ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਨਾਲ ਇੱਕ ਫਰੀ ਗਤਕਾ ਸਿਖਲਾਈ ਕੈਂਪ ਲਗਾਇਆ ਗਿਆ। ਇੱਕ ਮਹੀਨਾ ਚੱਲੇ ਇਸ ਫਰੀ ਗਤਕਾ ਸਿਖਲਾਈ ਕੈਂਪ ਵਿੱਚ ਲਗਭਗ 25 ਬੱਚਿਆਂ ਨੇ ਗਤਕੇ ਦੀ ਸਿਖਲਾਈ ਪ੍ਰਾਪਤ ਕੀਤੀ। ਬਾਬਾ ਬਲਵਿੰਦਰ ਸਿੰਘ ਜੀ ਯੂ.ਪੀ. ਵਾਲਿਆਂ ਨੇ ਦੱਸਿਆ ਕਿ ਖਾਸ ਗੱਲ ਇਹ ਰਹੀ ਕਿ ਸਾਰੇ ਬੱਚੇ 6 ਤੋਂ 10 ਸਾਲ ਦੀ ਉਮਰ ਦੇ ਸਨ। ਉਹਨਾਂ ਆਖਿਆ ਕਿ ਅੱਜ ਨੌਜਵਾਨ ਪੀੜ੍ਹੀ ਆਪਣੇ ਧਰਮ ਅਤੇ ਸੱਭਿਆਚਾਰ ਨਾਲੋਂ ਦਿਨੋਂ ਦਿਨ ਪਾਸਾ ਵੱਟਦੀ ਜਾ ਰਹੀ ਹੈ। ਇਸ ਲਈ ਸਾਡੇ ਲਈ ਇਹ ਜਰੂਰੀ ਬਣ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਧਾਰਮਿਕ ਵਿਰਸੇ ਨਾਲ ਜੋੜੀ ਰੱਖਣ ਲਈ ਇਹੋ ਜਿਹੇ ਉਪਰਾਲੇ ਕਰਦੇ ਰਹੀਏ।