ਪਿੰਡ ਠੱਟਾ ਨਵਾਂ ਵਿਖੇ ਇਕ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚੋਂ ਨਿਸ਼ਾਨ ਸਾਹਿਬ ਪੁੱਟ ਕੇ ਜਬਰਦਸਤੀ ਸ੍ਰੀ ਰਮਾਇਣ ਦਾ ਪ੍ਰਕਾਸ਼ ਕੀਤੇ ਜਾਣ ਦੇ ਮਾਮਲੇ ਦੀ ਪੜਤਾਲ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖ ਭਾਈ ਬਲਵੀਰ ਸਿੰਘ ਮੁੱਛਲ ਦੀ ਅਗਵਾਈ ‘ਚ ਇਕ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਭਾਈ ਬਲਵੀਰ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪੁੱਜੇ ਸੰਤ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਜਿਸ ‘ਚ ਵਾਲਮੀਕ ਭਾਈਚਾਰੇ ਦਾ ਵੀ ਵੱਡਾ ਸਹਿਯੋਗ ਸੀ ਇੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਗਾ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਨਵੀਂ ਇਮਾਰਤ ਬਣਾਉਣ ਮੌਕੇ ਪ੍ਰਕਾਸ਼ ਇਕ ਵੱਖਰੇ ਸਥਾਨ ‘ਤੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਕੁਝ ਵਿਅਕਤੀ ਇੱਥੇ ਵਾਲਮੀਕ ਮੰਦਿਰ ਬਣਾਉਣਾ ਚਾਹੁੰਦੇ ਹਨ, ਜੋ ਕਿ ਸਰਾਸਰ ਗਲਤ ਹੈ। ਮੌਕੇ ‘ਤੇ ਪੁੱਜੇ ਥਾਣਾ ਤਲਵੰਡੀ ਚੌਧਰੀਆਂ ਦੇ ਪੁਲਿਸ ਅਧਿਕਾਰੀਆਂ ਮਨਦੀਪ ਸਿੰਘ ਡੀ.ਐੱਸ.ਪੀ. ਤੇ ਬਰਜਿੰਦਰ ਸਿੰਘ ਐੱਸ.ਐੱਚ.ਓ. ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਕੁਲਦੀਪ ਸਿੰਘ ਚੰਦੀ ਐੱਸ.ਡੀ.ਐੱਮ. ਨੇ ਪਹਿਲੀ ਅਕਤੂਬਰ ਨੂੰ ਸਬੰਧਿਤ ਧਿਰਾਂ ਨੂੰ ਮਾਮਲੇ ਦੇ ਹੱਲ ਵਾਸਤੇ ਆਪਣੇ ਦਫ਼ਤਰਾਂ ਬੁਲਾਇਆ ਹੋਇਆ ਹੈ। ਸਤਿਕਾਰ ਕਮੇਟੀ ਦੀ ਦੌਰਾ ਕਰਨ ਵਾਲੀ ਟੀਮ ‘ਚ ਭਾਈ ਸੁਖਜੀਤ ਸਿੰਘ ਖੋਸਾ, ਸਤਨਾਮ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਅਤੇ ਭਾਈ ਕ੍ਰਿਪਾਲ ਸਿੰਘ ਵੀ ਹਾਜ਼ਰ ਸਨ।