ਕੱਢ ਲੈਂਦਾ ਹੈ ਤੇ ਆਪਣੀਆਂ ਨਾਸਾਂ ਫੈਲਾ ਲੈਂਦਾ ਹੈ। ਪਸ਼ੂ ਜੁਗਾਲੀ ਨਹੀਂ ਕਰਦਾ, ਮੂੰਹ ‘ਚੋਂ ਕਈ ਵਾਰ ਲਾਲਾਂ ਨਿਕਲਦੀਆਂ ਹਨ। ਸਾਹ ਬੰਦ ਹੋਣ ਦੇ ਕਾਰਨ ਕਈ ਵਾਰ ਪਸ਼ੂ ਦੀ ਮੌਤ ਵੀ ਹੋ ਜਾਂਦੀ ਹੈ।
ਅਮਰਪਾਲ ਸਿੰਘ ਬੱਬੂ
-ਪੱਤਰ ਪ੍ਰੇਰਕ ਬੰਡਾਲਾ, ਅੰਮ੍ਰਿਤਸਰ।
ਮੋਬਾਈਲ : 95923-40367.
(source Ajit)