ਟਿੱਬਾ ਸਬ ਸਟੇਸ਼ਨ ਤੋਂ ਬਿਜਲੀ ਰਾਤ ਵੇਲੇ ਆਉਣ ਨਾਲ ਕਿਸਾਨ ਪ੍ਰੇਸ਼ਾਨ।

70

ਟਿੱਬਾ ਸਬ ਸਟੇਸ਼ਨ 33 ਕੇ.ਵੀ. ਤੋਂ ਨਸੀਰਪੁਰ, ਕਾਨ੍ਹਾ, ਬੂਲਪੁਰ, ਠੱਟਾ, ਸਾਬੂਵਾਲ, ਦਰੀਏਵਾਲ ਤੇ ਕਾਲਰੂ ਫੀਡਰਾਂ ਨੂੰ ਰਾਤ ਵੇਲੇ ਬਿਜਲੀ ਸਪਲਾਈ ਮਿਲਣ ਕਾਰਨ ਆਲੂ, ਗੋਭੀ, ਟਮਾਟਰ ਅਤੇ ਹੋਰ ਸਬਜ਼ੀਆਂ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਹੁਤ ਸਾਰੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਦਿਨੀਂ ਕੋਰਾ ਪੈਣ ਕਾਰਨ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਬਜ਼ੀਆਂ ਨੂੰ ਕੌਰੇ ਦੀ ਮਾਰ ਤੋਂ ਬਚਾਉਣ ਲਈ ਪਾਣੀ ਲਾਉਣਾ ਬੇਹੱਦ ਲਾਜ਼ਮੀ ਹੈ ਪਰ ਪਾਵਰਕਾਮ ਵਾਲੇ ਬਿਜਲੀ ਸਪਲਾਈ ਰਾਤ ਵੇਲੇ ਦੇਣ ਨਾਲ ਕਿਸਾਨ ਬੇਹੱਦ ਪ੍ਰੇਸ਼ਾਨੀ ਵਿਚ ਗੁਜ਼ਰ ਰਹੇ ਹਨ | ਪਾਣੀ ਨਾ ਲਾਉਣ ਕਾਰਨ ਬਹੁਤ ਸਾਰੇ ਕਿਸਾਨਾਂ ਦੀਆਂ ਸਬਜ਼ੀਆਂ ਦੀ ਫ਼ਸਲ ਨੂੰ ਖ਼ਰਾਬ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਇਨ੍ਹਾਂ ਕਿਸਾਨਾਂ ਨੇ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਫੀਡਰਾਂ ਨੂੰ ਦਿਨ ਵੇਲੇ ਬਿਜਲੀ ਦੇਣ ਦੇ ਪ੍ਰਬੰਧ ਕੀਤੇ ਜਾਣ | ਜੇਕਰ ਅਜਿਹਾ ਜਲਦ ਨਾ ਕੀਤਾ ਗਿਆ ਤਾਂ ਕਿਸਾਨ ਮਜ਼ਬੂਰ ਹੋ ਕੇ 33 ਕੇ.ਵੀ. ਸਬ ਸਟੇਸ਼ਨ ਟਿੱਬਾ ਦਾ ਤੇ ਅਧਿਕਾਰੀਆਂ ਘੇਰਾਓ ਕਰਨਗੇ | ਇਹ ਮੰਗ ਕਰਨ ਵਾਲੇ ਕਿਸਾਨਾਂ ‘ਚ ਨਿਰਮਲ ਸਿੰਘ ਨਸੀਰਪੁਰ, ਗੁਰਦੀਪ ਸਿੰਘ, ਨੰਬਰਦਾਰ ਕੰਵਰਜੀਤ ਸਿੰਘ, ਪੁਸ਼ਪਿੰਦਰ ਸਿੰਘ ਗੋਲਡੀ, ਜਗੀਰ ਸਿੰਘ, ਬਲਦੇਵ ਸਿੰਘ ਸਰਪੰਚ ਬੂਲਪੁਰ, ਸਵਰਨ ਸਿੰਘ | ਸਲਵਿੰਦਰ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ ਸਰਪੰਚ ਕਾਲਰੂ, ਸੁਰਿੰਦਰ ਸਿੰਘ ਸਰਪੰਚ, ਮਲਕੀਤ ਸਿੰਘ, ਕਰਮਜੀਤ ਸਿੰਘ ਠੱਟਾ ਨਵਾਂ, ਗੁਰਦੀਪ ਸਿੰਘ, ਹਰਬੰਸ ਸਿੰਘ ਨਸੀਰਪੁਰ, ਸਰਵਣ ਸਿੰਘ ਚੰਦੀ ਤੇ ਹੋਰ ਬਹੁਤ ਸਾਰੇ ਕਿਸਾਨ ਸ਼ਾਮਿਲ ਸਨ |