ਝੋਨੇ ਦੀ ਸਿੱਧੀ ਬਿਜਾਈ ਕਿਉਂ ਅਤੇ ਕਿਵੇਂ

81

573488__chona

ਝੋਨਾ ਦੱਖਣੀ ਏਸ਼ਿਆਈ ਦੇਸ਼ਾਂ ਦੇ ਕਰੋੜਾਂ ਪੇਂਡੂ ਅਤੇ ਸ਼ਹਿਰੀ ਲੋਕਾਂ ਦੇ ਅਨਾਜ ਪੂਰਤੀ ਲਈ ਇਕ ਮਹੱਤਵਪੂਰਨ ਕਾਰਜ ਨਿਭਾਉਂਦਾ ਹੈ ਅਤੇ ਕਰੋੜਾਂ ਭਾਰਤੀ ਲੋਕਾਂ ਦੇ ਗੁਜ਼ਾਰੇ ਦਾ ਕਾਰਨ ਹੋਣ ਕਰਕੇ, ਪਿਛਲੇ ਚਾਰ ਦਹਾਕਿਆ ਵਿਚ ਭਾਰਤ ਵਿਚ ਝੋਨੇ ਥੱਲੇ ਰਕਬਾ 40 ਲੱਖ ਹੈਕਟੇਅਰ ਤੋਂ ਵੱਧ ਕੇ 123 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਦੇ ਲਗਾਤਾਰ ਵਧਦੇ ਉਤਪਾਦਨ ਦੇ ਦੋ ਮੁੱਖ ਕਾਰਨ ਹਨ- ਇਕ ਤਾਂ ਝੋਨੇ ਥੱਲੇ ਜ਼ਿਆਦਾ ਰਕਬੇ ਦਾ ਹੋਣਾ ਅਤੇ ਦੂਜਾ ਵਧੀਆ ਕਿਸਮਾਂ, ਖਾਦ, ਰਸਾਇਣਾਂ ਦੀ ਵਰਤੋਂ ਅਤੇ ਵਧੀਆ ਕਾਸ਼ਤਕਾਰੀ ਤਕਨੀਕਾਂ ਆਦਿ। ਆਉਣ ਵਾਲੇ ਜ਼ਮੀਨੀ ਪਾਣੀ ਸੰਕਟ ਨੂੰ ਦੇਖਦੇ ਹੋਏ ਅਮਰੀਕਾ, ਰੂਸ ਅਤੇ ਜਪਾਨ ਵਰਗੇ ਕਈ ਵਿਕਸਿਤ ਮੁਲਕਾਂ ਨੇ ਚੰਦ ਅਤੇ ਮੰਗਲ ਵਰਗੇ ਗ੍ਰਹਿਆਂ ‘ਤੇ ਵੀ ਪਾਣੀ ਦੀ ਹੋਂਦ ਨੂੰ ਲੱਭਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ। ਪਰ ਹੁਣ ਤੱਕ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੇਕਰ ਇਸ ਪਾਣੀ ਨੂੰ ਸੂਚਾਰੂ ਢੰਗ ਨਾਲ ਨਾ ਵਰਤਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਪੀਣ ਲਈ ਪਾਣੀ ਨੂੰ ਤਰਸੇਗਾ। ਜਦੋਂ-ਜਦੋਂ ਵਿਗਿਆਨੀਆਂ ਦੁਆਰਾ ਜ਼ਮੀਨੀ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਝੋਨੇ ਦੀ ਕਾਸ਼ਤ ਵਿਚ ਪਾਣੀ ਦੀ ਦੁਰਵਰਤੋਂ ਦਾ ਸਭ ਤੋਂ ਪਹਿਲਾਂ ਜ਼ਿਕਰ ਹੁੰਦਾ ਹੈ। ਕਿਉਂਕਿ ਪਨੀਰੀ ਨਾਲ ਲਗਾਏ ਗਏ ਝੋਨੇ ਲਈ ਖੇਤ ਨੂੰ ਖੜ੍ਹੇ ਪਾਣੀ ਵਿਚ ਕੱਦੂ ਕੀਤਾ ਜਾਂਦਾ ਅਤੇ ਬਾਅਦ ਵਿਚ ਇਸ ਨੂੰ 15 ਦਿਨ ਪਾਣੀ ਵਿਚ ਖੜ੍ਹਾ ਰੱਖਿਆ ਜਾਂਦਾ ਹੈ । ਇਹ ਜ਼ਮੀਨੀ ਪਾਣੀ ਦੇ ਹੇਠਾਂ ਜਾਣ ਦਾ ਮੁੱਖ ਕਾਰਨ ਹੈ। ਪੰਜਾਬ ਵਿਚ ਜ਼ਿਆਦਾਤਰ ਝੋਨੇ ਦੀ ਕਾਸ਼ਤ ਬਹੁਤ ਸਮੇ ਤੋਂ ਕੱਦੂ ਕਰਕੇ ਕੀਤੀ ਜਾਂਦੀ ਰਹੀ ਹੈ। ਝੋਨੇ ਦੀ ਫ਼ਸਲ ਨੂੰ ਪਾਲਣ ਲਈ ਇਕ ਚੌਥਾਈ ਹਿੱਸਾ ਨਹਿਰੀ ਪਾਣੀ ਦਾ ਅਤੇ ਤਿੰਨ-ਚੌਥਾਈ ਹਿੱਸਾ ਜ਼ਮੀਨੀ ਪਾਣੀ ਦਾ ਹੋਣ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ।

ਸਿੱਧੇ ਤੌਰ ‘ਤੇ ਲਾਭ
ਖੇਤੀ ਕਾਮਿਆਂ ਦੀ ਘਾਟ ਅਤੇ ਵਧ ਰਹੀਆਂ ਮਜ਼ਦੂਰੀ ਦੀਆਂ ਦਰਾਂ ਨੇ ਕਿਸਾਨਾਂ ਨੂੰ ਇਹ ਸਰੋਤ ਸੰਭਾਲ ਤਕਨੀਕ ਨੂੰ ਅਪਣਾਉਣ ਵੱਲ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਹੈ। ਝੋਨੇ ਦੀ ਬਿਜਾਈ ਵਿਚ ਮਜ਼ਦੂਰਾਂ ਦੀ ਘਾਟ, ਸਾਲ 2007 ਵਿਚ ਆਈ ‘ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਯੋਜਨਾ’ ਇਕ ਬਹੁਤ ਵੱਡਾ ਕਾਰਨ ਮੰਨੀ ਗਈ ਹੈ। ਕਿਉਂਕਿ ਇਸ ਯੋਜਨਾ ਵਿਚ ਕਿਸਾਨਾਂ ਨੂੰ ਅਤੇ ਹੋਰ ਮਜ਼ਦਰੂਾਂ ਨੂੰ ਸਾਲ ਵਿਚ 100 ਦਿਨਾਂ ਦਾ ਰੋਜ਼ਗਾਰ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਕਾਰਖਾਨਿਆਂ (ਹੋਰਾਂ ਧੰਦਿਆਂ) ਵਿਚ ਮਜ਼ਦੂਰਾਂ ਦੀ ਜ਼ਿਆਦਾ ਖਪਤ ਹੋਣ ਕਾਰਨ ਲੋਕ ਖੇਤੀਬਾੜੀ ਕਿੱਤੇ ਵਿਚ ਆਉਣੋਂ ਘਟ ਗਏ। ਇਨ੍ਹਾਂ ਸਾਰੇ ਕਾਰਨਾਂ ਕਰਕੇ ਝੋਨੇ ਦੀ ਲੁਆਈ ਦਾ ਖਰਚਾ 2005 ਵਿਚ 600 ਰੁਪਏ ਪ੍ਰਤੀ ਏਕੜ ਤੋਂ ਵਧ ਕੇ ਸਾਲ 2012 ਵਿਚ 2000 ਰੁਪਏ ਪ੍ਰਤੀ ਏਕੜ ਹੋ ਗਿਆ ਹੈ। ਝੋਨੇ ਦੀ ਸਿੱਧੀ ਬਿਜਾਈ ਵਿਚ ਪਨੀਰੀ ਉਗਾਉਣ ਅਤੇ ਜ਼ਮੀਨ ਨੂੰ ਕੱਦੂ ਕਰਨ ਦੀ ਲੋੜ ਨਹੀਂ ਪੈਦੀ ਅਤੇ ਇਸ ਦੇ ਉਲਟ ਜਿਹੜੇ ਖੇਤ ਨੂੰ ਕੱਦੂ ਕਰਕੇ ਬੀਜਦੇ ਹਾਂ, ਉਸ ਵਿਚ ਸਿੰਚਾਈ ਵਾਲੇ ਪਾਣੀ ਦੀ 20 ਸੈਟੀਮੀਟਰ ਤੋਂ ਵੀ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਪਾਣੀ ਨੂੰ ਟਿਊਬਵੈੱਲ ਨਾਲ ਕੱਢਣ ਲਈ ਬਹੁਤ ਜ਼ਿਆਦਾ ਊਰਜਾ ਦੀ ਖਪਤ ਹੁੰਦੀ ਹੈ। ਇਕੱਲੇ ਕੱਦੂ ਕਰਾਉਣ ‘ਤੇ ਹੀ 1500 ਰੁਪਏ ਪ੍ਰਤੀ ਏਕੜ ਦਾ ਖਰਚਾ ਆਉਂਦਾ ਹੈ।
ਅਸਿੱਧੇ ਤੌਰ ‘ਤੇ ਲਾਭ
ਕਿਸਾਨਾਂ ਦੇ ਅਨੁਭਵ ਦੇ ਆਧਾਰ ‘ਤੇ ਇਹ ਨਤੀਜੇ ਵੇਖਣ ਨੂੰ ਮਿਲੇ ਹਨ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਬਾਅਦ ਬੀਜੀ ਕਣਕ ਦਾ ਝਾੜ ਕੱਦੂ ਕੀਤੇ ਝੋਨੇ ਤੋਂ ਬਾਅਦ ਬੀਜੀ ਕਣਕ ਦੇ ਮੁਕਾਬਲੇ ਵੱਧ ਆਉਂਦਾ ਹੈ। ਕਿਉਂਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਣ ਕਰਕੇ ਕਣਕ ਦੀ ਫਸਲ ਦੀਆਂ ਜੜ੍ਹਾਂ ਦਾ ਵਧੀਆ ਵਿਕਾਸ ਹੁੰਦਾ ਹੈ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਇਕ ਹੋਰ ਪ੍ਰਮੁੱਖ ਕਾਰਨ ਜਿਸ ਕਰਕੇ ਪਨੀਰੀ ਵਾਲਾ ਝੋਨਾ ਹੁਣ ਮੀਡੀਏ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ; ਉਸ ਅਨੁਸਾਰ ਝੋਨੇ ਨੂੰ ਲਗਾਤਾਰ ਕੱਦੂ ਕਰਕੇ ਬੀਜਣ ਨਾਲ ਜ਼ਮੀਨ ਦੇ ਥੱਲੇ ਇਕ ਸਖਤ ਤਹਿ ਬਣ ਗਈ ਹੈ ਅਤੇ ਇਹ ਤਹਿ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇਸ ਨੂੰ ਸੀਮੈਂਟ ਨਾਲ ਪਲੱਸਤਰ ਕੀਤਾ ਗਿਆ ਹੋਵੇ। ਇਸਦੇ ਨਤੀਜੇ ਵਜੋਂ ਜ਼ਮੀਨ ਥੱਲੇ ਪਾਣੀ ਦਾ ਕੁਦਰਤੀ ਨਿਕਾਸ ਘੱਟ ਜਾਂਦਾ ਹੈ ਜਿਸ ਨਾਲ ਕਣਕ ਦੀਆਂ ਜੜ੍ਹਾਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਖੇਤ ਵਿਚ ਪਾਣੀ ਖੜ੍ਹੇ ਰਹਿਣ ਦੀ ਸਮੱਸਿਆ ਆ ਜਾਂਦੀ ਹੈ। ਇਸ ਸਖਤ ਤਹਿ ਨੂੰ ਤੋੜਨ ਲਈ ਡੂੰਘੀ ਵਹਾਈ ਦੀ ਲੋੜ ਪੈਂਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਅਤੇ 20 ਸੈਟੀਮੀਟਰ ਦੂਰੀ ਵਾਲੇ ਸਿਆੜਾਂ ਵਾਲੀ ਮਸ਼ੀਨ ਨਾਲ ਕਰਨੀ ਚਾਹੀਦੀ ਹੈ। ਬਿਜਾਈ ਲਈ ਸਭ ਤੋਂ ਉੱਤਮ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਜਦ ਕਿ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਵਧੀਆ ਮੰਨਿਆ ਗਿਆ ਹੈ। ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਸਮੱਸਿਆ ਇਕ ਵੱਡੀ ਤੇ ਪ੍ਰਮੁੱਖ ਸਮੱਸਿਆ ਮੰਨੀ ਗਈ ਹੈ। ਪ੍ਰਚੱਲਿਤ ਤਰੀਕੇ ਵਿਚ ਝੋਨੇ ਦੀ ਪਨੀਰੀ ਨੂੰ ਥੋੜੀ ਜਗ੍ਹਾ ‘ਤੇ ਉਗਾਇਆ ਜਾਂਦਾ ਹੈ ਅਤੇ ਬਾਅਦ ਵਿਚ ਇਸਨੂੰ ਕੱਦੂ ਕੀਤੇ ਖੇਤ ਵਿਚ ਲਗਾ ਦਿੱਤਾ ਜਾਂਦਾ ਹੈ ਜਿੱਥੇ ਕਿ ਖੜ੍ਹਾ ਹੋਇਆ ਪਾਣੀ ਕਈ ਤਰ੍ਹਾਂ ਦੇ ਨਦੀਨਾਂ ਦੇ ਉਗਣ ‘ਤੇ ਰੋਕ ਲਾਉਂਦਾ ਹੈ ਜਦਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿਚ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ। ਕਿਸਾਨ ਵੀਰਾਂ ਨੂੰ ਇਹ ਸੁਝਾਅ ਹੈ ਕਿ ਕਿਉਂਕਿ ਝੋਨੇ ਦੀ ਸਿੱਧੀ ਬਿਜਾਈ ਇਕ ਨਵੀਂ ਤਕਨੀਕ ਹੈ ਅਤੇ ਸ਼ੁਰੂ ਵਿਚ ਇਕ ਮਹੀਨਾ ਫ਼ਸਲ ਦਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਪਹਿਲੇ ਮਹੀਨੇ ਝੋਨੇ ਦੀ ਸਿੱਧੀ ਬਿਜਾਈ ਵਾਲਾ ਖੇਤ ਵੇਖਣ ਨੂੰ ਚੰਗਾ ਨਹੀਂ ਲੱਗਦਾ ਪਰ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ। ਇਕ ਮਹੀਨੇ ਬਾਅਦ ਝੋਨੇ ਦੀ ਸਿੱਧੀ ਬਿਜਾਈ ਵਾਲਾ ਖੇਤ ਕੱਦੂ ਕੀਤੇ ਝੋਨੇ ਦੇ ਨਾਲੋਂ ਵੀ ਜ਼ਿਆਦਾ ਚੰਗਾ ਦਿੱਸੇਗਾ।

-ਸੰਨੀ ਕੁਮਾਰ ਅਤੇ ਮੱਖਣ ਸਿੰਘ ਭੁੱਲਰ
ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।
(source Ajit)