ਦਾਲਾਂ ਦੀ ਕਾਸ਼ਤ ਵੀ ਘਟਾ ਸਕਦੀ ਹੈ ਰਸਾਇਣਕ ਖਾਦਾਂ ਦੀ ਵਰਤੋਂ

86

505188__daak

ਰਸਾਇਣਕ ਖਾਦਾਂ ਦੀ ਬੇਲੋੜੀ ਤੇ ਬੇਹਿਸਾਬੀ ਵਰਤੋਂ ਕਾਰਨ ਪੈਦਾ ਹੋਈਆਂ ਅਨੇਕਾਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਮਾਹਿਰਾਂ ਦੇ ਇਲਾਵਾ ਵਾਤਾਵਰਨ ਪ੍ਰੇਮੀਆਂ ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਨੇਕਾਂ ਸੰਸਥਾਵਾਂ ਵੱਲੋਂ ਕਿਸਾਨਾਂ ਦਾ ਰੁਝਾਨ ਕੁਦਰਤੀ ਖੇਤੀ ਵੱਲ ਨੂੰ ਮੋੜਨ ਲਈ ਵੀ ਸੁਚੇਤ ਰੂਪ ਵਿਚ ਯਤਨ ਕੀਤੇ ਜਾ ਰਹੇ ਹਨ। ਪੰਜਾਬ ਅੰਦਰ ਅਜਿਹੇ ਯਤਨਾਂ ਨੂੰ ਸਫਲ ਕਰਨ ਲਈ ਹੋਰ ਉਪਰਾਲਿਆਂ ਦੇ ਨਾਲ-ਨਾਲ ਦਾਲਾਂ ਦੀ ਕਾਸ਼ਤ ਵੀ ਸਹਾਇਕ ਸਿੱਧ ਹੋ ਸਕਦੀ ਹੈ। ਦਾਲਾਂ ਵਾਲੀਆਂ ਫ਼ਸਲਾਂ ਨੂੰ ਵਾਤਾਵਰਣ ਤੇ ਮਿੱਟੀ ਲਈ ਕਾਫੀ ਲਾਹੇਵੰਦ ਮੰਨੀਆਂ ਜਾਂਦੀਆਂ ਹਨ ਕਿਉਂਕਿ ਫਲੀਦਾਰ ਬੂਟੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਵਰਤਣ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਵਿਚਲੀਆਂ ਗ੍ਰੰਥੀਆਂ ‘ਚ ਮੌਜੂਦ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ। ਖੇਤੀ ਮਾਹਿਰਾਂ ਅਨੁਸਾਰ ਦਾਲਾਂ ਵਾਲੀਆਂ ਫ਼ਸਲਾਂ ਹਵਾ ਵਿਚੋਂ ਇਕ ਸਾਲ ਅੰਦਰ ਔਸਤਨ 58-120 ਕਿਲੋ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਲੈਣ ਦੇ ਸਮਰੱਥ ਹੁੰਦੀਆਂ ਹਨ। ਦੂਜੇ ਪਾਸੇ ਅਨਾਜ ਵਾਲੀਆਂ ਫ਼ਸਲਾਂ ਦੀਆਂ ਜੜ੍ਹਾਂ ਗੁੰਝਲਦਾਰ ਹੋਣ ਕਾਰਨ ਇਹ ਧਰਤੀ ਦੀ ਸਿਰਫ ਉਪਰਲੀ ਪਰਤ ਵਿਚੋਂ ਹੀ ਉਪਜਾਊ ਤੱਤ ਲੈ ਸਕਦੀਆਂ ਹਨ ਜਦੋਂ ਕਿ ਦਾਲਾਂ ਵਾਲੀਆਂ ਫ਼ਸਲਾਂ ਦੀਆਂ ਜੜ੍ਹਾਂ ਜ਼ਮੀਨ ਵਿਚ ਕਾਫੀ ਡੂੰਘਾਈ ਤੱਕ ਜਾਣ ਦੇ ਸਮਰੱਥ ਹੋਣ ਕਾਰਨ ਇਹ ਜ਼ਮੀਨ ਦੀਆਂ ਹੇਠਲੀਆਂ ਪਰਤਾਂ ਵਿਚੋਂ ਤੱਤ ਸੋਖਣ ਦੇ ਨਾਲ ਨਾਲ ਉਨ੍ਹਾਂ ਤੱਤਾਂ ਨੂੰ ਜ਼ਮੀਨ ਦੀਆਂ ਉਪਰਲੀਆਂ ਤਹਿਆਂ ਤੱਕ ਲਿਆਉਣ ਦੇ ਸਮਰੱਥ ਹੁੰਦੀਆਂ ਹਨ। ਇਸ ਲਈ ਦਾਲਾਂ ਵਾਲੀਆਂ ਫ਼ਸਲਾਂ ਦੀ ਜੇਕਰ ਚੰਗੀਆਂ ਜ਼ਮੀਨਾਂ ਵਿਚ ਸਿੰਜਾਈ ਦੀਆਂ ਹਾਲਤਾਂ ਵਿਚ ਸੁਧਰੇ ਢੰਗਾਂ ਨਾਲ ਕਾਸ਼ਤ ਕੀਤੀ ਜਾਏ ਤਾਂ ਇਨ੍ਹਾਂ ਫ਼ਸਲਾਂ ਤੋਂ ਵੀ ਅਨਾਜ ਵਾਲੀਆਂ ਹੋਰ ਫ਼ਸਲਾਂ ਵਾਂਗ ਵਧੀਆ ਝਾੜ ਲਿਆ ਜਾ ਸਕਦਾ ਹੈ ਅਤੇ ਜ਼ਮੀਨ ਦੀ ਸਿਹਤ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਪ੍ਰੋਟੀਨ ਤੇ ਹੋਰ ਕਈ ਤਰ੍ਹਾਂ ਦੇ ਲਾਭਦਾਇਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਦਾਲਾਂ ਮਨੁੱਖੀ ਸਿਹਤ ਲਈ ਵੀ ਲਾਹੇਵੰਦ ਹਨ। ਖਾਸ ਤੌਰ ‘ਤੇ ਇਨ੍ਹਾਂ ਦੀ ਕਾਸ਼ਤ ਕਿਸਾਨਾਂ ਲਈ ਆਰਥਿਕ ਪੱਖੋਂ ਵੀ ਫਾਇਦੇਮੰਦ ਸਿੱਧ ਹੈ। ਲੂਣੀਆਂ, ਕਲਰਾਠੀਆਂ ਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਬਿਨਾਂ ਲਗਭਗ ਸਾਰੀਆਂ ਜ਼ਮੀਨਾਂ ‘ਚ ਮਾਂਹਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਗਰਮੀ ਰੁੱਤ ਦੇ ਮਾਂਹ ਕਮਾਦ, ਆਲੂ, ਤੋਰੀਏ ਜਾਂ ਰਾਇਆ ਆਦਿ ਫ਼ਸਲਾਂ ਦੇ ਵਿਹਲੇ ਹੋਏ ਖੇਤਾਂ ਵਿਚ ਬੀਜੇ ਜਾ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਗਈਆਂ ਮਾਂਹ 1008, ਮਾਂਹ 414 ਅਤੇ ਮਾਂਹ 218 ਕਿਸਮਾਂ ਦੀ ਅੱਧ ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਦਰਮਿਆਨ ਕਾਸ਼ਤ ਕਰਕੇ ਚੰਗੀ ਆਮਦਨ ਲਈ ਜਾ ਸਕਦੀ ਹੈ। ਇਹ ਕਿਸਮਾਂ ਤਕਰੀਬਨ 70-75 ਦਿਨਾਂ ਅੰਦਰ ਪੱਕ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੇ ਪ੍ਰਤੀ ਏਕੜ 20 ਕਿਲੋ ਬੀਜ (3.6 ਮਿਲੀਮੀਟਰ ਮੋਟੀ ਛਾਣਨੀ ਨਾਲ ਛਾਣ ਕੇ) ਨੂੰ 22.5 ਸੈਂਟੀਮੀਟਰ ਦੂਰੀ ਵਾਲੇ ਸਿਆੜਾਂ ‘ਤੇ ਬੂਟਿਆਂ ਵਿਚਕਾਰ 4-5 ਸੈਂਟੀਮੀਟਰ ਫਾਸਲਾ ਰੱਖ ਕੇ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਫ਼ਸਲ ਦੀ ਬਿਜਾਈ ਲਈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ। ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਦੇ ਇਕ ਮਹੀਨੇ ਬਾਅਦ ਗੋਡੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਫ਼ਸਲ ਦੇ ਬੂਟੇ ਵੱਡੇ ਹੋ ਕੇ ਜ਼ਮੀਨ ਨੂੰ ਢੱਕ ਲੈਂਦੇ ਹਨ ਤੇ ਘਾਹ ਫੂਸ ਨਹੀਂ ਵਧਦਾ। ਇਸ ਫ਼ਸਲ ਵਿਚ ਮੂੰਗੀ ਦੀ ਫ਼ਸਲ ਵਾਂਗ ਸਟੌਂਪ ਦਾ ਛਿੜਕਾਅ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਫ਼ਸਲ ਨੂੰ 3-4 ਸਿੰਜਾਈਆਂ ਦੀ ਲੋੜ ਪੈਂਦੀ ਹੈ ਜਿਸ ਵਿਚੋਂ ਅੰਤਿਮ ਸਿੰਜਾਈ ਬਿਜਾਈ ਦੇ 60 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਫ਼ਸਲ ਇਕਸਾਰ ਪੱਕਦੀ ਹੈ ਅਤੇ ਇਸ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਸ ਫ਼ਸਲ ਨੂੰ ਬਿਜਾਈ ਸਮੇਂ 11 ਕਿਲੋ ਯੂਰੀਆ ਖਾਦ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਖਾਦ ਪਾਉਣੀ ਚਾਹੀਦੀ ਹੈ। ਬੂਟਿਆਂ ਨੂੰ ਜੜ੍ਹੋਂ ਨਹੀਂ ਪੁੱਟਣਾ ਚਾਹੀਦਾ ਹੈ ਕਿਉਂਕਿ ਮਾਂਹਾਂ ਦੇ ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਖੁਰਾਕੀ ਤੱਤ ਜਮ੍ਹਾਂ ਕਰਦੀਆਂ ਹਨ ਜਿਨ੍ਹਾਂ ਨੂੰ ਪੁੱਟੇ ਜਾਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਅਸਰ ਪੈ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਮੂੰਗੀ ਦੀ ਐਸ. ਐਮ. ਐਲ 668 ਕਿਸਮ ਨੂੰ 15 ਤੋਂ 20 ਅਪ੍ਰੈਲ ਤੱਕ ਬੀਜਿਆ ਜਾ ਸਕਦਾ ਹੈ। ਇਹ ਫ਼ਸਲ ਕਰੀਬ 60 ਤੋਂ 65 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਕਾਰਨ ਸਮੇਂ ਸਿਰ ਬੀਜੀ ਗਈ ਇਸ ਫ਼ਸਲ ਨੂੰ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੱਟ ਕੇ ਸੰਭਾਲਿਆ ਜਾ ਸਕਦਾ ਹੈ। ਇਸ ਦੀ ਬਿਜਾਈ ਤੋਂ ਪਹਿਲਾਂ ਖੇਤ ਨੂੰ ਰੌਣੀ ਉਪਰੰਤ 2-3 ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਕਣਕ ਵੱਢਣ ਉਪਰੰਤ ਇਸ ਫ਼ਸਲ ਨੂੰ ਖੇਤ ਵਾਹੁਣ ਤੋਂ ਬਿਨਾਂ ਵੀ ਬੀਜਿਆ ਜਾ ਸਕਦਾ ਹੈ। ਜੇਕਰ ਕਣਕ ਦੀ ਫ਼ਸਲ ਕੰਬਾਈਨ ਨਾਲ ਵੱਢੀ ਗਈ ਹੋਏ ਅਤੇ ਨਾੜ ਖੇਤ ਵਿਚ ਹੀ ਹੋਏ ਤਾਂ ਹੈਪੀ ਸੀਡਰ ਨਾਲ ਮੂੰਗੀ ਦੀ ਫ਼ਸਲ ਬੀਜਣੀ ਚਾਹੀਦੀ ਹੈ। ਜੇਕਰ ਖੇਤ ਵਿਚ ਨਾੜ ਨਹੀਂ ਹੈ ਤਾਂ ਜ਼ੀਰੋ ਟਿਲੇਜ ਡਰਿਲ ਨਾਲ ਇਸ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਫ਼ਸਲ ਦੇ 15 ਕਿਲੋ ਪ੍ਰਤੀ ਏਕੜ ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਕੈਪਟਾਨ ਜਾਂ ਥੀਰਮ ਨਾਲ ਸੋਧ ਲੈਣਾ ਚਾਹੀਦਾ ਹੈ। ਖੇਤ ਵਿਚ 22.5 ਸੈਂਟੀਮੀਟਰ ਚੌੜੇ ਸਿਆੜਾਂ ਵਿਚ ਬੂਟੇ ਤੋਂ ਬੂਟਾ 7 ਸੈਂਟੀਮੀਟਰ ਫਾਸਲਾ ਰੱਖ ਕੇ ਇਸ ਫ਼ਸਲ ਦੀ ਬਿਜਾਈ ਕਰਨੀ ਚਾਹੀਦੀ ਹੈ। ਮੱਕੀ-ਕਣਕ-ਮੂੰਗੀ ਦੇ ਫ਼ਸਲੀ ਚੱਕਰ ਵਿਚ ਜੇਕਰ ਕਣਕ ਤੇ ਮੱਕੀ ਨੂੰ ਸਿਫਾਰਸ਼ ਕੀਤੀਆਂ ਖਾਦਾਂ ਪਾਈਆਂ ਗਈਆਂ ਹੋਣ ਤਾਂ ਮੂੰਗੀ ਦੀ ਫ਼ਸਲ ਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਹੁੰਦੀ। ਪਰ ਫਿਰ ਵੀ ਮਿੱਟੀ ਦੀ ਪਰਖ ਦੇ ਅਧਾਰ ‘ਤੇ ਜਾਂ ਖੇਤੀ ਮਾਹਿਰਾਂ ਦੀ ਸਿਫਾਰਸ਼ ‘ਤੇ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਫ਼ਸਲ ਦੀ ਚੰਗੀ ਪੈਦਾਵਾਰ ਲਈ ਢੁਕਵੀਂ ਸਿੰਜਾਈ ਬਹੁਤ ਅਹਿਮੀਅਤ ਰੱਖਦੀ ਹੈ। ਵੱਤਰ ਤੇ ਫ਼ਸਲ ਬੀਜਣ ਉਪਰੰਤ ਇਸ ਫ਼ਸਲ ਨੂੰ ਪਹਿਲਾ ਪਾਣੀ 25 ਦਿਨਾਂ ਬਾਅਦ ਅਤੇ ਫਿਰ 10-15 ਦਿਨਾਂ ਦੇ ਫਰਕ ਨਾਲ ਦੇਣਾ ਚਾਹੀਦਾ ਹੈ। ਅਖੀਰਲਾ ਪਾਣੀ 55 ਦਿਨ ਮਗਰੋਂ ਹੀ ਦੇਣਾ ਚਾਹੀਦਾ ਹੈ। ਗਰਮੀ ਦਾ ਮੌਸਮ ਹੋਣ ਕਾਰਨ ਇਸ ਫ਼ਸਲ ਵਿਚ ਨਦੀਨ ਵੀ ਕਾਫੀ ਮਾਤਰਾ ਵਿਚ ਹੋ ਜਾਂਦੇ ਹਨ। ਇਨ੍ਹਾਂ ਨੂੰ ਖਤਮ ਕਰਨ ਲਈ ਬਿਜਾਈ ਦੇ 25 ਅਤੇ 40 ਦਿਨਾਂ ਮਗਰੋਂ ਦੋ ਗੋਡੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਖੇਤ ਵਿਚ 600 ਮਿਲੀਲਿਟਰ ਬਾਸਾਲਿਨ 45 ਈ. ਸੀ ਦਾ ਛਿੜਕਾਅ ਕਰਕੇ ਜਾਂ ਬਿਜਾਈ ਦੇ 2 ਦਿਨਾਂ ਬਾਅਦ ਪ੍ਰਤੀ ਏਕੜ ਇਕ ਲਿਟਰ ਸਟੌਂਪ 30 ਈ. ਸੀ ਨੂੰ 200 ਲਿਟਰ ਪਾਣੀ ਵਿਚ ਪਾ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 600 ਮਿਲੀਲਿਟਰ ਸਟੌਂਪ ਨੂੰ ਬਿਜਾਈ ਦੇ ਦੋ ਦਿਨਾਂ ਬਾਅਦ ਛਿੜਕ ਕੇ ਅਤੇ ਬਾਅਦ ਵਿਚ 25 ਕੁ ਦਿਨਾਂ ਬਾਅਦ ਇਕ ਗੋਡੀ ਕਰਕੇ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਦੋਂ ਮੂੰਗੀ ਦੀਆਂ 80 ਫੀਸਦੀ ਫਲੀਆਂ ਪੱਕ ਜਾਣ ਤਾਂ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। –

ਰਦਾਸਪੁਰ।
ਹਰਮਨਪ੍ਰੀਤ ਸਿੰਘ
(source Ajit)