ਦਿਲ ਚਾਹੇ ਕੋਈ ਗੀਤ ਲਿਖਾਂ , ਕੋਈ ਭੁੱਲੀ ਵਿਸਰੀ ਰੀਤ ਲਿਖਾਂ।
ਹਿੰਦੂ, ਮੁਸਲਿਮ, ਸਿੱਖ ਪ੍ਰੀਤ ਲਿਖਾਂ, ਇਨਸਾਨੀਅਤ ਮੁੜ ਸੁਰਜੀਤ ਲਿਖਾਂ।
ਫਿਰ ਹੋ ਜਾਣ ਸਾਂਝੀਆਂ ਗਰਜ਼ਾਂ, ਹੱਕ ਪੈ ਜਾਣ ਧੁੰਦਲੇ ਭਾਰੀ ਫ਼ਰਜਾਂ।
ਸਭ ਸਾਂਝੇ ਪੀਰ ਫ਼ਕੀਰ ਲਿਖਾਂ, ਮਿਟੇ ਮੁਲਕਾਂ ਵਿੱਚ ਲਕੀਰ ਲਿਖਾਂ।
ਹਰ ਸਾਂਝੀ ਈਦ ਦਿਵਾਲੀ ਹੋਵੇ, ਨਾ ਮਾਲਕ ਕੋਈ ਨਾ ਮਾਲੀ ਹੋਵੇ।
ਸਭ ਸਾਂਝੇ ਮਨ ਦੇ ਮੀਤ ਲਿਖਾਂ, ਹੋਇਆ ਹੈਵਾਨ ਮੈਂ ਠੰਢਾ ਸੀਤ ਲਿਖਾਂ।
ਵਿਲਕਣ ਬਾਲ ਨਾਲ ਨਾ ਭੁੱਖਾਂ, ਬਹਿਣ ਨਾ ਮਾਂਵਾ ਲੈ ਖਾਲੀ ਕੁੱਖਾਂ।
ਨਾ ਵਾਦ ਕੋਈ ਜੰਮੂ-ਕਸ਼ਮੀਰ ਲਿਖਾਂ, ਸਭ ਸਾਂਝਾ ਹੋਇਆ ਜਮੀਰ ਲਿਖਾਂ।
ਰਲ-ਮਿਲ ਕੇ ਸਭ ਲੁੱਡੀਆਂ ਪਾਣ, ਬੱਚੇ ਹਿੰਦੂ ਸਿੱਖ ਤੇ ਨੰਨੇ ਪਠਾਣ।
ਸਭ ਬਣ ਗਏ ਬੀਬੇ-ਰਾਣੇ ਲਿਖਾਂ, ਹੋਏ ਇੱਕ-ਮਿੱਕ ਸਭ ਸਿਆਣੇ ਲਿਖਾਂ।
ਹਰਿਮੰਦਰ ਤੋਂ ਸਭ ਨਨਕਾਣੇ ਜਾਣ, ਪਾਕ ਦੇ ਵਾਸੀ ਮਿਲ ਦਰਸ਼ ਕਰਾਣ।
ਹੋਈਆਂ ਸਾਂਝੀਆਂ ਧੀਆਂ-ਭੈਣਾਂ ਲਿਖਾਂ, ਡਿੱਗੇ ਬੂੰਦ ਨਾ ਗ਼ਮ ਦੀ ਨੈਣਾਂ ਲਿਖਾਂ।
ਖੁਸ਼ੀ ਦੇ ਅੱਥਰੂ ਇੱਕ ਦੂਜੇ ਦੇ ਪੂੰਝਣ, ਅੱਲ੍ਹਾ ਸਤਿਨਾਮ ਸਭ ਰਲ ਕੇ ਗੂੰਜਣ।
ਹੋਏ ਸਰਭ ਸਾਂਝੇ ਭਗਵਾਨ ਲਿਖਾਂ, ਆਇਆ ਧਰਤੀ ਤੇ ਅਸਮਾਨ ਲਿਖਾਂ।
ਤਖ਼ਤ ਤੀਰਥ ਤੇ ਫਿਰ ਸਾਂਝਾ ਮੱਕਾ, ਜਿੱਥੇ ਜਾਈਏ ਇੱਕੋ ਦੀਆਂ ਰੱਖਾਂ।
ਸਾਂਝੇ ਗੀਤਾ, ਵੈਦ, ਕੁਰਾਨ ਲਿਖਾਂ, ਹੋਵੇ ਸਭ ਦਾ ਮਾਣ ਸਮਾਨ ਲਿਖਾਂ।
ਆਮ ਜਨਤਾ ਦਾ ਦੋਸ਼ ਨਾ ਕੋਈ, ਚੰਦ ਸਿੱਕਿਆਂ ਦੀ ਰਾਜਨੀਤੀ ਹੋਈ।
ਚੁੰਬੜੀ ਲੋਕਾਂ ਨੂੰ ਜੋ ਬਣ ਜੋਕ ਲਿਖਾਂ, ਤਾਂ ਹੀ ਵਧ ਗਈ ਏ ਨੋਕ-ਝੋਕ ਲਿਖਾਂ।
ਤਾਂ ਹੀ ਵਧ ਗਈ ਏ ਨੋਕ-ਝੋਕ ਲਿਖਾਂ……
-ਸੁਰਜੀਤ ਕੌਰ ਬੈਲਜ਼ੀਅਮ