ਨੌਜਵਾਨ ਸਭਾ ਟਿੱਬਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਅਤੇ ਭਾਜੀ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਦੂਸਰਾ ਸਾਲਾਨਾ ਨਾਟਕ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਗਰਾਮ ਪੰਚਾਇਤ ਟਿੱਬਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਨਾਟਕ ਮੇਲੇ ਵਿਚ ਜਾਦੂਗਰ ਰਾਜ ਕੁਮਾਰ ਨੇ ਆਪਣੇ ਟਰਿੱਕਾਂ ਰਾਹੀਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਪਾਖੰਡੀ ਸਾਧਾਂ ਤੋਂ ਬਚਣ ਦੀ ਅਪੀਲ ਕੀਤੀ। ਸਾਥੀ ਬਰਜਿੰਦਰ ਸਿੰਘ ਨੇ ਇਨਕਲਾਬੀ ਗੀਤ ਗਾਇਆ। ਇਸ ਮੌਕੇ ਤਰਕਸ਼ੀਲ ਸਾਥੀ ਰਾਜੂ ਸੋਨੀ ਜਲੰਧਰ ਦੀ ਤਕਰੀਰ ਵੀ ਦਰਸ਼ਕਾਂ ਨੂੰ ਹਲੂਣਾ ਦੇ ਗਈ। ਲੋਕ ਕਲਾ ਮੰਚ ਮੁਲਾਂਪੁਰ ਦਾਖਾ ਦੀ ਟੀਮ ਵੱਲੋਂ ਕੋਰੀਓਗ੍ਰਾਫ਼ੀ ‘ਰਹਿਣ ਵੱਸਦੀਆਂ ਮੇਰੇ ਪਿੰਡ ਦੀਆਂ ਕੁੜੀਆਂ’ ਪੇਸ਼ ਕੀਤੀ ਗਈ। ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਨੌਜਵਾਨਾਂ ਅਤੇ ਸ਼ਾਹੂਕਾਰਾਂ ਦੀ ਚੁੰਗਲ ਵਿਚ ਫਸੀ ਪੰਜਾਬ ਦੀ ਕਿਸਾਨੀ ਦੇ ਦਰਦ ਨੂੰ ਪੇਸ਼ ਕਰਦਾ ਨਾਟਕ ‘ਇਨ੍ਹਾਂ ਜ਼ਖ਼ਮਾਂ ਦੀ ਕੀ ਕਰੀਏ’ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਨੇ ਬਾਖ਼ੂਬੀ ਪੇਸ਼ ਕੀਤਾ। ਇਸ ਮੌਕੇ ਸੁਰਜੀਤ ਟਿੱਬਾ ਵੱਲੋਂ ਨਿਰਦੇਸ਼ਤ ਕੀਤੀ ਕੋਰੀਓਗ੍ਰਾਫ਼ੀ ਸਰਕਾਰੀ ਸਕੂਲ ਮੰਗੂਪੁਰ ਦੇ ਵਿਦਿਆਰਥੀਆਂ ਨੇ ਬਾਖ਼ੂਬੀ ਪੇਸ਼ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਟਿੱਬਾ ਨੇ ਨਿਭਾਈ। ਇਸ ਮੌਕੇ ਸਰਪੰਚ ਜਸਵਿੰਦਰ ਕੌਰ ਭਗਤ, ਲੋਕ ਕਲਾ ਮੰਚ ਆਰ.ਸੀ.ਐਫ ਦੇ ਪ੍ਰਧਾਨ ਅਮਰੀਕ ਸਿੰਘ, ਸ: ਬਲਬੀਰ ਸਿੰਘ ਭਗਤ, ਮਾਸਟਰ ਗੁਰਮੀਤ ਸਿੰਘ ਚਾਨਾ, ਲਾਲ ਸਿੰਘ ਮੈਂਬਰ ਪੰਚਾਇਤ, ਸੂਰਤ ਸਿੰਘ ਸਰਪੰਚ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਜਥੇਦਾਰ ਬਲਦੇਵ ਸਿੰਘ ਖ਼ਾਲਸਾ, ਕੁਲਵਿੰਦਰ ਸਿੰਘ ਕਿੰਦਾ, ਜਗਦੇਵ ਸਿੰਘ ਲਾਡੀ, ਰਣਜੀਤ ਸਿੰਘ ਮਨੀਲਾ, ਸੁਰਜੀਤ ਸਿੰਘ ਸੈਕਟਰੀ, ਮਾਸਟਰ ਜਸਵਿੰਦਰ ਸਿੰਘ, ਮਾਸਟਰ ਬਲਜੀਤ ਸਿੰਘ ਬੱਬਾ, ਮਾਸਟਰ ਅਸ਼ਵਨੀ ਟਿੱਬਾ, ਮਾਸਟਰ ਕਰਨੈਲ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਡਾ: ਸਤਬੀਰ ਸਿੰਘ, ਡਾ: ਹਰਜਿੰਦਰ ਸਿੰਘ ਲਾਲੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। (source Ajit)