ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ ਜੇ ਕਿਤੇ ਸਰਹੱਦ ਨਾ ਹੁੰਦੀ-ਬਿੰਦਰ ਕੋਲੀਆਂਵਾਲ ਵਾਲਾ

56

1

ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ ਜੇ ਕਿਤੇ ਸਰਹੱਦ ਨਾ ਹੁੰਦੀ,
ਕੀ ਮਿਲਿਆ ਏ ਕਹਿਰ ਕਮਾ ਕੇ ਆਪਣਿਆ ਦਾ ਖੂਨ ਵਹਾਕੇ।
ਹੱਸਦੇ ਵੱਸਦੇ ਰਹਿਣਾ ਸੀ ਜੇ ਵਿੱਚ ਦਿਲਾਂ ਦੇ ਕੰਧ ਨਾ ਹੁੰਦੀ,
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ————–
ਫਿਰ ਕਿਹਨੇ ਸੀ ਲਹਿੰਦਾ ਚੜ੍ਹਦਾ ਕਹਿਣਾ ਇਕੋ ਸੀ ਪੰਜਾਬ ਏ ਰਹਿਣਾ,
ਨਨਕਾਣਾ ਤੇ ਹਰਿਮੰਦਿਰ ਸਾਹਿਬ ਵਿੱਚ ਕੱਠਿਆਂ ਸੀ ਜਾ ਰਲਕੇ ਬਹਿਣਾ।
ਲਾਹੌਰ ਅਟਾਰੀ ਵਾਲੀ ਗੱਡੀ ਜੇ ਖੂਨ ਨਾਲ ਰੰਗ ਨਾ ਹੁੰਦੀ,
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ————–
ਮਾਤਾ ਹਰ ਪਲ ਮਰਦੀ ਰਹਿੰਦੀ ਸੁਪਨੇ ਵਿੱਚ ਵੀ ਡਰਦੀ ਰਹਿੰਦੀ,
ਵਿੱਛੜੇ ਪੁੱਤ ਨੂੰ ਕੌਣ ਮਿਲਾਵੇ ਕਿਹੜਾ ਜੋ ਗਲ ਮੇਰੇ ਬਾਹਾਂ ਪਾਵੇ।
ਮੇਲ ਕਰਾ ਦੇਈ ਰੱਬਾ ਵੇ ਤੂੰ ਕਰ ਦੁਆਵਾਂ ਮੰਗਦੀ ਰਹਿੰਦੀ,
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ————–
ਗੋਰੇ ਆਪਣਾ ਰੰਗ ਵਖਾ ਗਏ ਭਾਈਆਂ ਕੋਲੋ ਭਾਈ ਮਰਵਾ ਗਏ,
ਮਿੱਟੀ ਦੇ ਵਿੱਚ ਇੱਜਤਾਂ ਰੁਲੀਆਂ ਐਸਾ ਜਖ਼ਮ ਸੀਨੇ ਲਾ ਏ।
ਕਿਹਨੇ ਮੂਹਰੇ ਖੜ੍ਹਨਾ ਸੀ ਜੇ ਹਿੰਦ-ਪਾਕ ਦੀ ਵੰਡ ਨਾ ਹੁੰਦੀ,
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ————–
ਜਾਤ ਪਾਤ ਦੀ ਗੱਲ ਜੇ ਮੁੱਕਜੇ ਫਿਰ ਸਾਰੇ ਝਗੜੇ ਹੀ ਰੁੱਕ ਗਏ,
ਕੀ ਮਿਲਿਆ ਏ ਵੰਡੀਆਂ ਪਾ ਕੇ ਬਹਿ ਗਏ ਆਪਣਾ ਆਪ ਲੁਟਾਕੇ।
ਬਿੰਦਰ ਕੋਲੀਆਂ ਵਾਲਿਆ ਸਰਕਾਰਾਂ ਵਿੱਚ ਜੇ ਕੁਰਸੀ ਦੀ ਜੰਗ ਨਾ ਹੁੰਦੀ,
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ ਜੇ ਕਿਤੇ ਸਰਹੱਦ ਨਾ ਹੁੰਦੀ।
ਖੁਸ਼ੀਆਂ ਦੀ ਕੋਈ ਹੱਦ ਨਾ ਹੁੰਦੀ ਜੇ ਕਿਤੇ ਸਰਹੱਦ ਨਾ ਹੁੰਦੀ।
ਬਿੰਦਰ ਕੋਲੀਆਂਵਾਲ ਵਾਲਾ