ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ, ਉਹਨਾਂ ਘਰਾਂ ਵਿੱਚ ਹੁੰਦੀ ਨੂੰਹ ਧੀ ਬੇਗਾਨੀ ਏ-ਦਲਵਿੰਦਰ ਠੱਟੇ ਵਾਲਾ

47

dalwinder thatte wala

ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ,
ਉਹਨਾਂ ਘਰਾਂ ਵਿੱਚ ਹੁੰਦੀ ਨੂੰਹ ਧੀ ਬੇਗਾਨੀ ਏ।
ਨਿੱਕੀ ਜਿੰਨੀ ਗੱਲ ਤੋਂ ਰਿਸ਼ਤੇ ਟੁੱਟ ਜਾਂਦੇ,
ਪੇਕੇ ਘਰ ਰੁਲਦੀ ਵੇਖੀ ਫੇਰ ਜਵਾਨੀ ਏ।
ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ….
ਵਿਆਹ ਤੋਂ ਪਹਿਲਾਂ ਜੇ ਬੰਦਾ ਇੱਕ ਘਰ ਬਣਾ ਸਕਦਾ,
ਘਰ ਦੀਆਂ ਲੋੜਾਂ ਦਾ ਕੀ, ਵਿੱਚ ਸਮਾਨ ਨਹੀਂ ਟਿਕਾ ਸਕਦਾ।
ਕੀ ਲੋੜ ਫਿਰ ਦਾਜ ਲੈਣ ਦੀ, ਸੋਚ ਕੇ ਵੇਖੋ ਤਾਂ,
ਸੱਸ ਸਮਝੇ ਜੇ ਮੇਰੀ ਹੀ ਧੀ ਨੂੰਹ ਰਾਣੀ ਏ।
ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ….
ਕਰਨ ਕਮਾਈਆਂ ਜਾਂਦੇ ਮੁਲਕ ਬੇਗਾਨੇ ਜਿਹੜੇ ਨੇ,
ਸੁੰਨੇ ਸੁੰਨੇ ਲੱਗਦੇ ਫਿਰ ਉਸ ਘਰ ਦੇ ਵਿਹੜੇ ਨੇ।
ਤਨ ਮਨ ਆਪਣਾ ਤੇਰੇ ਤੋਂ ਜੋ ਵਾਰਦੀ ਏ,
ਸਾਰੇ ਜੱਗ ਤੇ ਉਸ ਦਾ ਨਾ ਕੋਈ ਸਾਨੀ ਏ।
ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ….
ਸਮਝਦਾਰ ਲਈ ਹੁੰਦਾ ਇੱਕ ਇਸ਼ਾਰਾ ਕਾਫੀ ਏ,
ਫਿਰ ਵੀ ਜੇ ਨਾ ਸਮਝੇ ਤਾਂ ਉਹਦੇ ਲਈ ਮਾਫੀ ਏ।
ਠੱਟੇ ਵਾਲੇ ਦੇ ਦਿਲ ਵਿੱਚ ਨਾਰੀ ਦਾ ਸਤਿਕਾਰ ਬੜਾ,
ਭਲਿਆ ਲੋਕਾ ਤੇਰੀ ਤਾਂ ਉਹ ਫੇਰ ਜਨਾਨੀ ਏ।
ਜਿਨ੍ਹਾਂ ਘਰਾਂ ਵਿੱਚ ਚੱਲਦੀ ਚੌਧਰ ਧੀਆਂ ਦੀ,
ਉਹਨਾਂ ਘਰਾਂ ਵਿੱਚ ਹੁੰਦੀ ਨੂੰਹ ਧੀ ਬੇਗਾਨੀ ਏ।
-ਦਲਵਿੰਦਰ ਠੱਟੇ ਵਾਲਾ