ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀ ਥਾਣਾ ਤਲਵੰਡੀ ਚੌਧਰੀਆਂ ‘ਚ ਪੈਂਦੀ ਬੂਲਪੁਰ ਖੇਤੀਬਾੜੀ ਮਲਟੀਪਰਪਜ਼ ਸਰਵਿਸ ਸੁਸਾਇਟੀ ਦੇ ਚੌਕੀਦਾਰ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਕੇ ਸੁਸਾਇਟੀ ‘ਚ 95695 ਰੁਪਏ ਚੋਰੀ ਕਰਕੇ ਲੈ ਗਏ। ਸੁਸਾਇਟੀ ਦੇ ਸਕੱਤਰ ਮਹਿੰਦਰ ਸਿੰਘ ਨੇ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ‘ਚ ਦੱਸਿਆ ਕਿ ਉਹ 13 ਦਸੰਬਰ ਨੂੰ ਸ਼ਾਮ 5 ਵਜੇ ਸੁਸਾਇਟੀ ਦੇ ਸਾਰੇ ਕਮਰਿਆਂ ਨੂੰ ਦਰਵਾਜੇ ਲਾ ਕੇ ਘਰਾਂ ਨੂੰ ਚਲੇ ਗਏ ਤੇ ਅੱਜ ਸਵੇਰੇ ਜਦੋਂ ਉਹ 9 ਵਜੇ ਸੁਸਾਇਟੀ ਆਏ ਤਾਂ ਸੁਸਾਇਟੀ ਦੇ ਮੇਨਗੇਟ ਦੇ ਅੰਦਰ ਵਾਲੇ ਤਾਲੇ ਲੱਗੇ ਹੋਏ ਸਨ ਤੇ ਪੂਰਬ ਵਾਲੇ ਪਾਸੇ ਦੀ ਥੋੜੀ ਕੰਧ ਢਾਹੀ ਹੋਈ ਸੀ। ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਮੁੱਖ ਗੇਟ ‘ਚ ਦੀ ਦੇਖਿਆ ਤਾਂ ਅੰਦਰ ਸੁਸਾਇਟੀ ਦੇ ਦਰਵਾਜੇ ਖੁੱਲ੍ਹੇ ਹੋਏ ਸਨ। ਉਨ੍ਹਾਂ ਚੌਕੀਦਾਰ ਦਲੀਪ ਸਿੰਘ ਨੂੰ ਆਵਾਜਾ ਮਾਰੀਆਂ ਤੇ ਉਸ ਵੱਲੋਂ ਕੋਈ ਜਵਾਬ ਨਾ ਦੇਣ ‘ਤੇ ਉਸਦੇ ਮੋਬਾਈਲ ‘ਤੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਫੋਨ ‘ਤੇ ਵੀ ਕੋਈ ਉੱਤਰ ਨਾ ਮਿਲਿਆ ਤਾਂ ਅਸੀਂ ਪਿੰਡ ਦੇ ਸਰਪੰਚ ਬਲਦੇਵ ਸਿੰਘ, ਸੁਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਨੂੰ ਇਤਲਾਹ ਦਿੱਤੀ। ਸੈਕਟਰੀ ਨੇ ਦੱਸਿਆ ਕਿ ਜਦੋਂ ਅਸੀਂ ਢਾਹੀ ਹੋਈ ਕੰਧ ਕੋਲ ਜਾ ਕੇ ਦੇਖਿਆ ਤਾਂ ਕਮਰੇ ‘ਚ ਦਲੀਪ ਸਿੰਘ ਚੌਕੀਦਾਰ ਦੀ ਹਾਏ-ਹਾਏ ਦੀ ਆਵਾਜ ਆ ਰਹੀ ਸੀ। ਬਾਅਦ ‘ਚ ਇਸਦੀ ਸੂਚਨਾ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਲੀਪ ਸਿੰਘ ਕੋਲ ਪੁੱਜੇ ਤਾਂ ਉਸਨੂੰ ਅਣਪਛਾਤੇ ਵਿਅਕਤੀਆਂ ਨੇ ਬੁਰੀ ਤਰ੍ਹਾਂ ਮਾਰਕੁਟਾਈ ਕਰਕੇ ਜਖ਼ਮੀ ਕੀਤਾ ਹੋਇਆ ਸੀ ਤੇ ਹੱਥਾਂ ਅਤੇ ਖੂਨ ਮੁੰਹ ‘ਚੋਂ ਖੂਨ ਵਗ ਰਿਹਾ ਸੀ ਤੇ ਉਸਨੂੰ ਕਮਰੇ ਵਿਚ ਮੰਜੀ ਨਾਲ ਬੰਨ੍ਹਿਆ ਹੋਇਆ ਸੀ। ਉਨ੍ਹਾਂ ਜਖ਼ਮੀ ਹਾਲਤ ਵਿਚ ਚੌਕੀਦਾਰ ਦਲੀਪ ਸਿੰਘ ਨੂੰ ਪਹਿਲਾ ਟਿੱਬਾ ਹਸਪਤਾਲ ਦਾਖਲ ਕਰਵਾਇਆ ਤੇ ਬਾਅਦ ਵਿਚ ਉਸਦੀ ਗੰਭੀਰ ਹਾਲਤ ਨੂੰ ਦੇਖਦਿਆ ਸੱਤਿਅਮ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ। ਪੁਲਿਸ ਨੇ ਮੌਕਾ-ਏ-ਵਾਰਦਾਤ ਨੂੰ ਮੁੱਖ ਰੱਖਦਿਆਂ ਸੁਸਾਇਟੀ ਦੇ ਸਕੱਤਰ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸੁਸਾਇਟੀ ‘ਚ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਸੁਲਤਾਨਪੁਰ ਲੋਧੀ ਸ੍ਰੀ ਮਨਦੀਪ ਸਿੰਘ ਤੇ ਥਾਣਾ ਤਲਵੰਡੀ ਚੌਧਰੀਆਂ ਦੇ ਐਸ.ਐਚ.ਓ ਸ਼ਿਵ ਕੰਵਲ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ। ਇੱਥੇ ਜ਼ਿਕਰਯੋਗ ਹੈ ਕਿ ਸੁਸਾਇਟੀ ਦੇ ਮੁਲਾਜ਼ਮ ਰੋਜ਼ਾਨਾ ਸੁਸਾਇਟੀ ਵਿਚ ਆਉਣ ਵਾਲੀ ਵੱਡੀ ਰਕਮ ਤਾਂ ਕੇਂਦਰੀ ਸਹਿਕਾਰੀ ਬੈਂਕ ਟਿੱਬਾ ਵਿਚ ਜਮਾਂ ਕਰਵਾ ਦਿੰਦੇ ਸਨ ਤੇ ਜਦਕਿ ਸ਼ਾਮੀ ਆਈ ਇਹ ਰਕਮ ਸੁਸਾਇਟੀ ਦੇ ਅਲਮਾਰੀ ਵਿਚ ਹੀ ਰੱਖ ਦਿੱਤੀ, ਜਿਸਦੀ ਭੰਨਤੋੜ ਕਰਕੇ ਲੁਟੇਰਿਆਂ ਨੇ ਇਹ ਰਕਮ ਚੋਰੀ ਕਰ ਲਈ। ਜਦਕਿ ਸੁਸਾਇਟੀ ਵਿਚ ਖੜੇ ਟਰੈਕਟਰ ਤੇ ਹੋਰ ਸਮਾਨ ਨੂੰ ਬਿਲਕੁੱਲ ਹੀ ਨਹੀਂ ਛੇੜਿਆ।