ਝੋਨੇ ਦਾ ਪੂਰਾ ਝਾੜ ਲੈਣ ਲਈ ਤੁਸੀਂ ਹੁਣ ਕੀ ਕਰਨਾ ਹੈ?

114

580583__bhdfਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ, ਜੋ ਪੰਜਾਬ ਵਿਚ ਅੱਜ ਤੋਂ ਲੱਗਣੀ ਸ਼ੁਰੂ ਹੈ। ਝੋਨੇ ਦੀ ਆਮ ਲੁਆਈ ਖੇਤ ਮਜ਼ਦੂਰਾਂ ਰਾਹੀਂ ਪਨੀਰੀ ਹੱਥੀਂ ਪੁੱਟ ਕੇ ਕੀਤੀ ਜਾਵੇਗੀ। ਬਹੁਤ ਕਿਸਾਨਾਂ ਨੇ ਖੇਤ ਮਜ਼ਦੂਰ ਪਹਿਲਾਂ ਹੀ ਬੁੱਕ ਕੀਤੇ ਹੋਏ ਹਨ। ਪੰਜਾਬ ਰਾਜ ਬਿਜਲੀ ਨਿਗਮ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਰੋਸ ਪ੍ਰਗਟਾਵੇ ਕੀਤੇ ਜਾਣ ਉਪਰੰਤ ਉਨ੍ਹਾਂ ਨਾਲ ਸਹਿਮਤੀ ਬਣਾ ਕੇ ਟਿਊਬਵੈੱਲਾਂ ਲਈ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਪ੍ਰਤੀ ਦਿਨ ਬਿਜਲੀ ਮੁਹੱਈਆ ਕਰਨ ਲਈ ਵਚਨਬੱਧ ਹੈ। ਝੋਨੇ ਦੀ ਅੱਜ ਲੁਆਈ ਸ਼ੁਰੂ ਹੁੰਦਿਆਂ ਦੋ ਮੁੱਖ ਪਹਿਲੂ ਸਾਹਮਣੇ ਨਜ਼ਰ ਆ ਰਹੇ ਹਨ। ਇਕ ਤਾਂ ਖੇਤ ਮਜ਼ਦੂਰਾਂ ਦੀ ਘਾਟ, ਦੂਜੇ ਬਿਜਲੀ ਦਾ ਸਮਾਂਬੱਧ ਟਿਊਬਵੈੱਲਾਂ ਲਈ ਨਾ ਮਿਲਣਾ। ਅਜਿਹਾ ਰਕਬਾ ਬਹੁਤ ਘੱਟ ਹੋਵੇਗਾ, ਜੋ ਸਿੱਧੀ ਬਿਜਾਈ ਜਾਂ ਪੈਡੀ ਟਰਾਂਸਪਲਾਂਟਰਾਂ (ਝੋਨਾ ਲਾਉਣ ਦੀਆਂ ਮਸ਼ੀਨਾਂ) ਦੀ ਵਰਤੋਂ ਕਰਕੇ ਬੀਜਿਆ ਜਾਵੇ।
ਪੂਰਾ ਝਾੜ ਲੈਣ ਲਈ ਝੋਨੇ ਦੀ ਸਿਹਤਮੰਦ ਪਨੀਰੀ ਦਾ ਹੋਣਾ ਜ਼ਰੂਰੀ ਹੈ। ਝੋਨੇ ਦੀ ਪਨੀਰੀ ‘ਚ ਨਦੀਨਾਂ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ। ਪਨੀਰੀ ਦੀ ਉਮਰ ਬਹੁਤੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ। ਝੋਨੇ ਦੀਆਂ ਆਮ ਕਿਸਮਾਂ ਦੀ ਪਨੀਰੀ ਜਦੋਂ 30 ਦਿਨਾਂ ਦੀ ਹੋ ਜਾਵੇ ਤਾਂ ਪੁੱਟ ਕੇ ਲਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਥੋੜ੍ਹੇ ਸਮੇਂ ‘ਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ.ਆਰ. 115, ਪੂਸਾ 6 (1612) ਅਤੇ ਪੂਸਾ ਬਾਸਮਤੀ 1509 ਆਦਿ ਦੀ ਪਨੀਰੀ ਲਵਾਈ ਸਮੇਂ 20-25 ਦਿਨ ਤੋਂ ਵੱਧ ਉਮਰ ਦੀ ਨਹੀਂ ਹੋਣੀ ਚਾਹੀਦੀ। ਝੋਨੇ ਦੀਆਂ ਆਮ ਕਿਸਮਾਂ ਦੀ ਲੁਆਈ ਦਾ ਲਗਭਗ ਇਹ ਠੀਕ ਸਮਾਂ ਹੈ, ਕਿਉਂਕਿ ਕਣਕ ਸਮੇਂ ਸਿਰ ਬੀਜਣ ਲਈ ਖੇਤ ਵਿਹਲੇ ਹੋ ਜਾਣਗੇ। ਪਨੀਰੀ ਨੂੰ ਬੜੇ ਧਿਆਨ ਨਾਲ ਪੁੱਟਣ ਦੀ ਲੋੜ ਹੈ। ਪੁੱਟਣ ਤੋਂ ਪਹਿਲਾਂ ਪਾਣੀ ਲਾਓ। ਪਨੀਰੀ ਦੀਆਂ ਜੜ੍ਹਾਂ ਤੋਂ ਮਿੱਟੀ ਲਾਹੁਣ ਲਈ ਜੜ੍ਹਾਂ ਨੂੰ ਪਾਣੀ ਨਾਲ ਧੋ ਦਿਓ। ਚੰਗੇ ਕੱਦੂ ਕੀਤੇ ਖੇਤ ਵਿਚ ਇਕ ਥਾਂ 2 ਬੂਟੇ ਲਾਓ। ਲਾਈਨਾਂ ‘ਤੇ ਬੂਟੇ ਵਿਚਕਾਰ ਫਾਸਲਾ 20×15 ਸੈਂਟੀਮੀਟਰ ਰੱਖੋ। ਪ੍ਰਤੀ ਵਰਗ ਮੀਟਰ 33 ਬੂਟੇ ਲਾਓ। ਬੂਟੇ ਸਿੱਧੇ ਉਪਰ 2 ਸੈਂਟੀਮੀਟਰ ਡੂੰਘੇ ਲਾਓ। ਇਸ ਤਰ੍ਹਾਂ ਬੂਟੇ ਚੰਗਾ ਜਾੜ੍ਹ ਮਾਰਨਗੇ ਅਤੇ ਬੂਝਾ ਛੇਤੀ ਬਣੇਗਾ।
ਜਵਾਨ ਤੇ ਸਿਹਤਮੰਦ ਪਨੀਰੀ ਵਧੀਆ ਪੈਦਾਵਾਰ ਦੀ ਪ੍ਰਤੀਕ ਹੈ, ਜਿਨ੍ਹਾਂ ਕਿਸਾਨਾਂ ਨੇ ਕੱਦੂ ਕਰਨ ਤੋਂ ਪਹਿਲਾਂ ਖੇਤਾਂ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਪੱਧਰ ਕਰਵਾ ਲਿਆ ਉਨ੍ਹਾਂ ਨੂੰ ਪਾਣੀ ਦੀ ਵੀ ਘੱਟ ਲੋੜ ਪਵੇਗੀ ਅਤੇ ਖਾਦ ਪਦਾਰਥਾਂ ਦੀ ਵੀ ਸੁਚੱਜੀ ਵਰਤੋਂ ਕਰਕੇ ਝਾੜ ਦੀ ਵੀ ਵਧੇਰੇ ਪ੍ਰਾਪਤੀ ਹੋਵੇਗੀ। ਝੋਨੇ ਦੀ ਫ਼ਸਲ ਦੇ ਠੀਕ ਵਧਣ, ਫੁੱਲਣ ਲਈ 37.5 ਡਿਗਰੀ ਸੈਂਟੀਮੀਟਰ ਤੱਕ ਤਾਪਮਾਨ ਚੰਗਾ ਹੈ, ਪਰ ਅੱਜਕਲ੍ਹ ਜੋ 45 ਡਿਗਰੀ ਸੈਂਟੀਮੀਟਰ ਤੱਕ ਪਹੁੰਚਿਆ ਹੋਇਆ ਹੈ, ਉਸ ਨੂੰ ਮੁੱਖ ਰੱਖਦਿਆਂ ਪਾਣੀ ਦੀ ਵਧੇਰੇ ਲੋੜ ਹੋਵੇਗੀ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਪੱਖ ਨੂੰ ਮੁੱਖ ਰੱਖ ਕੇ ਹੀ ਝੋਨੇ ਦਾ ਰਕਬਾ ਲਾਉਣ ਲਈ ਯੋਜਨਾਬੰਧੀ ਕਰਨ। ਉਂਝ ਤਾਂ ਝੋਨਾ ਉਨ੍ਹਾਂ ਜ਼ਮੀਨਾਂ ‘ਚ ਬੀਜਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿਚ ਪਾਣੀ ਛੇਤੀ ਨਾ ਰਿਸੇ। ਝੋਨੇ ਦੀ ਕਾਸ਼ਤ ਲਈ ਭੱਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਹੈ ਪਰ ਤੇਜ਼ਾਬੀ ਤੇ ਖਾਰੀਆਂ ਜ਼ਮੀਨਾਂ ‘ਚ ਵੀ ( 5 ਤੋਂ 9 ਪੀ.ਐਚ. ਤੱਕ) ਝੋਨੇ ਦੀ ਫ਼ਸਲ ਹੋ ਸਕਦੀ ਹੈ।
ਝੋਨੇ ਦੀ ਲੁਆਈ ਦੇ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਨਦੀਨਨਾਸ਼ਕ ਦਵਾਈਆਂ ਵਰਤ ਕੇ ਫ਼ਸਲ ਨੂੰ ਨਦੀਨਾਂ ਤੋਂ ਮੁਕਤ ਰੱਖੋ, ਕਿਉਂਕਿ ਵੀਡੀਵੀਡਰ ਤੇ ਹੱਥਾਂ ਨਾਲ ਨਦੀਨਾਂ ਦਾ ਕੱਢਿਆ ਜਾਣਾ ਸੰਭਵ ਨਹੀਂ। ਨਦੀਨਨਾਸ਼ਕ ਦਵਾਈਆਂ ਰੇਤ ਵਿਚ ਮਿਲਾ ਕੇ ਪਨੀਰੀ ਲਾਉਣ ਦੇ 2-3 ਦਿਨਾਂ ਦੇ ਅੰਦਰ ਇਕਸਾਰ ਛਿੱਟਾ ਦੇ ਕੇ ਪਾਓ। ਬੂਟਾਕਲੋਰ, ਪ੍ਰੈਟੀਲਾਕਲੋਰ, ਸਟੌਂਪ, ਅਨਿਲੋਫੋਸ, ਅਨਿਲੋਗਰਡ, ਸਾਥੀ ਅਤੇ ‘ਇਰੋਸ’ ਆਦਿ ਨਦੀਨਨਾਸ਼ਕਾਂ ਦੀ ਵਰਤੋਂ ਕੀਤਿਆਂ ਫ਼ਸਲਾਂ ਨੂੰ ਨਦੀਨ ਮੁਕਤ ਕੀਤਾ ਜਾ ਸਕਦਾ ਹੈ।
ਝੋਨੇ ਦੀ ਠੀਕ ਫ਼ਸਲ ਲੈਣ ਲਈ ਪਾਣੀ ਦੀ ਬਹੁਤ ਲੋੜ ਹੈ। ਪਰ ਪਾਣੀ ਨੂੰ ਲਗਾਤਾਰ ਖੜ੍ਹਾ ਰੱਖਣਾ ਜ਼ਰੂਰੀ ਨਹੀਂ। ਪਨੀਰੀ ਲਾਉਣ ਤੋਂ ਬਾਅਦ ਦੋ ਹਫ਼ਤੇ ਤੱਕ ਤਾਂ ਪਾਣੀ ਖੇਤ ਵਿਚ ਖੜ੍ਹਾ ਰਹਿਣਾ ਚਾਹੀਦਾ ਹੈ, ਤਾਂ ਜੋ ਪਨੀਰੀ ਦੇ ਬੂਟੇ ਖੇਤ ਵਿਚ ਚੰਗੀ ਤਰ੍ਹਾਂ ਜੰਮ ਜਾਣ। ਇਸ ਤੋਂ ਬਾਅਦ ਪਾਣੀ ਉਸ ਸਮੇਂ ਲਾਓ ਜਦੋਂ ਖੇਤ ਵਿਚਲਾ ਪਹਿਲਾ ਪਾਣੀ ਜਜ਼ਬ ਹੋਏ ਨੂੰ ਦੋ ਦਿਨ ਹੋ ਜਾਣ। ਜ਼ਮੀਨ ਵਿਚ ਤਰੇੜਾਂ ਕਦੇ ਨਾ ਪੈਣ ਦਿਓ। ਝੋਨੇ ਦੇ ਖੇਤਾਂ ਵਿਚ ਪਾਣੀ 10 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ।
ਝੋਨੇ ਦੇ ਖੇਤਾਂ ਵਿਚ 110 ਕਿਲੋ ਯੂਰੀਆ, 75 ਕਿਲੋ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫਾਰਿਸ਼ ਹੈ। ਜੇ ਡੀ.ਏ.ਪੀ. ਵਰਤਣਾ ਹੋਵੇ ਤਾਂ 27 ਕਿਲੋ ਡਾਇਆ, 100 ਕਿਲੋ ਯੂਰੀਆ ਪ੍ਰਤੀ ਏਕੜ ਪਾਇਆਂ ਖਾਦਾਂ ਦੀ ਖੁਰਾਕ ਪੂਰੀ ਹੋ ਜਾਂਦੀ ਹੈ। ਜੇ ਕਣਕ ਨੂੰ ਪੂਰਾ ਫਾਸਫੋਰਸ ਪਾਇਆ ਹੋਵੇ ਤਾਂ ਝੋਨੇ ਦੀ ਫ਼ਸਲ ਨੂੰ ਇਹ ਖਾਦ ਪਾਉਣ ਦੀ ਲੋੜ ਨਹੀਂ। ਪਨੀਰੀ ਲਾਉਣ ਤੋਂ 2-3 ਹਫ਼ਤਿਆਂ ਤੱਕ ਜੇ ਪਿਛਲੇ ਸਾਲ ਬੂਟੇ ਗੀਟੇ ਜਿਹੇ ਦਿਖਦੇ ਨਜ਼ਰ ਆਏ ਸਨ ਅਤੇ ਜਾੜ੍ਹ ਘੱਟ ਮਾਰਨ ਅਤੇ ਇਨ੍ਹਾਂ ਦੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਗਏ ਸਨ ਤਾਂ ਉਨ੍ਹਾਂ ਖੇਤਾਂ ਵਿਚ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ, ਹੈਪਟਾਹਾਈਡਰੇਟ (21 ਫ਼ੀਸਦੀ) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇ ਬੀਜੀ ਹੋਈ ਫ਼ਸਲ ‘ਚ ਇਹ ਨਿਸ਼ਾਨੀਆਂ ਨਜ਼ਰ ਆਉਂਦੀਆਂ ਹੋਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿਚ ਖਿਲਾਰ ਦਿਓ। ਜੇ ਪਨੀਰੀ ਲਾਉਣ ਤੋਂ ਕੁਝ ਦਿਨ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹੋਣ ਅਤੇ ਬੂਟੇ ਮਰਨ ਲੱਗ ਜਾਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਫ਼ਸਲ ਨੂੰ ਦਿਓ। ਹਰ ਹਫ਼ਤੇ ਇਕ ਪ੍ਰਤੀਸ਼ਤ ਲੋਹੇ ਦਾ ਛਿੜਕਾਅ ਪੱਤਿਆਂ ਉਪਰ ਕਰ ਦਿਓ। ਇਸ ਲਈ 1 ਕਿਲੋ ਫੈਰਟ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕ ਦਿਓ। ਇਸ ਤਰ੍ਹਾਂ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਹੋ ਜਾਵੇਗੀ।

ਭਗਵਾਨ ਦਾਸ
ਮੋਬਾ: 98152-36307
(source Ajit)