ਪੰਜਾਬ ਖੇਤੀ ਵਿਚ ਥਰੈਸ਼ਰ ਦੀ ਸ਼ੁਰੂਆਤ ਸਮੇਂ ਬਹੁਗਿਣਤੀ ਵਿਚ ਹਾਦਸੇ ਵਾਪਰੇ, ਜਿਸ ਨਾਲ ਕਾਮਿਆਂ ਦੇ ਹੱਥਾਂ-ਬਾਹਵਾਂ ਦਾ ਸਰੀਰਕ ਨੁਕਸਾਨ ਹੋਇਆ। ਇਸ ਦੇ ਸਿੱਟੇ ਵਜੋਂ ਥਰੈਸ਼ਰ ਸੁਰੱਖਿਆ ਉੱਪਰ ਕੰਮ ਸ਼ੁਰੂ ਹੋਇਆ ਅਤੇ ਸੁਰੱਖਿਅਤ ਪਰਨਾਲੇ ਸਮੇਤ ਕਈ ਉਪਰਾਲੇ ਈਜ਼ਾਦ ਕੀਤੇ ਗਏ, ਜਿਸ ਕਰਕੇ ਹਾਦਸੇ ਕਾਫ਼ੀ ਗਿਣਤੀ ਵਿਚ ਘਟ ਗਏ। ਮੌਜੂਦਾ ਸਮੇਂ ਵਿਚ ਵੀ ਥਰੈਸ਼ਰ ਹਾਦਸੇ ਕਾਫ਼ੀ ਵਾਪਰ ਰਹੇ ਹਨ, ਜਿਨ੍ਹਾਂ ਦੇ ਮੁੱਖ ਕਾਰਨ ਇਸ ਤਰ੍ਹਾਂ ਹਨ:
ਮਨੁੱਖੀ ਕਾਰਨ : ਮਸ਼ੀਨ ‘ਤੇ ਦਿਨ-ਰਾਤ ਲਗਾਤਾਰ ਕੰਮ ਕਰਨ ਨਾਲ ਥਕਾਵਟ ਅਤੇ ਉਨੀਂਦਰੇ ਦੀ ਹਾਲਤ ਪੈਦਾ ਹੁੰਦੀ ਹੈ, ਜਿਸ ਨਾਲ ਸਰੀਰਕ ਸੰਤੁਲਨ ਵਿਗੜਦਾ ਹੈ ਅਤੇ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਰੁੱਗ ਲਾਉਣ ਵਾਲਾ ਵਿਅਕਤੀ ਤਜਰਬੇਕਾਰ ਨਾ ਹੋਵੇ ਜਾਂ ਉਹ ਅਣਗਹਿਲੀ ਨਾਲ ਕੰਮ ਕਰਦਾ ਹੈ ਜਾਂ ਆਲੇ-ਦੁਆਲੇ ਖੜ੍ਹੇ ਲੋਕਾਂ ਨਾਲ ਗੱਲਾਂ ਵਿਚ ਰੁੱਝ ਜਾਂਦਾ ਹੈ ਤਾਂ ਹਾਦਸੇ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਨਸ਼ਿਆਂ ਦੀ ਵਰਤੋਂ ਕਰਨ ਨਾਲ ਵਿਅਕਤੀ ਦਾ ਆਪਣੇ ਸਰੀਰਕ ਅੰਗਾਂ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਰਹਿੰਦਾ ਅਤੇ ਉਹ ਜਲਦੀ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਥਰੈਸ਼ਰ ‘ਤੇ ਕੰਮ ਕਰਦਿਆਂ ਖੁੱਲ੍ਹੇ ਕੱਪੜੇ, ਕੜਾ, ਘੜੀ ਆਦਿ ਵੀ ਕਈ ਵਾਰ ਰੁੱਗ ਨਾਲ ਫਸ ਜਾਂਦੇ ਹਨ ਅਤੇ ਸਿੱਟੇ ਵਜੋਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਕਾਮਿਆਂ ਵੱਲੋਂ ਪਿੜ ਵਿਚ ਬੀੜੀ, ਸਿਗਰਟ, ਮਾਚਿਸ ਆਦਿ ਦੀ ਵਰਤੋਂ ਨਾਲ ਵੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਮਸ਼ੀਨੀ ਕਾਰਨ : ਰੁੱਗ ਲਾਉਣ ਵਾਲੇ ਪਰਨਾਲੇ ਦੀ ਘੱਟ ਲੰਬਾਈ ਜ਼ਿਆਦਾਤਰ ਥਰੈਸ਼ਰ ਹਾਦਸਿਆਂ ਦਾ ਕਾਰਨ ਬਣਦੀ ਹੈ। ਚਲਦੇ ਅਤੇ ਘੁੰਮਦੇ ਪੁਰਜਿਆਂ ਜਿਵੇਂ ਕਿ ਬੈਲਟ, ਪੁਲੀ, ਚੈਨ, ਗਰਾਰੀ, ਚਰਖੀ, ਗੀਅਰ, ਧੁਰਾ ਆਦਿ ਦੇ ਉੱਪਰ ਜਾਲੀ ਜਾਂ ਕਵਰ ਨਾ ਹੋਣਾ ਥਰੈਸ਼ਰ ਹਾਦਸਿਆਂ ਦਾ ਦੂਸਰਾ ਮੁੱਖ ਕਾਰਨ ਹੈ। ਰੁੱਗ ਵਾਪਸ ਖਿੱਚਣ ਵਾਲੇ ਯੰਤਰ ਦੀ ਘਾਟ ਜਾਂ ਮਸ਼ੀਨ ਦੇ ਸੁਚੱਜੇ ਰੱਖ-ਰਖਾਵ ਦੀ ਘਾਟ ਵੀ ਥਰੈਸ਼ਰ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।
ਫਸਲੀ ਕਾਰਨ : ਵੱਡਾ ਜਾਂ ਭਾਰਾ ਰੁੱਗ ਲਾਉਣ ਕਰਕੇ ਮਸ਼ੀਨ ਦਾ ਰੁਕਣਾ, ਗਹਾਈ ਲਈ ਘੁੰਡੀਆਂ ਦੀ ਵਰਤੋਂ ਕਰਨਾ, ਗਿੱਲੀ ਫਸਲ ਦੀ ਗਹਾਈ ਕਰਨਾ ਆਦਿ ਵੀ ਕਾਫ਼ੀ ਹਾਦਸਿਆਂ ਦਾ ਕਾਰਨ ਬਣਦੀ ਹੈ।
ਮੌਕੇ ਦੇ ਹਾਲਾਤ : ਸ਼ਾਮ ਵੇਲੇ ਜਾਂ ਰਾਤ ਨੂੰ ਗਹਾਈ ਕਰਨ ਵੇਲੇ ਕਾਮੇ ਨੂੰ ਘੱਟ ਦਿਖਾਈ ਦਿੰਦਾ ਹੈ ਅਤੇ ਨਾਲ ਹੀ ਉਹ ਸਾਰੇ ਦਿਨ ਦਾ ਥੱਕਿਆ ਹੁੰਦਾ ਹੈ, ਜਿਸ ਕਰਕੇ ਥਰੈਸ਼ਰ ਹਾਦਸੇ ਦਾ ਡਰ ਵਧ ਜਾਂਦਾ ਹੈ। ਜੇਕਰ ਥਰੈਸ਼ਰ ਦੇ ਆਲੇ-ਦੁਆਲੇ ਪਿੜ ਖੁੱਲਾ-ਡੁੱਲਾ ਨਾ ਹੋਵੇ ਜਾਂ ਪੱਧਰੀ ਨਾ ਹੋਵੇ ਜਾਂ ਕੋਈ ਹੋਰ ਸਮਾਨ ਮਸ਼ੀਨਾਂ ਆਦਿ ਪਈਆਂ ਹੋਣ ਤਾਂ ਕੰਮ ਵਿਚ ਰੁਕਾਵਟ ਪੈਂਦੀ ਹੈ ਅਤੇ ਕਾਮੇ ਦਾ ਧਿਆਨ ਗਹਾਈ ਵੱਲੋਂ ਹਟ ਜਾਂਦਾ ਹੈ।
ਜ਼ਰੂਰੀ ਸੁਰੱਖਿਆ ਹਦਾਇਤਾਂ
ਥਰੈਸ਼ਰ ਹਾਦਸੇ ਤੋਂ ਬਚਾਓ ਲਈ ਸਰਕਾਰ ਵੱਲੋਂ ਸਿਫ਼ਾਰਸ਼ ਕੀਤਾ ਪਰਨਾਲਾ ਹੀ ਵਰਤੋ। ਸੁਰੱਖਿਆ ਪਰਨਾਲੇ ਦੀ ਘੱਟੋ-ਘੱਟ ਲੰਬਾਈ 90 ਸੈਂਟੀਮੀਟਰ (3 ਫੁੱਟ) ਅਤੇ ਉੱਪਰਲਾ ਕਵਰ 45 ਸੈਂਟੀਮੀਟਰ (1.5 ਫੁੱਟ) ਹੋਣਾ ਚਾਹੀਦਾ ਹੈ। ਇਸ ਦੀ ਵਰਤੋਂ ਨਾਲ ਉਂਗਲੀਆਂ ਅਤੇ ਹੱਥ ਥਰੈਸ਼ਰ ਦੇ ਬਲੇਡਾਂ ਤੋਂ ਦੂਰ ਰਹਿ ਜਾਂਦੇ ਹਨ ਅਤੇ ਨਤੀਜੇ ਵਜੋਂ ਉਂਗਲਾਂ ਜਾਂ ਹੱਥਾਂ ਦੇ ਵੱਢੇ ਜਾਣ ਦਾ ਡਰ ਖਤਮ ਹੋ ਜਾਂਦਾ ਹੈ।
ਹੜੰਬਾ ਥਰੈਸ਼ਰ ਖਰੀਦਣ ਵੇਲੇ ਰੁੱਗ ਵਾਪਸ ਖਿੱਚਣ ਵਾਲਾ ਯੰਤਰ ਜ਼ਰੂਰ ਲਗਵਾਓ। ਇਹ ਯੰਤਰ ਭਾਰਾ ਰੁੱਗ ਲੱਗਣ ਦੀ ਸੂਰਤ ਵਿਚ ਗਰਾਰੀ ਦੇ ਚੱਕਰ ਉਲਟਾ ਦਿੰਦਾ ਹੈ ਅਤੇ ਰੁੱਗ ਵਾਪਸ ਆ ਜਾਂਦਾ ਹੈ। ਰੁੱਗ ਲਗਵਾਉਂਦੇ ਸਮੇਂ ਹੱਥ ਜਾਂ ਕੱਪੜੇ ਜਾਂ ਕੜਾ ਵਗੈਰਾ ਫਸ ਕੇ ਥਰੈਸ਼ਰ ਵਿਚ ਜਾਣ ਦੀ ਸੂਰਤ ਸਮੇਂ ਜੇਕਰ ਇਸ ਯੰਤਰ ਦੀ ਵਰਤੋਂ ਕੀਤੀ ਜਾਵੇ ਤਾਂ ਸੱਟ ਤੋਂ ਬਚਿਆ ਜਾ ਸਕਦਾ ਹੈ ਜਾਂ ਉਸ ਦੀ ਮਿਕਦਾਰ ਘਟਾਈ ਜਾ ਸਕਦੀ ਹੈ।
* ਥਰੈਸ਼ਰ ਦੇ ਆਲੇ-ਦੁਆਲੇ ਥਾਂ ਖੁੱਲ੍ਹੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਹੋਣੀ ਚਾਹੀਦੀ ਹੈ। ਬਿਜਲੀ ਦੀ ਮੋਟਰ ਨੂੰ ਬੰਦ ਕਰਨ ਵਾਲਾ ਸਵਿਚ ਕਾਮੇ ਦੇ ਨੇੜੇ ਚਾਹੀਦਾ ਹੈ ਤਾਂ ਕਿ ਸੰਕਟ ਦੀ ਹਾਲਤ ਵਿਚ ਮੋਟਰ ਜਲਦੀ ਬੰਦ ਹੋ ਸਕੇ।
* ਥਰੈਸ਼ਰ ‘ਤੇ ਕੰਮ ਕਰਦੇ ਸਮੇਂ ਖੁੱਲ੍ਹੇ ਕੱਪੜੇ ਖ਼ਾਸ ਕਰਕੇ ਧੋਤੀ, ਦੁਪੱਟਾ, ਖੁੱਲ੍ਹੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਘੜੀ ਤੇ ਕੜਾ ਆਦਿ ਨਾ ਪਾਓ।
* ਨਸ਼ਾ ਵਗੈਰਾ ਖਾ ਕੇ ਥਰੈਸ਼ਰ ਚਲਾਉਣ ਦਾ ਕੰਮ ਨਾ ਕਰੋ।
* ਥਰੈਸ਼ਰ ਰਾਤ ਨੂੰ ਚਲਾਉਣ ਤੋਂ ਗੁਰੇਜ਼ ਕਰੋ।
* ਪਟੇ ਦੇ ਉੱਪਰ ਦੀ ਜਾਂ ਨੇੜੇ ਦੀ ਨਾ ਲੰਘੋ।
* ਘੁੰਡੀਆਂ ਆਦਿ ਨੂੰ ਥਰੈਸ਼ਰ ਵਿਚ ਪਾਉਣ ਤੋਂ ਸੰਕੋਚ ਕਰੋ, ਕਿਉਂਕਿ ਇਸ ਤਰ੍ਹਾਂ ਹੱਥ ਵਿਚ ਆਉਣ ਦਾ ਡਰ ਰਹਿੰਦਾ ਹੈ। ਇਸੇ ਤਰ੍ਹਾਂ ਹੀ ਸਿੱਲ੍ਹੀ ਫਸਲ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਇਸ ਨਾਲ ਅੱਗ ਲੱਗ ਸਕਦੀ ਹੈ। ਛੋਟੀ ਫਸਲ ਨੂੰ ਰੁੱਗ ਲਾਉਣ ਸਮੇਂ ਖ਼ਾਸ ਧਿਆਨ ਰੱਖੋ।
* ਮਿੱਟੀ-ਘੱਟੇ ਤੋਂ ਬਚਣ ਲਈ ਪਰਨੇ ਅਤੇ ਐਨਕ ਦੀ ਵਰਤੋਂ ਕਰੋ।
* ਕਿਸੇ ਆਦਮੀ ਨੂੰ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੀਦਾ। ਥਕੇਵਾਂ ਜਾਂ ਉਨੀਂਦਰਾ ਹੋਣ ਕਰਕੇ ਹਾਦਸੇ ਦਾ ਜੋਖਮ ਵਧ ਜਾਂਦਾ ਹੈ।
* ਕੰਮ ਕਰਦੇ ਸਮੇਂ ਗੱਲਾਂ ਵਿਚ ਨਾ ਰੁੱਝੋ ਤੇ ਨਾ ਹੀ ਕਿਸੇ ਹੋਰ ਪਾਸੇ ਧਿਆਨ ਦਿਓ। * ਪਿੜ ਵਿਚ ਸਿਗਰਟ ਨਾ ਪੀਓ ਅਤੇ ਨਾ ਹੀ ਅੱਗ ਬਾਲੋ।
* ਪਿੜ ਵਿਚ ਰੇਤ ਦਾ ਢੇਰ ਲਾਓ ਤਾਂ ਕਿ ਅੱਗ ਲੱਗਣ ਵੇਲੇ ਛੇਤੀ ਕਾਬੂ ਪਾਇਆ ਜਾ ਸਕੇ।
* ਮੱਲ੍ਹਮ ਪੱਟੀ ਦਾ ਸਮਾਨ ਕੋਲ ਰੱਖੋ।
ਸੁਰੱਖਿਆ ਪ੍ਰਣਾਲੀਆਂ
ਸਿਫ਼ਾਰਸ਼ ਕੀਤਾ ਸੁਰੱਖਿਅਤ ਪਰਨਾਲਾ : ਥਰੈਸ਼ਰ ਦੇ ਪਰਨਾਲੇ ਦੀ ਲੰਬਾਈ ਘੱਟੋ-ਘੱਟ ਤਿੰਨ ਫੁੱਟ ਅਤੇ ਉੱਪਰਲੇ ਕਵਰ ਦੀ ਲੰਬਾਈ ਘੱਟੋ-ਘੱਟ ਡੇਢ ਫੁੱਟ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦੀ ਵਰਤੋਂ ਨਾਲ ਹੱਥ ਜਾਂ ਥਰੈਸ਼ਰ ਦੇ ਡਰੰਮ ਵਿਚ ਆਉਣ ਤੋਂ ਬਚਾਅ ਰਹਿੰਦਾ ਹੈ।
ਰੁੱਗ ਵਾਪਸ ਖਿੱਚਣ ਵਾਲਾ ਯੰਤਰ : ਇਹ ਸੁਰੱਖਿਆ ਯੰਤਰ ਵੱਡੇ ਥਰੈਸ਼ਰਾਂ ਉੱਪਰ ਫਿੱਟ ਕੀਤਾ ਜਾਂਦਾ ਹੈ ਅਤੇ ਸੱਟ ਦੀ ਮਿਕਦਾਰ ਨੂੰ ਘਟਾਉਣ ਲਈ ਕੰਮ ਆਉਂਦਾ ਹੈ। ਇਹ ਇਕ ਗਿਅਰ ਸਿਸਟਮ ਹੈ, ਜਿਸ ਨੂੰ ਇਕ ਲੀਵਰ ਰਾਹੀਂ ਰੁੱਗ ਨੂੰ ਵਾਪਸ ਖਿੱਚਣ ਲਈ ਵਰਤਿਆ ਜਾਂਦਾ ਹੈ। ਖੁੱਲ੍ਹੇ ਕੱਪੜੇ ਜਾਂ ਵਾਲ ਜਾਂ ਕੜੇ ਦੇ ਰੁੱਗ ਨਾਲ ਫਸ ਕੇ ਅੰਦਰ ਜਾਣ ਵੇਲੇ ਇਸ ਯੰਤਰ ਦੀ ਵਰਤੋਂ ਕਰਕੇ ਰੁੱਗ ਨੂੰ ਵਾਪਸ ਕੀਤਾ ਜਾ ਸਕਦਾ ਹੈ।
ਗਤੀਮਾਨ ਪੁਰਜ਼ਿਆਂ ਉੱਪਰ ਕਵਰ : ਚਲਦੇ ਅਤੇ ਘੁੰਮਦੇ ਪੁਰਜ਼ਿਆਂ ਜਿਵੇਂ ਕਿ ਪਹੀਆ, ਬੈਲਟ, ਚਰਖੀ, ਗੀਅਰ, ਚੇਨ, ਗਰਾਰੀ, ਧੁਰਾ ਆਦਿ ਉੱਪਰ ਲੱਗੇ ਹੋਏ ਕਵਰ ਹਰੇਕ ਮਸ਼ੀਨ ਨਾਲ ਸਬੰਧਤ ਹਾਦਸਿਆਂ ਦੇ ਜੋਖਮ ਨੂੰ ਬਹੁਤ ਹੱਦ ਤੱਕ ਘਟਾ ਦਿੰਦੇ ਹਨ।
ਰੁੱਗ ਥਰੈਸ਼ਰ ਡਰੰਮ ਤੱਕ ਪਹੁੰਚਾਉਣ ਵਾਲੀ ਪ੍ਰਣਾਲੀ : ਵੱਡੇ ਥਰੈਸ਼ਰ ਜਿਵੇਂ ਕਿ ਹੜੰਬਾ ਥਰੈਸ਼ਰ ਨਾਲ ਬੈਲਟ ਚੇਨ ਵਾਲੀ ਇਹ ਪ੍ਰਣਾਲੀ ਲਗਾ ਕੇ ਰੁੱਗ ਨੂੰ ਥਰੈਸ਼ਰ ਦੇ ਡਰੰਮ ਤੱਕ ਪਹੁੰਚਾਇਆ ਜਾਸਕਦਾ ਹੈ। ਇਹ ਪ੍ਰਣਾਲੀ ਫਸਲ ਦੇ ਰੁੱਗ ਨੂੰ ਕਾਮੇ ਦੀ ਕੂਹਣੀ ਬਰਾਬਰ ਉਚਾਈ ਤੋਂ ਚੁੱਕ ਕੇ ਥਰੈਸ਼ਰ ਦੇ ਡਰਮ ਅੰਦਰ ਲੈ ਜਾਂਦੀ ਹੈ। ਇਸ ਦੀ ਵਰਤੋਂ ਨਾਲ ਜਿੱਥੇ ਥਰੈਸ਼ਰ ਹਾਦਸੇ ਹੋਣ ਦਾ ਡਰ ਘਟ ਜਾਂਦਾ ਹੈ ਉਥੇ ਕਾਮੇ ਵੀ ਆਰਾਮ ਨਾਲ ਲੰਬੇ ਸਮੇਂ ਤੱਕ ਕੰਮ ਕਰ ਸਕਦੇ ਹਨ।
-ਨਰੇਸ਼ ਕੁਮਾਰ ਛੁਨੇਜਾ ਅਤੇ ਅਜੈਬ ਸਿੰਘ
ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ,
ਕੇ. ਵੀ. ਕੇ. ਹੁਸ਼ਿਆਰਪੁਰ।
(source Ajit)