ਮੁੱਦਤ ਪਿੱਛੋਂ ਅੱਜ ਅਸਾਂ ਜਦ , ਕੁਝ ਪਲ ਆਪਣੇ ਨਾਲ਼ ਬਿਤਾਏ।
ਜ਼ਿੰਦਗੀ ਦਾ ਸੱਚ ਸਾਮ੍ਹਣੇ ਆਇਆ, ਕਦੇ ਖੁਦ ਨੂੰ ਹੀ ਜਾਣ ਨਾ ਪਾਏ।
ਦੁਨੀਆਂ ਨੂੰ ਗਿਣਿਆਂ, ਦੁਨੀਆਂ ਨੂੰ ਸੁਣਿਆਂ, ਦੁਨੀਆਂ ਨੂੰ ਚਾਹਿਆ, ਦੁਨੀਆਂ ਨੂੰ ਚੁਣਿਆਂ।
ਦੁਨੀਆਂ ਦੀ ਮਹਿਫ਼ਲ ਵਿੱਚ ਬੈਠੇ-ਉੱਠੇ, ਦੁਨੀਆਂ ਅਨੁਸਾਰ ਸੋਚਾਂ ਦੇ ਘੋੜੇ ਦੁਹਰਾਏ।
ਦੁਨੀਆਂਦਾਰੀ ਹੀ ਰੱਖਣ ਦੇ ਲਈ ਅਸੀ, ਕਦੇ ਮੂੰਹੋਂ ਹੱਸੇ ਤੇ ਕਦੇ ਤਨੋਂ ਪਥਰਾਏ।
ਪਰ ਕਦੇ ਖੁਦ ਨੂੰ ਹੀ ਜਾਣ ਨਾ ਪਾਏ।
ਐਥੇ ਨਈਂ ਬਹਿਣਾ,ਓਥੇ ਨਈਂ ਜਾਣਾ, ਆਹ ਨਈਂ ਲੈਣਾ, ਉਹ ਨਈਂ ਪਾਉਣਾ।
ਜਿੰਨੀਆਂ ਵੀ ਲੱਗੀਆਂ ਪਾਬੰਦੀਆਂ, ਕਰ ਅੱਖਾਂ ਬੰਦ ਦਿੱਤੀਆਂ ਰਜ਼ਾਮੰਦੀਆਂ।
ਕੁਚਲੀਆਂ ਕਈ ਸਧਰਾਂ ਅਸਾਂ ਮਨ ਵਿੱਚ, ਕਈ ਅਰਮਾਨ ਦਿਲ ਵਿੱਚ ਦਬਾਏ।
ਪਰ ਕਦੇ ਖੁਦ ਨੂੰ ਹੀ ਜਾਣ ਨਾ ਪਾਏ।
ਅੱਜ ਦਿਲ ਦਰਦੀ ਨੇ ਮੰਗੇ ਕੁਝ ਜਵਾਬ, ਪਰ ਚੰਦਰੀ ਜੀਭਾ ਨੂੰ ਨਾ ਮਿਲੇ ਅਲਫ਼ਾਜ਼।
ਹੁਣ ਖੁਦ ਕੋਲੋਂ ਭਲਾ ਕਾਹਦੀਆਂ ਸੰਗਾਂ, ਸ਼ੀਸ਼ੇ ਮੁਹਰੇ ਖੜ੍ਹਕੇ ਮੁਆਫ਼ੀਆਂ ਮੰਗਾਂ।
ਦੁਨੀਆਂ ਨੂੰ ਖੁਸ਼ ਕਦੇ ਕਰ ਨਈਂ ਸਕਦੇ, ਫਿਰ ਆਪਣੇ ਸੀਨੇ ਤੇ ਫੱਟ ਕਿਉਂ ਖਾਏ।
ਕਿਉਂਕਿ…ਕਦੇ ਖੁਦ ਨੂੰ ਹੀ ਜਾਣ ਨਾ ਪਾਏ।
-ਸੁਰਜੀਤ ਕੌਰ ਬੈਲਜ਼ੀਅਮ
Nice bloking ledy