ਗਰਮੀ ਰੁੱਤ ਦੀਆਂ ਸਬਜ਼ੀਆਂ ਲਾਉਣ ਲਈ ਢੁਕਵਾਂ ਸਮਾਂ
ਗਰਮੀ ਰੁੱਤ ਦੀਆਂ ਸਬਜ਼ੀਆਂ ਭਾਵੇਂ ਫਰਵਰੀ ‘ਚ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਇਹ ਸਮਾਂ ਵੀ ਇਨ੍ਹਾਂ ਦੇ ਲਾਉਣ ਲਈ ਬੜਾ ਢੁਕਵਾਂ ਹੈ। ਉਤਪਾਦਕ ਤਾਂ ਸਾਰਾ ਮਾਰਚ ਹੀ ਇਸ ਰੁੱਤ ਦੀਆਂ ਸਬਜ਼ੀਆਂ ਲਾਈ ਜਾਂਦੇ ਹਨ। ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਕੱਦੂ, ਕਰੇਲਾ, ਖੀਰਾ, ਟੀਂਡਾ, ਘੀਆ, ਤੋਰੀ, ਹਲਵਾ ਕੱਦੂ, ਤਰਬੂਜ਼ ਤੇ ਤਰ ਦੀ ਕਾਸ਼ਤ ਹੁਣ ਕੀਤੀ ਜਾ ਸਕਦੀ ਹੈ। ਵੇਲਾਂ ਵਾਲੀਆਂ ਕੁਝ ਸਬਜ਼ੀਆਂ ਨੂੰ ਜੂਨ-ਜੁਲਾਈ ‘ਚ ਵੀ ਲਾਇਆ ਜਾ ਸਕਦਾ ਹੈ। ਮਿਰਚਾਂ ਦੀ ਪਨੀਰੀ ਪੁੱਟ ਕੇ ਅੱਜ ਕਲ੍ਹ ਖੇਤਾਂ ਵਿਚ ਲਾਈ ਜਾਂਦੀ ਹੈ। ਇਹ ਪਨੀਰੀ ਨਵੰਬਰ ‘ਚ ਬੀਜੀ ਗਈ ਹੋਵੇ। ਇਸ ਤਰ੍ਹਾਂ ਅਕਤੂਬਰ-ਨਵੰਬਰ ਤੱਕ ਹੀ ਲਾਲ ਅਤੇ ਹਰੀਆਂ ਮਿਰਚਾਂ ਦੀ ਫ਼ਸਲ ਲਈ ਜਾ ਸਕਦੀ ਹੈ। ਭਿੰਡੀ ਅਤੇ ਰਵਾਂਹ ਵੀ ਹੁਣ ਲਾਏ ਜਾ ਸਕਦੇ ਹਨ ਜਾਂ ਫੇਰ ਜੂਨ-ਜੁਲਾਈ ਵਿਚ ਇਨ੍ਹਾਂ ਦੀ ਕਾਸ਼ਤ ਹੋਵੇਗੀ। ਗਰਮੀਆਂ ਦੀ ਰੁੱਤ ਦੀ ਬੈਂਗਣ ਅਤੇ ਟਮਾਟਰਾਂ ਦੀ ਫ਼ਸਲ ਵੀ ਬੀਜੀ ਜਾ ਸਕਦੀ ਹੈ। ਮਈ ਤੋਂ ਸਤੰਬਰ ਦੌਰਾਨ ਲਗਾਤਾਰ ਲਈ ਜਾਣ ਵਾਲੀ ਮੂਲੀ ਦੀ ਪੂਸਾ ਚੇਤਕੀ ਕਿਸਮ ਅਪ੍ਰੈਲ ਤੀਕ ਲਾਈ ਜਾ ਸਕਦੀ ਹੈ। ਅਗਸਤ ਤੋਂ ਅਕਤੂਬਰ ਦੇ ਦਰਮਿਆਨ ਲਈ ਜਾਣ ਵਾਲੀ ਫੁੱਲਗੋਭੀ ਦੀ ਪੂਸਾ ਮੇਘਨਾ ਕਿਸਮ ਅਪ੍ਰੈਲ-ਮਈ ‘ਚ ਲਾਉਣੀ ਅਨੁਕੂਲ ਹੋਵੇਗੀ।
ਸਬਜ਼ੀਆਂ ਦੀ ਕਾਸ਼ਤ ਛੋਟੇ ਕਿਸਾਨਾਂ ਲਈ ਬੜੀ ਲਾਹੇਵੰਦ ਹੈ। ਇਸ ਨਾਲ ਫ਼ਸਲੀ ਵਿਭਿੰਨਤਾ ਵੀ ਪ੍ਰਾਪਤ ਹੁੰਦੀ ਹੈ। ਹੁਣ ਬੇਮੌਸਮੀ ਸਬਜ਼ੀਆਂ ਪੌਲੀ ਹਾਊਸ ਤੇ ਪ੍ਰੋਟੈਕਟਿਡ ਕਲਟੀਵੇਸ਼ਨ ਤਕਨੀਕਾਂ ਵਰਤ ਕੇ ਸਾਰਾ ਸਾਲ ਉਗਾਈਆਂ ਜਾ ਸਕਦੀਆਂ ਹਨ। ਕਿਸਾਨ ਅਗੇਤੀਆਂ, ਪਿਛੇਤੀਆਂ ਲਾ ਕੇ ਸਬਜ਼ੀਆਂ ਤੋਂ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਸਬਜ਼ੀਆਂ ਦੀ ਖੇਤੀ ਨਾਲ ਘਰ ਦੇ ਸਾਰੇ ਜੀਆਂ ਨੂੰ ਕੰਮ ਵੀ ਮੁਹਈਆ ਹੁੰਦਾ ਹੈ। ਸ਼ਲਗਮ, ਪਾਲਕ, ਮੇਥੀ ਅਤੇ ਧਨੀਆ ਵਰਗੀਆਂ ਸਬਜ਼ੀਆਂ 35-40 ਦਿਨਾਂ ‘ਚ ਹੀ ਤਿਆਰ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸਾਲ ‘ਚ 3-4 ਵਾਰ ਵੀ ਲਾਇਆ ਜਾ ਸਕਦਾ ਹੈ। ਸ਼ਿਮਲਾ ਮਿਰਚ ਤੇ ਟਮਾਟਰਾਂ ਲਈ ਨੈੱਟ ਹਾਊਸ ਦੀ ਕਾਸ਼ਤ ਬੜੀ ਫਾਇਦੇਮੰਦ ਹੈ। ਆਮ ਤੌਰ ‘ਤੇ ਬਰਸਾਤ ਰੁੱਤ ਵਿਚ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਹਨ। ਇਸ ਲਈ ਜਿਨ੍ਹਾਂ ਸਬਜ਼ੀਆਂ ਦੀ ਫ਼ਸਲ ਜੁਲਾਈ-ਅਗਸਤ ਵਿਚ ਲਈ ਜਾ ਸਕੇ ਉਨ੍ਹਾਂ ਤੋਂ ਕਾਫ਼ੀ ਮੁਨਾਫਾ ਪ੍ਰਾਪਤ ਕੀਤਾ ਜਾ ਸਕਦਾ ਹੈ। ਬਰਸਾਤ ਵਾਲੀ ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਫ਼ਸਲ ‘ਤੇ ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ ਦਾ ਹਮਲਾ ਹੋ ਜਾਂਦਾ ਹੈ। ਇਹ ਫ਼ਸਲ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਰੋਗ ਤੋਂ ਪ੍ਰਭਾਵਤ ਬੂਟਿਆਂ ਦੇ ਪੱਤੇ ਛੋਟੇ ਰਹਿ ਜਾਂਦੇ ਹਨ। ਪੱਤੇ ਪੀਲੇ ਤੇ ਬੰਦਰੰਗੇ ਹੋ ਜਾਂਦੇ ਹਨ। ਬੂਟਿਆਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ। ਕਈ ਵਾਰ ਅਜਿਹੇ ਬੂਟਿਆਂ ਨੂੰ ਫ਼ਲ ਹੀ ਨਹੀਂ ਲੱਗਦਾ। ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਫੈਲਦੀ ਰਹਿੰਦੀ ਹੈ। ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਚਿੱਟੀ ਮੱਖੀ ਦੇ ਹਮਲੇ ਦੇ ਬਚਾਅ ਲਈ ਰੋਗਰ ਦਾ ਛਿੜਕਾਅ ਕਰੋ। ਮਿਰਚਾਂ ਵਿਚ ਮੈਲਾਥਿਆਨ ਦਾ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਬਜ਼ੀਆਂ ਕਿਸਾਨਾਂ ਨੂੰ ਸਾਰਾ ਸਾਲ ਖਰਚ ਲਈ ਆਮਦਨ ਮੁਹਈਆ ਕਰਦੀਆਂ ਰਹਿੰਦੀਆਂ ਹਨ। ਜਿਸ ਨਾਲ ਘਰ ਦਾ ਰੋਜ਼ਾਨਾ ਦਾ ਖਰਚ ਚਲਦਾ ਰਹਿੰਦਾ ਹੈ।
ਕਿਸਾਨਾਂ ਨੂੰ ਸਬਜ਼ੀਆਂ ਦੇ ਮੰਡੀਕਰਨ ‘ਚ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਸਰਕਾਰ ਨੇ ਜੋ ‘ਆਪਣੀ ਮੰਡੀ’ ਪ੍ਰੋਗਰਾਮ ਕਿਸਾਨਾਂ ਲਈ ਚਾਲੂ ਕੀਤਾ ਸੀ ਉੱਥੇ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਭਰਮਾਰ ਹੈ ਅਤੇ ਉਹ ਹੁਣ ਆਪਣਾ ਸਾਮਾਨ ਵੇਚਦੇ ਹਨ। ਕਿਸਾਨ ਇਨ੍ਹਾਂ ਮਡੀਆਂ ‘ਚ ਘੱਟ ਹੀ ਹੁੰਦੇ ਹਨ। ਕਿਸਾਨਾਂ ਨੂੰ ਪ੍ਰੋਸੈਸਿੰਗ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੋਸੈਸਿੰਗ ਲਈ ਸਬਜ਼ੀਆ ਉਗਾ ਕੇ ਜ਼ਿਆਦਾ ਮੁਨਾਫ਼ਾ ਕਮਾਉਣਾ ਚਾਹੀਦਾ ਹੈ। ਸਬਜ਼ੀਆਂ ਦਾ ਬੀਜ ਪੈਦਾ ਕਰਨ ਅਤੇ ਵੇਚਣ ਦਾ ਧੰਦਾ ਵੀ ਬੜਾ ਲਾਹੇਵੰਦ ਹੈ ਪਰ ਹਰ ਕਿਸਾਨ ਇਸ ਨੂੰ ਨਹੀਂ ਕਰ ਸਕਦਾ। ਆਲੂ ਉਤਪਾਦਕ ਇਹ ਧੰਦਾ ਕਰਕੇ ਪੈਸਾ ਕਮਾ ਰਹੇ ਹਨ। ਸਬਜ਼ੀਆਂ ਦੀ ਕਾਸ਼ਤ ਥੱਲੇ ਪੰਜਾਬ ‘ਚ 1.90 ਲੱਖ ਹੈਕਟੇਅਰ ਰਕਬਾ ਹੈ। ਜਿਸ ਵਿਚੋਂ 85 ਹਜ਼ਾਰ ਹੈਕਟੇਅਰ ‘ਤੇ ਇਕੱਲੇ ਆਲੂਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਸਬਜ਼ੀਆਂ ਦਾ ਉਤਪਾਦਨ 36.40 ਲੱਖ ਟਨ ਹੈ ਜਿਸ ਵਿਚੋਂ 21.5 ਲੱਖ ਟਨ ਆਲੂ ਪੈਦਾ ਹੁੰਦੇ ਹਨ। ਇਸ ਤਰ੍ਹਾਂ ਹਰੀਆਂ ਸਬਜ਼ੀਆਂ ਦੀ ਕਾਸ਼ਤ ਵਧਾਉਣ ਦੀ ਕਾਫ਼ੀ ਗੁੰਜ਼ਾਇਸ਼ ਹੈ।
ਬਾਗ਼ਬਾਨੀ ਵਿਭਾਗ ਕੌਮੀ ਬਾਗ਼ਬਾਨੀ ਮਿਸ਼ਨ ਹੇਠ 500 ਵਰਗ ਮੀਟਰ ਦਾ ਨੈੱਟ ਹਾਊਸ ਬਣਾਉਣ ਲਈ 40 ਹਜ਼ਾਰ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦੇ ਰਿਹਾ ਹੈ। ਹੁਣ ਤੱਕ ਅਜਿਹੇ 650 ਨੈੱਟ ਹਾਊਸ ਬਾਗ਼ਬਾਨੀ ਵਿਭਾਗ ਦੀ ਸਹਾਇਤਾ ਨਾਲ ਬਣ ਚੁੱਕੇ ਹਨ। ਕੇਂਦਰ ਸਰਕਾਰ ਨੇ ਜੋ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਵੈਜੀਟੇਬਲ ਕਲੱਸਟਰ ਸਕੀਮ ਸ਼ੁਰੂ ਕੀਤੀ ਹੈ ਉਸ ਨਾਲ ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ, ਪਟਿਆਲਾ ਤੇ ਜਲੰਧਰ ਜ਼ਿਲ੍ਹੇ ਦੇ ਕਿਸਾਨ ਕਾਫ਼ੀ ਲਾਭ ਉਠਾ ਸਕਦੇ ਹਨ। ਇਸ ਸਕੀਮ ਹੇਠ ਸਬਜ਼ੀਆਂ ਦੀ ਕਾਸ਼ਤ ਨੂੰ ਕਾਫ਼ੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਗਰੁੱਪ ਬਣਾ ਕੇ ਮੰਡੀਕਰਨ ਦਾ ਵੀ ਯੋਗ ਪ੍ਰਬੰਧ ਕੀਤਾ ਜਾਣਾ ਹੈ। ਇਹ ਸਕੀਮ ਖਪਤਕਾਰਾਂ ਦੇ ਫਾਇਦੇ ਲਈ ਵੀ ਹੈ ਤਾਂ ਜੋ ਉਨ੍ਹਾਂ ਨੂੰ ਤਾਜ਼ੀਆਂ ਸਬਜ਼ੀਆਂ ਮੁਨਾਸਬ ਕੀਮਤ ‘ਤੇ ਮੁਹੱਈਆ ਕੀਤੀਆਂ ਜਾ ਸਕਣ।
ਭਗਵਾਨ ਦਾਸ
-ਫੋਨ : 98152-36307