ਜੜ੍ਹਾਂ ਵਾਲੀਆਂ ਸਬਜ਼ੀਆਂ ਦੇ ਬੀਜ ਉਤਪਾਦਨ ਲਈ ਜ਼ਰੂਰੀ ਨੁਕਤੇ।

147

vegetables-300x300ਗਾਜਰ, ਮੂਲੀ ਅਤੇ ਸ਼ਲਗਮ ਮੁੱਖ ਰੂਪ ਵਿਚ ਜੜ੍ਹਾਂ ਵਾਲੀਆਂ ਸਬਜ਼ੀਆਂ ਹਨ। ਇਨ੍ਹਾਂ ਨੂੰ ਸਲਾਦ ਅਤੇ ਸਬਜ਼ੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਨ੍ਹਾਂ ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਘੱਟ ਅਤੇ ਵੱਧ ਤਾਪਮਾਨ ਬਰਦਾਸ਼ਤ ਕਰਨ ਲਈ ਅਲੱਗ-ਅਲੱਗ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮੌਸਮ ਦੇ ਮੁਤਾਬਿਕ ਹੀ ਕਿਸਮਾਂ ਬੀਜੀਆਂ ਜਾਣ। ਵਧੀਆ ਕਿਸਮ ਦੇ ਸਬਜ਼ੀ ਉਤਪਾਦਨ ਲਈ ਚੰਗੀ ਕਿਸਮ ਦਾ ਬੀਜ ਅਤੇ ਸਹੀ ਸਮੇਂ ‘ਤੇ ਮਿਲਣਾ ਮੁੱਖ ਲੋੜ ਹੈ। ਪੰਜਾਬ ਦੇ ਹਾਲਾਤ ਅਨੁਸਾਰ ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਠੰਢੇ ਮੌਸਮ ਵਾਲੀਆਂ ਕਿਸਮਾਂ ਦਾ ਬੀਜ ਉਤਪਾਦਨ ਨਹੀਂ ਹੋ ਸਕਦਾ। ਪੰਜਾਬ ਐਗਰੀ ਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਦੇਸੀ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕਿਸਮਾਂ ਦਾ ਪੰਜਾਬ ਦੇ ਹਾਲਾਤ ਅਨੁਸਾਰ ਬੀਜ ਉਤਪਾਦਨ ਹੋ ਸਕਦਾ ਹੈ। ਕਿਸਾਨ ਵੀਰ ਖੁਦ ਹੀ ਜੜ੍ਹਾਂ ਵਾਲੀਆਂ ਸਬਜ਼ੀਆਂ ਦਾ ਬੀਜ ਉਤਪਾਦਨ ਆਪਣੇ ਖੇਤਾਂ ਵਿਚ ਕਰ ਸਕਦੇ ਹਨ, ਜ਼ਰੂਰਤ ਹੈ ਕੁਝ ਖਾਸ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਕਿ ਵਧੀਆ ਕਿਸਮ ਦੀਆਂ ਜੜ੍ਹਾਂ ਅਤੇ ਬੀਜ ਪ੍ਰਾਪਤ ਕੀਤਾ ਜਾ ਸਕੇ।
ਕਾਸ਼ਤਕਾਰੀ ਢੰਗ
ਬੀਜ ਦਾ ਸਰੋਤ : ਸਬਜ਼ੀ ਲਈ ਫਸਲ ਉਗਾਉਣ ਵਾਲੀਆਂ ਸਿਫਾਰਸ਼ਾਂ ਹੀ ਬੀਜ ਵਾਲੀ ਫਸਲ ਲਈ ਵਰਤੋ। ਇਨ੍ਹਾਂ ਕਿਸਮਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਜਾਂ ਪੰਜਾਬ ਰਾਜ ਬੀਜ ਸਰਟੀਫਿਕੇਸ਼ਨ ਅਥਾਰਟੀ ਦੁਆਰਾ ਪ੍ਰਵਾਨ ਕੀਤੇ ਭਰੋਸੇਯੋਗ ਵਸੀਲਿਆਂ ਤੋਂ ਹਾਸਲ ਕਰਨਾ ਚਾਹੀਦਾ ਹੈ।
ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ
ਵਧੀਆ ਕਿਸਮ ਦੀ ਜੜ੍ਹ ਲੈਣ ਲਈ ਗਾਜਰ ਤੇ ਮੂਲੀ ਲਈ ਬੀਜ ਦੀ ਮਾਤਰਾ 4-5 ਕਿਲੋ ਤੇ ਸ਼ਲਗਮ ਲਈ 2 ਕਿਲੋ ਪ੍ਰਤੀ ਏਕੜ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਵੱਟਾਂ ‘ਤੇ ਕਰਨੀ ਚਾਹੀਦੀ ਹੈ। ਕਤਾਰਾਂ ਦਾ ਫਾਸਲਾ 45 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ ਫਾਸਲਾ 7.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ।
ਖਾਦਾਂ : 15 ਟਨ ਗਲੀ-ਸੜੀ ਦੇਸੀ ਖਾਦ, 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ) ਬਿਜਾਈ ਦੇ ਸਮੇਂ ਪਾਓ। ਗਾਜਰ ਦੀ ਵਧੀਆ ਜੜ ਬਣਾਉਣ ਲਈ 30 ਕਿਲੋ ਪੋਟਾਸ਼ (50 ਕਿਲੋ ਮਿਊਰੇਟ ਆਫ਼ ਪੋਟਾਸ਼) ਹੋਰ ਪਾਓ।
ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਚੜ੍ਹਾਉਣੀ : ਮੂਲੀ ਅਤੇ ਸ਼ਲਗਮ ਵਿਚ ਬਿਜਾਈ ਤੋਂ 15-20 ਦਿਨ ਬਾਅਦ ਗੋਡੀ ਕਰਨੀ ਚਾਹੀਦੀ ਹੈ। ਗਾਜਰ ਸ਼ੁਰੂਆਤ ਵਿਚ ਬਹੁਤ ਹੌਲੀ ਵਧਦੀ ਹੈ ਅਤੇ ਨਦੀਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੀ। ਇਸ ਲਈ ਗਾਜਰ ਨੂੰ 2-3 ਗੋਡੀਆਂ ਦੀ ਜ਼ਰੂਰਤ ਹੁੰਦੀ ਹੈ। ਗੋਡੀ ਤੋਂ ਤੁਰੰਤ ਬਾਅਦ ਮਿੱਟੀ ਚੜ੍ਹਾਉਣੀ ਚਾਹੀਦੀ ਹੈ।
ਪਾਣੀ : ਪਹਿਲਾ ਪਾਣੀ ਬਿਜਾਈ ਤੋਂ ਫੌਰਨ ਬਾਅਦ ਲਗਾਓ। ਗਰਮੀਆਂ ਵਿਚ ਪਾਣੀ 6-7 ਦਿਨ ਅਤੇ ਸਰਦੀਆਂ ਵਿਚ 12-15 ਦਿਨ ਦੇ ਵਕਫੇ ‘ਤੇ ਲਗਾਓ। ਗਾਜਰਾਂ ਦੀ ਜੜ੍ਹ ਵਿਕਸਿਤ ਹੋਣ ਸਮੇਂ ਪਾਣੀ ਦੀ ਜ਼ਰੂਰਤ ਘੱਟ ਹੁੰਦੀ ਹੈ। ਵੱਧ ਪਾਣੀ ਨਾਲ ਜੜ੍ਹਾਂ ਦੁਸਾਂਗੜਾ ਤੇ ਬੇਢੰਗੀਆਂ ਹੋ ਜਾਂਦੀਆਂ ਹਨ।
ਪੁਟਾਈ : ਡੱਕ ਬਣਾਉਣ ਲਈ ਮੂਲੀ ਅਤੇ ਸ਼ਲਗਮ ਨੂੰ ਬਿਜਾਈ ਤੋਂ ਲਗਭਗ 55-60 ਦਿਨਾਂ ਬਾਅਦ ਅਤੇ ਗਾਜਰ ਨੂੰ 90 ਦਿਨ ਬਾਅਦ ਪੁੱਟਣਾ ਚਾਹੀਦਾ ਹੈ।
ਜੜ੍ਹਾਂ ਤੋਂ ਬੀਜ ਤਿਆਰ ਕਰਨਾ
ਖੇਤੀ ਦੀ ਚੋਣ : ਜੜ੍ਹਾਂ ਵਾਲੀਆਂ ਸਬਜ਼ੀਆਂ ਦਾ ਬੀਜ ਤਿਆਰ ਕਰਨ ਲਈ ਜੋ ਖੇਤ ਵਰਤਣਾ ਹੋਵੇ ਉਸ ਖੇਤ ਵਿਚ ਅਣਚਾਹੇ ਪੌਦੇ ਨਹੀਂ ਹੋਣੇ ਚਾਹੀਦੇ। ਇਸ ਬੀਜ ਦੇ ਖੇਤ ਦੂਜੀਆਂ ਕਿਸਮਾਂ ਦੇ ਖੇਤਾਂ ਨਾਲੋਂ ਜਾਂ ਕਿਸੇ ਹੋਰ ਕਿਸਮ ਜੋ ਸ਼ੁੱਧਤਾ ਦੀ ਕਸੌਟੀ ‘ਤੇ ਖਰੀ ਨਾ ਉਤਰਦੀ ਹੋਵੇ ਤੋਂ ਮੂਲੀ ਅਤੇ ਸ਼ਲਗਮ ਲਈ 1600 ਮੀਟਰ (ਫਾਊਂਡੇਸ਼ਨ) 1000 ਮੀਟਰ (ਸਰਟੀਫਾਈਡ) ਅਤੇ ਗਾਜਰ ਲਈ 1000 ਮੀਟਰ (ਫਾਊਂਡੇਸ਼ਨ) ਅਤੇ 8000 (ਸਰਟੀਫਾਈਡ) ਮੀਟਰ ਦੀ ਦੂਰੀ ‘ਤੇ ਹੋਣਾ ਚਾਹੀਦਾ ਹੈ। ਸ਼ਲਗਮ ਦਾ ਬੀਜ ਪੈਦਾ ਕਰਨ ਵਾਲਾ ਖੇਤ ਦੂਜੀਆਂ ਕਿਸਮਾਂ ਦੇ ਨਾਲ-ਨਾਲ ਚੀਨੀ ਸਰ੍ਹੋਂ, ਪੀਲੀ ਸਰ੍ਹੋਂ, ਰਾਇਆ ਦੇ ਬੀਜ ਵਾਲੇ ਖੇਤ ਤੋਂ ਵੀ ਨਿਵੇਕਲਾ ਹੋਣਾ ਚਾਹੀਦਾ ਹੈ।
ਡੱਕਾਂ ਦੀ ਚੋਣ
ਜਦੋਂ ਜੜ੍ਹਾਂ ਪੂਰੀ ਤਰ੍ਹਾਂ ਬਣ ਜਾਣ, ਵਧੀਆ ਕਿਸਮ ਦੀਆਂ ਜੜ੍ਹਾਂ ਦਾ ਰੰਗ, ਆਕਾਰ, ਬਣਤਰ ਅੰਦਰਲੀ ਕੋਰ ਦਾ ਆਕਾਰ ਅਤੇ ਰੰਗ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ।
ਡੱਕ ਬਣਾਉਣ ਅਤੇ ਲਗਾਉਣ ਦਾ ਤਰੀਕਾ
ਡੱਕ ਵਾਸਤੇ ਮੂਲੀ ਤੇ ਗਾਜਰ ਜੜ੍ਹਾਂ ਦੀ ਤਿੰਨ ਚੌਥਾਈ ਲੰਬਾਈ ਤੇ ਕੱਟੋ ਅਤੇ ਇਕ ਤਿਹਾਈ ਪੱਤਿਆਂ ਨੂੰ ਕੱਟੋ ਤਾਂ ਕਿ ਬੀਜ ਫਸਲ ਦਾ ਵਾਧਾ ਜਲਦੀ ਹੋਵੇ ਤੇ ਬੀਜ ਵਾਲੀਆਂ ਸ਼ਾਖਾਂ ਜਲਦੀ ਨਿਕਲਣ। ਸ਼ਲਗਮਾਂ ਲਈ 5 ਸੈ. ਮੀ. ਵਿਆਸ ਤੋਂ ਵੱਧ ਵਾਲੇ ਸ਼ਲਗਮ ਲਗਾਓ। ਮੂਲੀ, ਗਾਜਰ ਅਤੇ ਸ਼ਲਗਮਾਂ ਦੀਆਂ ਡੱਕਾਂ ਨੂੰ 60×22 ਸੈਂਟੀਮੀਟਰ, 45×30 ਸੈਂਟੀਮੀਟਰ ਅਤੇ 45×15 ਸੈਂਟੀਮੀਟਰ ਕਰਮਵਾਰ ਦੀ ਦੂਰੀ ਤੇ ਖੇਤ ਵਿਚ ਬੀਜ ਦੀ ਪੈਦਾਵਾਰ ਵਾਸਤੇ ਲਾ ਦਿਓ। 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ), 12 ਕਿਲੋ ਫਾਸਫੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਪਾਓ। ਸਾਰੀ ਫਾਸਫੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਗਾਉਣ ਦੇ ਸਮੇਂ ਅਤੇ ਬਾਕੀ ਨਾਈਟ੍ਰੋਜਨ ਡੱਕ ਲਗਾਉਣ ਤੋਂ 30 ਦਿਨ ਬਾਅਦ ਪਾ ਦਿਓ।
ਕਟਾਈ
ਮੂਲੀ ਅਤੇ ਸ਼ਲਗਮ ਦੀ ਕਟਾਈ ਉਦੋਂ ਕਰੋ ਜਦ ਫਲੀ ਦਾ ਰੰਗ ਲਾਲ, ਭੂਰਾ ਹੋ ਜਾਵੇ। ਗਾਜਰ ਦਾ ਬੀਜ ਇਕਸਾਰ ਨਹੀਂ ਪੱਕਦਾ। ਇਸ ਲਈ ਜਦ ਮੁੱਖ ਅਤੇ ਪਹਿਲੀ ਲੜੀ ਦੇ ਬੀਜ ਪੱਕ ਜਾਣ ਤਾਂ ਕਟਾਈ ਕਰ ਲੈਣੀ ਚਾਹੀਦੀ ਹੈ। ਕਟਾਈ ਕਰਨ ਤੋਂ ਬਾਅਦ ਬੂਟਿਆਂ ਨੂੰ ਕੁਝ ਦਿਨਾਂ ਲਈ ਛਾਂ ਹੇਠਾਂ ਸੁਕਾ ਕੇ ਬੀਜ ਕੱਢ ਲਓ। ਪੈਕਿੰਗ ਕਰਨ ਤੋਂ ਪਹਿਲਾਂ ਬੀਜ ਨੂੰ ਚੰਗੀ ਤਰ੍ਹਾਂ ਸਾਫ਼ ਤੇ ਸੁਕਾ ਲੈਣਾ ਚਾਹੀਦਾ ਹੈ। ਇਨ੍ਹਾਂ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਕਿਸਾਨ ਵੀਰ ਆਸਾਨੀ ਨਾਲ ਸ਼ੁੱਧ ਅਤੇ ਉਚ-ਗੁਣਵੱਤਾ ਵਾਲਾ ਬੀਜ ਆਪਣੇ ਖੇਤ ਵਿਚ ਤਿਆਰ ਕਰ ਸਕਦੇ ਹਨ।

-ਰਾਜਿੰਦਰ ਸਿੰਘ, ਰਵਿੰਦਰ ਕੌਰ ਅਤੇ ਦਿਲਬਾਗ ਸਿੰਘ
ਵੈਜੀਟੇਬਲ ਸਾਇੰਸਜ਼ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਸੰਗਰੂਰ।

(source Ajit)