ਚਿੱਠੀ ਲਿਖੀ ਮੈਂ ਆਖਰੀ ਮਾਂ ਪੜ੍ਹ ਕੇ ਰੋਵੀਂ ਨਾ,
ਤੈਨੂੰ ਸਹੁੰ ਲੱਗੇ ਮਾਂ ਭੋਲ਼ੀਏ ਨੀ ਇੱਕ ਅੱਥਰੂ ਵੀ ਕੇਰੀਂ ਨਾ…
ਇਹਨਾਂ ਜ਼ਾਲਮ ਦਾਜ ਦੇ ਲੋਭੀਆਂ, ਮੈਨੂੰ ਜੀਊਂਦੇ ਜੀਅ ਦਿੱਤਾ ਮਾਰ,
ਮੇਰੇ ਤਿੜਕੇ ਸਪਨੇ ਅੱਖਾਂ ਵਿੱਚ ਤੇ ਲਹੂ ਦੀ ਜੰਮ ਗਈ ਧਾਰ…..
ਕੁਝ ਰਸਮਾਂ ਬਾਕੀ ਰਹਿ ਗਈਆਂ, ਬੱਸ ਅਰਥੀ ਵਿੱਚ ਦੇਰੀ ਨਾ,
ਤੈਨੂੰ ਸਹੁੰ ਲੱਗੇ ਮਾਂ ਭੋਲ਼ੀਏ ਨੀ ਇੱਕ ਅੱਥਰੂ ਵੀ ਕੇਰੀਂ ਨਾ…
ਮੈਂ ਪਲ-ਪਲ ਮਰ ਰਹੀ ਬਾਬਲਾ, ਘੁੱਟ ਸਬਰ ਦਾ ਲਵੀਂ ਤੂੰ ਪੀ,
ਤੂੰ ਇਹੀਓ ਸਭ ਨੂੰ ਕਹਿ ਦੇਵੀਂ ਮੇਰੀ ਹੈ ਨਹੀਂ ਸੀ ਕੋਈ ਧੀਅ….
ਪਤਾ ਨਹੀਂ ਮੈਨੂੰ ਬਾਬਲਾ ਇਹਨਾਂ ਕਦੋਂ ਦੇਣਾ ਹੁਣ ਸਾੜ,
ਮੇਰੇ ਮਰ ਗਏ ਚਾਅ ਸਾਰੇ ਦਿਲ ਦੇ ਤੇ ਸਧਰਾਂ ਹੋਈਆਂ ਲਿਤਾੜ…
ਤੇਰੀ ਚੱਲਣੀ ਨਹੀਂ ਕੋਈ ਜੱਗ ਤੇ ਬਹੁਤਾ ਗੱਲ ਨਾ ਲਾਵੀਂ ਜੀਅ,
ਤੂੰ ਇਹੀਓ ਸਭ ਨੂੰ ਕਹਿ ਦੇਵੀਂ ਮੇਰੀ ਹੈ ਨਹੀਂ ਸੀ ਕੋਈ ਧੀਅ….
ਸੁਣੋ, ਮੇਰੀ ਅੰਮੜੀ ਜਾਏ ਵੀਰਿਓ , ਜ਼ਰਾ ਅੱਗਿਓਂ ਤੁਸੀਂ ਖਿਆਲ ਕਰਿਓ,
ਜੋ ਬੀਤੇ ਤੁਹਾਡੀ ਭੈਣ ਨਾਲ ਕੱਲ੍ਹ ਕਿਸੇ ਦੀ ਧੀ ਦੇ ਨਾ ਨਾਲ ਕਰਿਓ…
ਧੀਆਂ ਕਦ ਤੱਕ ਚੜ੍ਹਨਾ ਹੈ ਬਲੀ ਦਾਜ ਦੀ,ਕਦ ਤੱਕ ਰੱਖਣੇ ਆ ਬੁੱਲ ਸੀਅ,
ਤੁਸੀਂ ਇਹੀਓ ਸਭ ਨੂੰ ਕਹਿ ਦੇਇਓ ਸਾਡੀ ਹੈ ਨਹੀਂ ਸੀ ਕੋਈ ਧੀਅ….
-ਸੁਰਜੀਤ ਕੌਰ ਬੈਲਜ਼ੀਅਮ
very painfull….