ਸੁਲਤਾਨਪੁਰ ਲੋਧੀ, 7 ਅਕਤੂਬਰ (ਨਰਿੰਦਰ ਸਿੰਘ ਸੋਨੀਆ)- ਬੀਤੀ ਰਾਤ ਚੋਰਾਂ ਵੱਲੋਂ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਸਕੂਲ ਦੀਆਂ ਗਰਿਲਾਂ, ਦਰਵਾਜੇ ਅਤੇ ਵੱਖ-ਵੱਖ ਅਲਮਾਰੀਆਂ ਤੋੜ ਕੇ ਸਕੂਲ ਵਿਚ ਪਈਆਂ ਵੱਖ-ਵੱਖ ਵਸਤਾਂ ਨੂੰ ਚੋਰੀ ਕਰਨ ਦਾ ਯਤਨ ਕੀਤਾ ਗਿਆ ਪਰ ਸਕੂਲ ਵਿਚ ਰਹਿ ਰਹੇ ਚੌਕੀਦਾਰ ਅਤੇ ਇਲਾਕਾ ਨਿਵਾਸੀਆਂ ਦੀ ਚੌਕਸੀ ਸਦਕਾ ਚੋਰ ਸਕੂਲ ਵਿਚ ਇਕੱਠਾ ਕੀਤਾ ਸਾਮਾਨ ਚੁੱਕ ਕੇ ਲਿਜ਼ਾਣ ਵਿਚ ਸਫਲ ਨਹੀਂ ਹੋਏ | ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਦੇ ਪ੍ਰਧਾਨ ਪ੍ਰੋ: ਚਰਨ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਪੂਰਥਲਾ ਨੇ ਦੱਸਿਆ ਕਿ ਰਾਤ ਲਗਭਗ ਦੋ ਵਜੇ ਉਸ ਨੂੰ ਸਕੂਲ ਵਿਚ ਤਾਇਨਾਤ ਚੌਕੀਦਾਰ ਸੁਰੇਸ਼ ਦਾਸ ਦਾ ਫ਼ੋਨ ਆਇਆ ਕਿ ਸਕੂਲ ਵਿਚ 6-7 ਵਿਅਕਤੀ ਚੋਰੀ ਕਰਨ ਆ ਵੜੇ ਹਨ, ਜਿਨ੍ਹਾਂ ਨੇ ਉਸਨੂੰ ਕਮਰੇ ‘ਚ ਬੰਦ ਕਰ ਦਿੱਤਾ ਹੈ | ਪ੍ਰੋ: ਚਰਨ ਸਿੰਘ ਵੱਲੋਂ ਫ਼ੋਨ ‘ਤੇ ਮਿਲੇ ਸੁਨੇਹੇ ਤੋਂ ਬਾਅਦ ਉਨ੍ਹਾਂ ਦਾ ਮੁਨੀਮ ਸੁਖਦੇਵ ਸਿੰਘ ਮੋਮੀ ਨੇ ਪਿੰਡ ਠੱਟਾ ਅਤੇ ਆਸ ਪਾਸ ਦੇ ਲੋਕਾਂ ਨੂੰ ਨਾਲ ਲੈ ਕੇ ਸਕੂਲ ਵਿਚ ਕੰਧ ਟੱਪ ਕੇ ਅੰਦਰ ਵੜੇ ਤਾਂ ਚੋਰ ਚੋਰੀ ਦਾ ਇਕੱਠਾ ਕੀਤਾ ਮਾਲ ਛੱਡ ਕੇ ਭੱਜ ਗਏ | ਸ: ਸਵਰਨ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ | ਚੋਰ ਬਾਬਾ ਦਰਬਾਰਾ ਸਿੰਘ ਸਕੂਲ ਦੇ ਨਾਲ ਟੈਲੀਫ਼ੋਨ ਐਕਸਚੇਂਜ ਦੇ ਖ਼ਾਲੀ ਪਏ ਪਲਾਟ ਦੀ ਗਰਿੱਲ ਤੋੜ ਕੇ ਦਾਖਲ ਹੋਏ ਅਤੇ ਦਫ਼ਤਰ ਦੀ ਬਾਰੀ ਤੋੜ ਕੇ ਦਫ਼ਤਰ ਵਿਚ ਦਾਖਲ ਹੋਏ ਅਤੇ ਉੱਥੇ ਪਈਆਂ ਦੋ ਅਲਮਾਰੀਆਂ ਵਿਚ ਪਈਆਂ ਚਾਬੀਆਂ ਨਾਲ ਹੋਰ ਕਮਰਿਆਂ ਵਿਚ ਪਏ ਸਾਮਾਨ ਦੀ ਫਰੋਲਾ ਫਰਾਲੀ ਕੀਤੀ | ਐਲ.ਸੀ.ਡੀ ਸਮੇਤ ਉੱਥੇ ਪਿਆ ਕੀਮਤੀ ਸਾਮਾਨ ਬਾਹਰ ਲਿਜ਼ਾਣ ਲਈ ਇਕੱਤਰ ਕਰ ਲਿਆ ਪਰ ਬਾਹਰੋਂ ਇਲਾਕਾ ਨਿਵਾਸੀਆਂ ਦੇ ਆਉਣ ਕਾਰਨ ਚੋਰ ਪਿਛਵਾੜੇ ਰਾਹੀਂ ਦੌੜਨ ਵਿਚ ਕਾਮਯਾਬ ਹੋ ਗਏ | ਸ: ਪਿਆਰਾ ਸਿੰਘ ਡੀ.ਐਸ.ਪੀ ਅਤੇ ਸਵਰਨ ਸਿੰਘ ਐਸ.ਐਚ.ਓ ਨੇ ਕਿਹਾ ਕਿ ਅਪਰਾਧੀਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਸੁਖਦੇਵ ਸਿੰਘ ਮੋਮੀ ਅਤੇ ਹੋਰ ਇਲਾਕਾ ਨਿਵਾਸੀਆਂ ਵੱਲੋਂ ਦਿਖਾਏ ਹੌਸਲੇ ਦੀ ਪ੍ਰਸੰਸਾ ਕੀਤੀ |