ਦੀ ਠੱਟਾ ਕੋਆਪ੍ਰੇਟਿਵ ਮਲਟੀਪਰਪਸ ਸੁਸੁਇਟੀ ਦਾ ਡੀਜ਼ਲ ਪੰਪ ਬੰਦ ਹੋਣ ਕਿਨਾਰੇ

45

ਦੀ ਠੱਟਾ ਕੋਆਪਰੇਟਿਵ ਮਲਟੀਪਰਪਜ਼ ਸੁਸਾਇਟੀ ਲਿਮਟਿਡ ਠੱਟਾ ਜ਼ਿਲ੍ਹਾ ਕਪੂਰਥਲਾ ਦੀ ਅਜਿਹੀ ਇਕਲੌਤੀ ਸਹਿਕਾਰੀ ਸਭਾ ਹੈ ਜਿਸ ਕੋਲ ਡੀਜ਼ਲ ਪੰਪ ਦੀ ਸਹੂਲਤ ਹੈ, ਪਰ ਇਹ ਡੀਜ਼ਲ ਪੰਪ ਬੰਦ ਹੋਣ ਦੀ ਨੌਬਤ ਆ ਗਈ ਹੈ | ਸਹਿਕਾਰੀ ਸਭਾ ਠੱਟਾ ਦੇ ਮੈਨੇਜਰ ਸ੍ਰੀ ਰਤਨ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਕੁੱਝ ਸਾਲ ਪਹਿਲਾਂ ਸਭਾ ਵੱਲੋਂ ਡੀਜ਼ਲ ਪੰਪ ਚਾਲੂ ਕੀਤਾ ਗਿਆ ਸੀ, ਜਿਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਸ਼ੁੱਧ ਅਤੇ ਪੂਰਾ ਤੇਲ ਮਿਲਣ ਦੀ ਸਹੂਲਤ ਉਪਲੱਬਧ ਹੋਈ ਸੀ, ਪਰ ਤੇਲ ਕੰਪਨੀਆਂ ਨੇ ਸਹਿਕਾਰੀ ਸਭਾਵਾਂ ਨੂੰ ਦੇਣ ਵਾਲਾ ਡੀਜ਼ਲ ਨਿੱਜੀ ਪੰਪਾਂ ਤੋਂ ਤਕਰੀਬਨ 10 ਰੁਪਏ 81 ਪੈਸੇ ਪ੍ਰਤੀ ਲੀਟਰ ਮਹਿੰਗਾ ਦੇਣਾ ਸ਼ੁਰੂ ਕਰ ਦਿੱਤਾ ਹੈ | ਜਿਸ ਨਾਲ ਡੀਜ਼ਲ ਦੀ ਵਿਕਰੀ ਬੰਦ ਹੋ ਗਈ ਹੈ | ਕੋਈ ਵੀ ਕਿਸਾਨ 10 ਰੁਪਏ ਡੀਜ਼ਲ ਮਹਿੰਗਾ ਖਰੀਦਣ ਨੂੰ ਤਿਆਰ ਨਹੀਂ | ਸ੍ਰੀ ਰਤਨ ਸਿੰਘ ਨੇ ਦੱਸਿਆ ਕਿ ਤੇਲ ਡੀਲਰਾਂ ਵਾਲੀ ਕੀਮਤ ‘ਤੇ ਹੀ ਡੀਜ਼ਲ ਦਿੰਦੀਆਂ ਸਨ, ਪਰ ਹੁਣ ਕੰਟਰੋਲ ਮੁਕਤ ਹੋਣ ਕਰਕੇ ਤੇਲ ਕੰਪਨੀ 11 ਰੁਪਏ ਦੇ ਕਰੀਬ ਪ੍ਰਤੀ ਲੀਟਰ ਵੱਧ ਚਾਰਜ ਕਰ ਰਹੀਆਂ ਹਨ | ਸਰਕਾਰ ਦੇ ਇਸ ਫੈਸਲੇ ਨਾਲ ਸਹਿਕਾਰੀ ਸਭਾਵਾਂ ਜਿਨ੍ਹਾਂ ਕੋਲ ਪੰਪ ਹਨ, ਨਿਰਾਸ਼ਤਾ ਪਾਈ ਜਾ ਰਹੀ ਹੈ | ਇਨ੍ਹਾਂ ਸਭਾਵਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਭਾਵਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਸਭਾਵਾਂ ਇਹ ਆਰਥਿਕ ਬੋਝ ਨਾ ਸਹਿੰਦੀਆਂ ਹੋਈਆਂ ਭਾਰੀ ਘਾਟੇ ਵਿਚ ਜਾ ਸਕਦੀਆਂ ਹਨ | ਠੱਟਾ ਬਹੁਮੰਤਵੀ ਸਭਾ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਸਭਾਵਾਂ ਦੀ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇ ਕੇ ਕੋਈ ਹੱਲ ਕੱਢਣ ਤਾਂ ਕਿ ਸਭਾਵਾਂ ਦੇ ਇਹ ਪੰਪ ਕਿਸਾਨਾਂ ਦੀ ਸਹੂਲਤ ਲਈ ਚੱਲਦੇ ਰਹਿ ਸਕਣ | ਇਸ ਮੌਕੇ ਸਭਾ ਦੇ ਮੁਲਾਜ਼ਮ ਜਗੀਰ ਸਿੰਘ, ਹਰਮਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿਚ  ਗੁਰਦੀਪ ਸਿੰਘ ਠੱਟਾ ਪ੍ਰਧਾਨ, ਸੁਰਿੰਦਰਜੀਤ ਸਿੰਘ ਕਾਮਰੇਡ, ਨਿਰੰਜਣ ਸਿੰਘ, ਗੁਰਮੇਲ ਸਿੰਘ ਕਮੇਟੀ ਮੈਂਬਰ ਆਦਿ ਹਾਜ਼ਰ ਸਨ |