ਜਲੰਧਰ ਦੇ ਇਸ ਘਰ ’ਚ ਹੋਇਆ ਜ਼ਬਰਦਸਤ ਧਮਾਕਾ, ਛੱਤ ੳੁੱਡੀ, ਬੱਚਿਆਂ ਸਣੇ ਕੁਝ ਲੋਕ ਮਲਬੇ ਹੇਠ ਆਏ

82

ਜਲੰਧਰ ਵਿਚ ਅੱਜ ਬਾਅਦ ਦੁਪਹਿਰ ਸ਼ਹਿਰ ਦੇ ਇਥ ਘੁੱਗ ਵੱਸਦੇ ਇਲਾਕੇ ਵਿਚ ਇਕ ਮਕਾਨ ਅੰਦਰ ਹੋਏ ਜ਼ਬਰਦਸਤ ਧਮਾਕੇ ਨਾਲ ਘਰ ਦੀ ਛੱਤ ਉੱਡ ਗਈ ਅਤੇ ਕੁਝ ਬੱਚਿਆਂ ਸਣੇ ਹੋਰ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਜੇ ਤਕ ਦੀ ਅਪੁਸ਼ਟ ਸੂਚਨਾ ਅਨੁਸਾਰ ਇਕ ਲੜਕੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਪਤਾ ਲੱਗਾ ਹੈ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਨੇੜੇ ਸਥਿਤ ਰਿਆਜ਼ਪੁਰਾ ਦੀ ਗਲੀ ਨੰਬਰ ਇਕ ਵਿਚ ਇਕ ਘਰ ਅੰਦਰ ਇਹ ਧਮਾਕਾ ਹੋਇਆ।

ਸੂਤਰਾਂ ਨੇ ਦੱਸਿਆ ਕਿ ਇਹ ਘਰ ਅਟਾਰੀ ਬਜ਼ਾਰ ਦੇ ਪਟਾਕਾ ਵਪਾਰੀ ਖਜ਼ਾਨ ਸਿੰਘ ਦਾ ਹੈ ਅਤੇ ਘਰ ਵਿਚ ਵੀ ਪਟਾਕੇ ਸਟੋਰ ਕੀਤੇ ਹੋਏ ਸਨ ਜਿਨ੍ਹਾਂ ਵਿਚ ਧਮਾਕਾ ਹੋਣ ਨਾਲ ਘਰ ਦੀ ਛੱਤ ਉੱਡ ਗਈ। ਧਮਾਕੇ ਕਾਰਨ ਤਿੰਨ ਬੱਚਿਆਂ ਦੇ ਮਲਬੇ ਹੇਠ ਆ ਜਾਣ ਦੀ ਸੂਚਨਾ ਹੈ।

ਇਨ੍ਹਾਂ ਵਿਚੋਂ ਦੋ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਪਰ ਮੌਕੇ ’ਤੇ ਮਚੀ ਅਫ਼ਰਾ ਤਫ਼ਰੀ ਕਾਰਨ ਅਜੇ ਕੋਈ ਵੀ ਇਸ ਖ਼ਬਰ ਨੂੰ ‘ਕਨਫਰਮ’ ਕਰਨ ਨੂੰ ਤਿਆਰ ਨਹੀਂ ਹੈ। ਪੁਲਿਸ ਮੌਕੇ ’ਤੇ ਪੁੱਜ ਚੁੱਕੀ ਹੈ ਅਤੇ ਰਾਹਤ ਕਾਰਜ ਜਾਰੀ ਹਨ। ਕੁਝ ਜ਼ਖਮੀਆਂ ਨੂੰ ਹਸਪਤਾਲ ਲਿਜਾਏ ਜਾਣ ਦੀ ਵੀ ਸੂਚਨਾ ਹੈ।