ਸਬਜ਼ੀਆਂ ਸਾਡੀ ਖੁਰਾਕ ਦਾ ਅਨਿਖੜਵਾਂ ਅੰਗ ਹਨ। ਇਹ ਸਾਡੇ ਭੋਜਨ ਨੂੰ ਹੀ ਸੁਆਦੀ ਨਹੀਂ ਬਣਾਉਂਦੀਆਂ ਸਗੋਂ ਸਰੀਰ ਲਈ ਲੋੜੀਂਦੇ ਖੁਰਾਕੀ ਤੱਤ ਵੀ ਦਿੰਦੀਆਂ ਹਨ। ਸਬਜ਼ੀਆਂ ਦੀ ਪੈਦਾਵਾਰ ਪਿੰਡਾਂ ਵਿਚ ਕਿਸਾਨ ਕਰਦੇ ਹਨ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੇ ਕਿਸਾਨ ਪਰਿਵਾਰ ਬਾਜ਼ਾਰ ਵਿਚੋਂ ਸਬਜ਼ੀ ਮੁੱਲ ਲੈ ਕੇ ਖਾਂਦੇ ਹਨ। ਜਿਹੜੇ ਖੁਰਾਕੀ ਤੱਤ ਅਤੇ ਅਨੰਦ ਘਰ ਦੀ ਤਾਜ਼ੀ ਅਤੇ ਜ਼ਹਿਰਾਂ ਰਹਿਤ ਸਬਜ਼ੀ ਵਿਚੋਂ ਮਿਲਦੇ ਹਨ, ਉਹ ਬਾਜ਼ਾਰ ਵਿਚੋਂ ਖਰੀਦੀ ਸਬਜ਼ੀ ਤੋਂ ਪ੍ਰਾਪਤ ਨਹੀਂ ਹੁੰਦੇ। ਹੁਣ ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਢੁਕਵਾਂ ਸਮਾਂ ਹੈ। ਇਸ ਵਾਰ ਘਰ ਦੀ ਵਰਤੋਂ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋ। ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਸੌਖੀ ਹੈ ਤੇ ਇਕ ਵਾਰ ਲਗਾਏ ਬੂਟੇ ਕਈ ਮਹੀਨੇ ਸਬਜ਼ੀ ਦਿੰਦੇ ਰਹਿੰਦੇ ਹਨ।
ਗਰਮੀਆਂ ਵਿਚ ਕੱਦੂ ਜਾਤੀ ਦੀਆਂ ਸਬਜ਼ੀਆਂ ਪ੍ਰਮੁੱਖ ਹਨ। ਇਨ੍ਹਾਂ ਦੀਆਂ ਵੇਲਾਂ ਨੂੰ ਸਿਆਲ ਦੇ ਸ਼ੁਰੂ ਹੋਣ ਤੱਕ ਫਲ ਲਗਦੇ ਰਹਿੰਦੇ ਹਨ। ਕੱਦੂ ਜਾਤੀ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਕਰੇਲਾ, ਟਿੰਡਾ ਪ੍ਰਮੁੱਖ ਹਨ। ਇਕ ਏਕੜ ਲਈ ਕੇਵਲ ਦੋ ਕਿਲੋ ਬੀਜ ਦੀ ਲੋੜ ਪੈਂਦੀ ਹੈ। ਸਬਜ਼ੀਆਂ ਲਈ ਰੂੜੀ ਦੀ ਬਹੁਤ ਮਹੱਤਤਾ ਹੈ। ਖੇਤ ਤਿਆਰ ਕਰਦੇ ਸਮੇਂ ਘੱਟੋ-ਘੱਟ 10 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਬਿਜਾਈ ਖਾਲੀਆਂ ਬਣਾ ਕੇ ਕੀਤੀ ਜਾਵੇ ਤਾਂ ਜੋ ਵੇਲਾਂ ਸੁੱਕੇ ਥਾਂ ਰਹਿਣ। ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਕਿਸਮਾਂ ਹਨ। ਹਲਵਾ ਕੱਦੂ ਦੀ ਪੀ. ਏ. ਜੀ.-3 ਸਿਫਾਰਸ਼ ਕੀਤੀ ਕਿਸਮ ਹੈ। ਪੰਜਾਬ ਕਰੇਲੀ-1 ਤੇ ਪੰਜਾਬ-14 ਕਰੇਲੇ ਦੀਆਂ ਕਿਸਮਾਂ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ ਕਿਸਮ ਹੈ। ਪੰਜਾਬ ਸਮਰਾਟ ਪੇਠੇ ਦੀ ਸੁਧਰੀ ਕਿਸਮ ਹੈ। ਸਬਜ਼ੀਆਂ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਹੀ ਕਰਨੀ ਚਾਹੀਦੀ ਹੈ। ਖੀਰਾ ਅਤੇ ਤਰ ਦੀ ਬਿਜਾਈ ਵੀ ਹੁਣ ਕੀਤੀ ਜਾ ਸਕਦੀ ਹੈ। ਇਹ ਵੀ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ।
ਭਿੰਡੀ ਇਕ ਹੋਰ ਗਰਮੀਆਂ ਦੀ ਮੁੱਖ ਸਬਜ਼ੀ ਹੈ। ਇਸ ਦੇ ਬੂਟੇ ਵੀ ਕਈ ਮਹੀਨੇ ਸਬਜ਼ੀ ਦਿੰਦੇ ਹਨ। ਪੰਜਾਬ-7, ਪੰਜਾਬ-8 ਤੇ ਪੰਜਾਬ ਪਦਮਨੀ ਉਨਤ ਕਿਸਮਾਂ ਹਨ। ਇਕ ਏਕੜ ਵਿਚ 10 ਕਿਲੋ ਬੀਜ ਪਾਇਆ ਜਾਵੇ। ਇਸ ਦੀ ਬਿਜਾਈ ਵੀ ਵੱਟਾਂ ਉਤੇ ਕਰਨੀ ਚਾਹੀਦੀ ਹੈ। ਰਵਾਂਹ ਇਕ ਹੋਰ ਸਬਜ਼ੀ ਹੈ, ਜਿਸਦੀਆਂ ਫਲੀਆਂ ਨੂੰ ਸਬਜ਼ੀ ਲਈ ਵਰਤਿਆ ਜਾਂਦਾ ਹੈ। ਕਾਉਪੀ 263 ਸਿਫਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ 10 ਕਿਲੋ ਬੀਜ ਦੀ ਲੋੜ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 45 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਸ਼ਿਮਲਾ ਮਿਰਚ ਦੀ ਕਾਸ਼ਤ ਵੀ ਪੰਜਾਬ ਵਿਚ ਕੀਤੀ ਜਾ ਸਕਦੀ ਹੈ। ਜੇਕਰ ਇਸ ਦੀ ਪਨੀਰੀ ਮਿਲ ਸਕੇ ਤਾਂ ਕੁਝ ਬੂਟੇ ਬਗੀਚੀ ਵਿਚ ਜ਼ਰੂਰ ਲਗਾਏ ਜਾਣ।
ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿਥੇ ਮਿਰਚਾਂ ਦੀ ਵਰਤੋਂ ਨਾ ਹੁੰਦੀ ਹੋਵੇ। ਜੇਕਰ ਦਾਲ ਸਬਜ਼ੀ ਵਿਚ ਲਾਲ ਮਿਰਚਾਂ ਨਾ ਵੀ ਪਾਈਆਂ ਜਾਣ ਤਾਂ ਹਰੀਆਂ ਮਿਰਚਾਂ ਤਾਂ ਜ਼ਰੂਰ ਪਾਈਆਂ ਜਾਂਦੀਆਂ ਹਨ। ਮਿਰਚਾਂ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਦਾ ਹੁਣ ਢੁਕਵਾਂ ਸਮਾਂ ਹੈ। ਸੀ. ਐਚ.-3 ਤੇ ਸੀ. ਐਚ.-2 ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਹਨ। ਪੰਜਾਬ ਸੁਰਖ ਅਤੇ ਪੰਜਾਬ ਗੁੱਛੇਦਾਰ ਦੂਜੀਆਂ ਕਿਸਮਾਂ ਹਨ। ਇਸੇ ਤਰ੍ਹਾਂ ਜੇਕਰ ਬੈਂਗਣਾਂ ਦੀ ਪਨੀਰੀ ਮਿਲ ਸਕੇ ਤਾਂ ਇਨ੍ਹਾਂ ਦੇ ਕੁਝ ਬੂਟੇ ਵੀ ਘਰ ਬਗੀਚੀ ਵਿਚ ਜ਼ਰੂਰ ਲਗਾਏ ਜਾਣ। ਪੰਜਾਬ ਨੀਲਮ ਤੇ ਬੀ. ਐਚ. 2 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ ਜਦੋਂ ਕਿ ਪੰਜਾਬ ਬਰਸਾਤੀ ਤੇ ਪੰਜਾਬ ਸਦਾਬਹਾਰ ਲੰਬੇ ਬੈਂਗਣਾਂ ਦੀਆਂ ਕਿਸਮਾਂ ਹਨ। ਪੰਜਾਬ ਨਗੀਨਾ ਬੈਂਗਣੀ ਦੀ ਕਿਸਮ ਹੈ। ਸਬਜ਼ੀ ਸਵੇਰੇ ਜਾਂ ਸ਼ਾਮ ਨੂੰ ਤੋੜੀ ਜਾਵੇ। ਤਾਜ਼ੀ ਸਬਜ਼ੀ ਵਿਚ ਹੀ ਪੂਰੇ ਖੁਰਾਕੀ ਤੱਤ ਹੁੰਦੇ ਹਨ। ਘਰ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀ ਕਿੱਟ, ਪੰਜਾਬ ਐਗਰੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਤੋਂ ਮਿਲ ਜਾਂਦੀ ਹੈ। ਇਸ ਵਿਚ ਸਾਰੀਆਂ ਸਬਜ਼ੀਆਂ ਦੇ ਥੋੜ੍ਹੇ-ਥੋੜ੍ਹੇ ਬੀਜ ਹੁੰਦੇ ਹਨ। ਉਮੀਦ ਹੈ ਇਸ ਵਾਰ ਤੁਸੀਂ ਘੱਟੋ-ਘੱਟ ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋਗੇ। ਤਾਜ਼ੀ ਸਬਜ਼ੀ ਤਾਂ ਤੁਸੀਂ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤੋਹਫੇ ਦੇ ਰੂਪ ਵਿਚ ਵੀ ਦੇ ਸਕਦੇ ਹੋ। ਜਦੋਂ ਸਬਜ਼ੀ ਦੀ ਕਾਸ਼ਤ ਕਰਨ ਦੀ ਆਦਤ ਪੈ ਜਾਵੇ ਫਿਰ ਖੇਤ ਵਿਚ ਹੱਥੀਂ ਕੰਮ ਕਰਕੇ ਆਨੰਦ ਪ੍ਰਾਪਤ ਹੋਣ ਲਗਦਾ ਹੈ ਤੇ ਇਹੋ ਆਦਤ ਹੀ ਸਫ਼ਲਤਾ ਦਾ ਆਧਾਰ ਬਣਦੀ ਹੈ।
ਡਾ: ਰਣਜੀਤ ਸਿੰਘ
ਫੋਨ : 94170-87328
(source Ajit)