ਟਿੱਬਾ ਸਬ-ਡਵੀਜ਼ਨ ‘ਚ ਟੈਕਨੀਕਲ ਯੂਨੀਅਨ ਵਲੋਂ ਹੜਤਾਲ ਸ਼ਰੂ।

47

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਦੇ ਅੜੀਅਲ ਰਵੱਈਏ ਖ਼ਿਲਾਫ ਤੇ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜੁਆਇੰਟ ਫਰੰਟ ਦੇ ਸੱਦੇ ‘ਤੇ ਟਿੱਬਾ ਸਬ-ਡਵੀਜ਼ਨ ‘ਚ ਟੈਕਨੀਕਲ ਯੂਨੀਅਨ ਦੇ ਕਰਮਚਾਰੀਆਂ ਵਲੋਂ ਦੋ ਰੋਜ਼ਾ ਹੜਤਾਲ ਸ਼ੁਰੂ ਕੀਤੀ ਗਈ। ਦੋ ਦਿਨ ਚੱਲਣ ਵਾਲੀ ਇਸ ਹੜਤਾਲ ਬਾਰੇ ਦੱਸਦਿਆਂ ਨੌਜਵਾਨ ਆਗੂ ਸੁਖਦੇਵ ਸਿੰਘ ਟਿੱਬਾ, ਸ਼ਿੰਗਾਰਾ ਸਿੰਘ ਜੇ. ਈ., ਅਮਰਜੀਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਸੰਧੂ, ਕਸ਼ਮੀਰ ਚੰਦ ਆਦਿ ਮੁਲਾਜ਼ਮਾਂ ਨੇ ਦੱਸਿਆ ਕਿ ਪਾਵਰਕਾਮ ਦੇ ਉਚ ਅਧਿਕਾਰੀ ਮੁਲਾਜ਼ਮ ਜਥੇਬੰਦੀਆਂ ਨਾਲ ਸਮਝੌਤੇ ਲਾਗੂ ਕਰਨ ਸਮੇਂ ਟਾਲ-ਮਟੋਲ ਦੀ ਨੀਤੀ ਅਖ਼ਤਿਆਰ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਜਾਣ-ਬੁੱਝ ਕੇ ਮੁਲਾਜ਼ਮਾਂ ਨੂੰ ਤੰਗ ਕਰ ਰਹੀ ਹੈ ਜਿਸ ਕਾਰਨ ਮਜਬੂਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਹੈ। ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਕੋਈ ਭਰਤੀ ਨਾ ਕਰਕੇ ਪੁਰਾਣੇ ਮੁਲਾਜ਼ਮਾਂ ਤੋਂ ਵਾਧੂ ਕੰਮ ਲੈ ਕੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਣਾਅ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਸਾਰੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ। ਸੁਖਦੇਵ ਸਿੰਘ ਟਿੱਬਾ ਨਾਲ ਹੋਰ ਆਗੂਆਂ ਨੇ ਦੱਸਿਆ ਕਿ ਮੈਨੇਜਮੈਂਟ ਪਹਿਲਾਂ ਆਪ ਹੀ ਠੇਕੇ ‘ਤੇ ਭਰਤੀ ਕਰਨ ਲਈ ਇਸ਼ਤਿਹਾਰ ਦਿੰਦੀ ਹੈ ਤੇ ਫਿਰ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਭਰਤੀ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਕਮੀ ਕਾਰਨ ਤੇ ਮੈਨੇਜਮੈਂਟ ਦੀਆਂ ਘਟੀਆ ਨੀਤੀਆਂ ਕਾਰਨ ਪਾਵਰਕਾਮ ਤਬਾਹ ਹੋ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਟਿੱਬਾ ਸਬ-ਡਵੀਜ਼ਨ ‘ਚ 50 ਫੀਸਦੀ ਤੋਂ ਵੱਧ ਪੋਸਟਾਂ ਖਾਲੀ ਹਨ ਤੇ ਟੈਕਨੀਕਲ ਕਾਮੇ ਦਫਤਰੀ ਕਾਰਜ ਕਰਨ ਲਈ ਮਜਬੂਰ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਟਿੱਬਾ ਸਬ-ਡਵੀਜ਼ਨ ‘ਚ ਕੋਈ ਵੀ ਕੈਸ਼ੀਅਰ ਨਹੀਂ ਹੈ ਤੇ ਬਿੱਲ ਜਮ੍ਹਾ ਕਰਨ ਲਈ ਵੀ ਟੈਕਨੀਕਲ ਕਾਮੇ ਡਿਊਟੀ ਨਿਭਾ ਰਹੇ ਹਨ। ਟਿੱਬਾ ਸਬ-ਡਵੀਜ਼ਨ ‘ਚ ਕਲੈਰੀਕਲ ਅਸਾਮੀਆਂ ‘ਚੋਂ ਸਿਰਫ ਇਕ ਭਰੀ ਹੋਈ ਹੈ ਤੇ ਮੀਟਰ ਰੀਡਰਾਂ ਦੀ ਕਮੀ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ। ਗੌਰਤਲਬ ਹੈ ਕਿ ਪਾਵਰਕਾਮ ਅਧਿਕਾਰੀਆਂ ਤੇ ਜੁਆਇੰਟ ਫਾਰਮ ਵਿਚਾਲੇ ਗੱਲਬਾਤ ਟੁੱਟਣ ਤੋਂ ਬਾਅਦ ਇਹ ਦੋ ਦਿਨਾ ਹੜਤਾਲ 18 ਤੇ 19 ਜੂਨ ਨੂੰ ਪੂਰੇ ਪੰਜਾਬ ‘ਚ ਕੀਤੀ ਜਾ ਰਹੀ ਹੈ।