ਪਿਛਲੇ ਕੁਝ ਸਾਲਾਂ ਤੋਂ ਸਬਜ਼ੀਆਂ ਦੇ ਉਤਪਾਦਨ ਵਿਚ ਕਾਫ਼ੀ ਵਾਧਾ ਹੋਇਆ ਹੈ | ਜੇਕਰ ਸਬਜ਼ੀਆਂ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਇਹ 4.97 ਲੱਖ ਟਨ (1960-61) ਤੋਂ ਵਧ ਕੇ 2011-12 ਵਿਚ 37.34 ਲੱਖ ਟਨ ਹੋ ਗਿਆ ਹੈ | ਮਾਹਿਰਾਂ ਅਨੁਸਾਰ ਪ੍ਰਤੀ ਵਿਅਕਤੀ 280 ਗ੍ਰਾਮ ਪ੍ਰਤੀ ਦਿਨ ਸਬਜ਼ੀਆਂ ਦਾ ਸੇਵਨ ਜ਼ਰੂਰੀ ਹੈ | ਹਾਲੇ ਵੀ ਤਕਰੀਬਨ 125 ਗ੍ਰਾਮ ਪ੍ਰਤੀ ਦਿਨ ਪ੍ਰਤੀ ਵਿਅਕਤੀ ਮੁਹੱਈਆ ਹੀ ਹੋ ਰਹੀਆਂ ਹਨ | ਇਨ੍ਹਾਂ ਅੰਕੜਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਸਬਜ਼ੀਆਂ ਦਾ ਉਤਪਾਦਨ ਤਕਰੀਬਨ ਦੁੱਗਣਾ ਕਰਨ ਦੀ ਲੋੜ ਹੈ | ਇਸ ਤੋਂ ਬਿਨਾਂ ਡੱਬਾ-ਬੰਦੀ, ਨਿਰਯਾਤ ਅਤੇ ਬੀਜ ਲਈ ਜ਼ਰੂਰਤ ਵੱਖਰੀ ਹੈ |
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 45 ਫ਼ੀਸਦੀ ਰਕਬਾ ਕੁੱਲ ਸਬਜ਼ੀਆਂ ‘ਚੋਂ ਸਿਰਫ਼ ਆਲੂ ਹੇਠ ਹੀ ਹੈ | ਸਾਨੂੰ ਇਸ ਵਿਚ ਦੱਸਦੇ ਹੋਏ ਮਾਣ ਹੋ ਰਿਹਾ ਹੈ ਕਿ ਪੰਜਾਬ ‘ਚੋਂ ਤਕਰੀਬਨ ਦੇਸ਼ ਦੇ ਹਰ ਹਿੱਸੇ ਵਿਚ ਆਲੂ (ਬੀਜ ਦੇ ਤੌਰ ‘ਤੇ) ਨਿਰਯਾਤ ਕੀਤਾ ਜਾਂਦਾ ਹੈ, ਇਸੇ ਕਰਕੇ ਪੰਜਾਬ ਸਰਕਾਰ ਨੇ ਹਾਲੈਂਡ ਦੀ ਯੂਨੀਵਰਸਿਟੀ ਆਫ਼ ਵਾਗਨਿਨ ਨਾਲ ਰਲ ਕੇ ਪੋਟੈਟੋ ਸੈਂਟਰ ਆਫ਼ ਐਕਸੀਲੈਂਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਸਥਾਪਤ ਕਰਨ ਦਾ ਫੈਸਲਾ ਲਿਆ ਹੈ, ਜਿਸ ਨਾਲ ਆਲੂ ਦੀ ਪੈਦਾਵਾਰ ਨੂੰ ਹੋਰ ਹੁਲਾਰਾ ਮਿਲੇਗਾ | ਆਲੂ ਦੇ ਬੀਜ ਤੋਂ ਬਿਨਾਂ ਪੰਜਾਬ, ਸਬਜ਼ੀਆਂ ਦੇ ਦੋਗਲੇ ਬੀਜ ਉਤਪਾਦਨ ਵਿਚ ਵੀ ਮੋਹਰੀ ਸੂਬਾ ਬਣਦਾ ਜਾ ਰਿਹਾ ਹੈ |
ਸਬਜ਼ੀਆਂ ਦੇ ਉਤਪਾਦ ਵਿਚ ਅਗੇਤਾਪਣ, ਵੱਧ ਝਾੜ ਅਤੇ ਰਸਾਇਣਾਂ ਦਾ ਇਸਤੇਮਾਲ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ | ਜਿਨ੍ਹਾਂ ਵਿਚੋਂ ਸੁਰੱਖਿਆ ਸਬਜ਼ੀ ਉਤਪਾਦਨ ਇਕ ਤਰੀਕਾ ਹੈ | ਪੀ. ਏ. ਯੂ. ਵੱਲੋਂ ਸੁਰੱਖਿਅਤ ਸਬਜ਼ੀ ਉਤਪਾਦਨ ਲਈ ਟਮਾਟਰ, ਸ਼ਿਮਲਾ ਮਿਰਚ, ਬੈਂਗਣ ਲਈ ਸਿਫਾਰਸ਼ ਕੀਤੀ ਹੈ ਅਤੇ ਲਗਭਗ 1200 ਦੇ ਕਰੀਬ ਪੋਲੀਹਾਊਸ (400 ਮੀਟਰ) ਸਥਾਪਤ ਕੀਤੇ ਜਾ ਚੁੱਕੇ ਹਨ | ਇਸ ਲਈ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਵੀ 50 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ | ਕਿਸਾਨਾਂ ਨੂੰ ਸਿਖਲਾਈ ਦੇਣ ਲਈ 27 ਸੈਂਟਰ ਆਫ਼ ਐਕਸੀਲੈਂਸ (ਬਾਗ਼ਬਾਨੀ) ਭਾਰਤ ਵਿਚ ਸਥਾਪਤ ਕਰਨ ਦਾ ਫੈਸਲਾ ਕੌਮੀ ਬਾਗ਼ਬਾਨੀ ਮਿਸ਼ਨ ਵੱਲੋਂ ਲਿਆ ਗਿਆ ਹੈ ਤਾਂ ਜੋ ਇਸ ਨੂੰ ਵੱਧ ਤੋਂ ਵੱਧ ਬੜ੍ਹਾਵਾ ਦਿੱਤਾ ਜਾਵੇ | ਅਜਿਹਾ ਹੀ ਇਕ ਸੈਂਟਰ ਪੰਜਾਬ ਵਿਚ ਕਿਸਾਨਾਂ ਦੀ ਸਿਖਲਾਈ ਲਈ ਕਰਤਾਰਪੁਰ ਵਿਖੇ ਸਥਾਪਤ ਕੀਤਾ ਗਿਆ ਹੈ |
ਤੁੜਾਈ ਬਾਅਦ ਸਾਂਭ-ਸੰਭਾਲ : ਤਕਰੀਬਨ 25-30 ਫੀਸਦੀ ਸਬਜ਼ੀਆਂ ਤੁੜਾਈ ਤੋਂ ਬਾਅਦ ਖਰਾਬ ਹੋ ਜਾਂਦੀਆਂ ਹਨ, ਜਿਸ ਦਾ ਘਾਟਾ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ | ਇਸ ਲਈ ਇਕ ਟਿਕਾਊ ਤੇ ਸਸਤੀ ਤਕਨਾਲੋਜੀ (ਜੀਰੋ ਐਨਰਜੀ ਕੂਲ ਚੈਂਬਰ) ਥੋੜ੍ਹੇ ਸਮੇਂ ਲਈ ਸਬਜ਼ੀਆਂ ਦਾ ਭੰਡਾਰਨ ਕਰਨ ਲਈ ਵਿਕਸਿਤ ਕੀਤੀ ਗਈ ਹੈ | ਪੰਜਾਬ ਮੰਡੀ ਬੋਰਡ ਦੇ ਯਤਨਾਂ ਸਦਕਾ ਲੁਧਿਆਣਾ ਵਿਚ ਸਬਜ਼ੀ ਭੰਡਾਰਨ ਲਈ ਸਟੋਰ ਉਸਾਰੇ ਗਏ ਹਨ, ਜਿਸ ਨਾਲ ਖੇਤੀ ਵਿਭਿੰਨਤਾ ਲਈ ਕਾਫ਼ੀ ਹੁਲਾਰਾ ਮਿਲੇਗਾ | ਅਜਿਹੇ ਸਟੋਰ ਪਹਿਲਾਂ ਆਲੂਆਂ ਦਾ ਬੀਜ ਸਾਂਭਣ ਲਈ ਹੀ ਉਪਲਬੱਧ ਸਨ |
ਸਬਜ਼ੀਆਂ ਨੂੰ ਨਿਰਯਾਤ ਕਰਨ ਲਈ ਭਾਰਤ ਨੂੰ ਹੋਰ ਮਜ਼ਬੂਤ ਹੋਣ ਦੀ ਲੋੜ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਕਮਾਈ ਜਾ ਸਕੇ | ਭਾਰਤੀ ਸਬਜ਼ੀਆਂ ਦੀ ਕਈ ਦੇਸ਼ਾਂ ਵਿਚ ਬਹੁਤ ਮੰਗ ਹੈ | ਰਾਜਾਸਾਂਸੀ ਕੌਮਾਂਤਰੀ ਏਅਰਪੋਰਟ ਅੰਮਿ੍ਤਸਰ ਤੋਂ ਕਈ ਦੇਸ਼ਾਂ ਨੂੰ ਸਬਜ਼ੀਆਂ ਨਿਰਯਾਤ ਕਰਨ ਲਈ ਸਹੂਲਤਾਂ ਹਨ ਇਸੇ ਤਰ੍ਹਾਂ ਬਾਘਾ ਬਾਰਡਰ ਤੇ ਇੰਟੇਗਰੇਟਿਡ ਚੈੱਕ ਪੋਸਟ ਸਥਾਪਤ ਕੀਤਾ ਗਿਆ ਹੈ, ਜਿਸ ਤੋਂ ਪੰਜਾਬ ਦੇ ਕਿਸਾਨ ਫਾਇਦਾ ਲੈ ਸਕਦੇ ਹਨ | ਏਜੰਸੀ ਵੱਲੋਂ ਸਬਜ਼ੀਆਂ ਲਈ ਵੱਖਰੇ-ਵੱਖਰੇ ਭਾਗਾਂ ਵਿਚ ਵੰਡਿਆ ਗਿਆ ਹੈ ਤੇ ਪੰਜਾਬ ਵਿਚ ਚਾਰ ਵੱਖਰੇ ਭਾਗ ਸਥਾਪਤ ਕੀਤੇ ਗਏ ਹਨ | ਇਸ ਨਾਲ ਯੂ. ਕੇ., ਯੂ. ਏ. ਈ. ਅਤੇ ਹੋਰ ਦੇਸ਼ਾਂ ਵਿਚ ਨਿਰਯਾਤ ਕਰਨਾ ਸੌਖਾ ਹੋ ਗਿਆ ਹੈ |
ਸ਼ਹਿਰਾਂ ਦੇ ਨੇੜੇ ਸਬਜ਼ੀ ਉਤਪਾਦਨ : ਸਰਕਾਰ ਵੱਲੋਂ ਵੱਡੇ-ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਉਤਪਾਦਨ ਨੂੰ ਬੜ੍ਹਾਵਾ ਦੇਣ ਲਈ ਕਈ ਸਕੀਮਾਂ ਬਣਾਈਆਂ ਹਨ, ਤਾਂ ਜੋ ਨੌਜਵਾਨਾਂ ਨੂੰ ਇਸ ਕੰਮ ਵਿਚ ਲਾਇਆ ਜਾ ਸਕੇ ਅਤੇ ਸ਼ਹਿਰਾਂ ‘ਚ ਸਬਜ਼ੀ ਵੇਚ ਕੇ ਚੰਗਾ ਮੁਨਾਫਾ ਕਮਾਇਆ ਜਾ ਸਕੇ | ਇਸ ਨਾਲ ਸ਼ਹਿਰਾਂ ਨੂੰ ਪੌਸ਼ਟਿਕ ਅਤੇ ਤਾਜ਼ੀਆਂ ਸਬਜ਼ੀਆਂ ਵਾਜਬ ਭਾਅ (ਮੁੱਲ) ‘ਤੇ ਮਿਲ ਸਕਣਗੀਆਂ |
ਸਬਜ਼ੀ ਉਤਪਾਦਨ ਵਿਚ ਕੁਝ ਔਕੜਾਂ
• ਬੀਜ ਦੀ ਉਪਲਬੱਧਤਾ : ਹਾਲੇ ਵੀ ਸਬਜ਼ੀਆਂ ਦੇ ਸੁਧਰੇ ਬੀਜ ਕਿਸਾਨਾਂ ਨੂੰ ਲੋੜ ਮੁਤਾਬਿਕ ਨਹੀਂ ਮਿਲ ਰਹੇ | ਦੋਗਲੀਆਂ ਕਿਸਮਾਂ ਖਾਸ ਕਰਕੇ ਟਮਾਟਰ, ਮਿਰਚ, ਗੋਭੀ ਆਦਿ ਪ੍ਰਾਈਵੇਟ ਕੰਪਨੀਆਂ ਵੱਲੋਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਜ਼ਿਆਦਾ ਹੋਣ ਕਰਕੇ ਕਈ ਵਾਰ ਆਮ ਕਿਸਾਨ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ | ਲੋੜ ਹੈ ਕਿ ਸਰਕਾਰੀ ਅਦਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਦਾ ਬੀਜ ਬਣਾਉਣ ਅਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕਰਨ |
• ਮਸ਼ੀਨਰੀ : ਇਹ ਕਹਿਣ ‘ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਬਜ਼ੀਆਂ ਲਈ ਵੱਧ ਕਾਮਿਆਂ ਦੀ ਲੋੜ ਪੈਂਦੀ ਹੈ, ਜਿਸ ਕਰਕੇ ਉਤਪਾਦਨ ਖਰਚਾ ਵਧ ਜਾਂਦਾ ਹੈ | ਜੇਕਰ ਸਬਜ਼ੀ ਉਤਪਾਦਨ ਵਿਚ ਵੱਧ ਤੋਂ ਵੱਧ ਮਸ਼ੀਨਾਂ ਵਿਕਸਿਤ ਕੀਤੀਆਂ ਜਾਣ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋਵੇਗੀ | ਇਸ ਨਾਲ ਮਨੁੱਖੀ ਮੁਸ਼ੱਕਤ ਵਿਚ ਕਾਫ਼ੀ ਕਮੀ ਕੀਤੀ ਜਾ ਸਕਦੀ ਹੈ |
• ਪ੍ਰੋਸੈਸਿੰਗ : ਭਾਰਤ ਵਿਚ ਤਕਰੀਬਨ 2 ਫ਼ੀਸਦੀ ਹੀ ਸਬਜ਼ੀਆਂ ਦੀ ਡੱਬਾ ਬੰਦੀ ਕੀਤੀ ਜਾਂਦੀ ਹੈ, ਜਿਸ ਦਾ ਕਾਰਨ ਪ੍ਰੋਸੈਸਿੰਗ ਫੈਕਟਰੀਆਂ ਦੀ ਘਾਟ ਅਤੇ ਥੋੜ੍ਹੀ ਸਮਰੱਥਾ ਦਾ ਹੋਣਾ ਹੈ | ਜੇਕਰ ਵੱਧ ਸਮਰੱਥਾ ਵਾਲੇ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤੇ ਜਾਣ ਤਾਂ ਡੱਬਾ ਬੰਦ ਸਬਜ਼ੀਆਂ ਦਾ ਉਤਪਾਦਨ ਵਧਾਇਆ ਜਾ ਸਕਦਾ ਹੈ ਤੇ ਇਸ ਦੇ ਨਾਲ-ਨਾਲ ਰੁਜ਼ਗਾਰ ਦੇ ਵਸੀਲੇ ਵੀ ਵਧਾਏ ਜਾ ਸਕਦੇ ਹਨ |
• ਬਿਮਾਰੀਆਂ ਅਤੇ ਕੀੜੇ-ਮਕੌੜੇ : ਬਿਮਾਰੀਆਂ ਅਤੇ ਕੀੜੇ-ਮਕੌੜੇ ਵੀ ਸਬਜ਼ੀ ਉਤਪਾਦਨ ਵਿਚ ਇਕ ਵੱਡਾ ਅੜਿੱਕਾ ਹਨ, ਬਿਮਾਰੀਆਂ ਅਤੇ ਕੀੜੇ-ਮਕੌੜੇ ਦੀ ਰੋਕਥਾਮ ਲਈ ਰਸਾਇਣਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਖਰਚਾ ਵਧਦਾ ਹੈ | ਉਹ ਕਿਸਮਾਂ ਵਿਕਸਿਤ ਕਰਨ ਦੀ ਜ਼ਰੂਰਤ ਹੈ ਜਿਸ ‘ਤੇ ਇਨ੍ਹਾਂ ਦਾ ਹਮਲਾ ਘੱਟ ਜਾਂ ਨਾ ਦੇ ਬਰਾਬਰ ਹੋਵੇ ਤਾਂ ਕਿ ਫ਼ਸਲ ਪੈਦਾ ਕਰਨ ਦਾ ਖਰਚਾ ਘਟਾਇਆ ਜਾ ਸਕੇ |
• ਬਿਜਲੀ : ਪ੍ਰੋਸੈਸਿੰਗ ਲਈ ਬਿਜਲੀ ਬਹੁਤ ਜ਼ਰੂਰੀ ਹੈ ਪਰ ਸਾਡੀਆਂ ਪ੍ਰਸਥਿਤੀਆਂ ਵਿਚ ਇਹ ਵੀ ਇਕ ਵੱਡੀ ਔਕੜ ਹੈ |
ਕਿਸਾਨ ਵੀਰੋ, ਪੀ. ਏ. ਯੂ. ਦੇ ਮਾਹਿਰ ਹਰ ਹੰਭਲਾ ਮਾਰ ਰਹੇ ਹਨ ਕਿ ਸਬਜ਼ੀਆਂ ਦਾ ਉਤਪਾਦਨ ਅਤੇ ਕਿਸਾਨਾਂ ਦਾ ਮੁਨਾਫ਼ਾ ਵਧਾਇਆ ਜਾ ਸਕੇ | ਸੋ, ਸਾਨੂੰ ਜ਼ਰੂਰਤ ਹੈ ਤੁਹਾਡੇ ਸਹਿਯੋਗ ਦੀ ਤਾਂ ਕਿ ਪੰਜਾਬ ਦੇ ਵਾਤਾਵਰਨ ਨੂੰ ਸੁਧਾਰਿਆ ਜਾ ਸਕੇ ਅਤੇ ਖੇਤੀ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕੇ |
-ਵੈਜੀਟੇਬਲ ਸਾਇੰਸ ਵਿਭਾਗ |
(soirce Ajit)