ਝੋਨਾ ਸਾਉਣੀ ਦੀ ਮਹੱਤਵਪੂਰਨ ਫ਼ਸਲ ਹੈ। ਪੰਜਾਬ ਵਿਚ 1960-61 ਵਿਚ ਸਿਰਫ਼ 6 ਲੱਖ ਹੈਕਟੇਅਰ ਰਕਬੇ ‘ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਸੀ, ਪਰ ਹੁਣ ਇਹ ਰਕਬਾ ਵਧ ਕੇ 28 ਲੱਖ ਹੈਕਟੇਅਰ ਹੋ ਗਿਆ ਹੈ। ਝੋਨੇ ਹੇਠ ਰਕਬੇ ਵਿਚ ਹੋਏ ਵਾਧੇ ਸਦਕਾ ਇਸ ਫ਼ਸਲ ਦੀ ਰਹਿੰਦ-ਖ਼ੂੰਹਦ (ਪਰਾਲੀ) ਵਿਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰੰਤੂ ਅਫ਼ਸੋਸਜਨਕ ਗੱਲ ਇਹ ਹੈ ਕਿ ਇਸ ਪਰਾਲੀ ਦੀ ਸੁਯੋਗ ਵਰਤੋਂ ਦੀ ਬਜਾਏ ਇਸ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਪਿਛਲੇ ਕੁੱਝ ਸਾਲਾਂ ਵਿਚ ਖ਼ਾਸ ਤੌਰ ‘ਤੇ ਮਜ਼ਦੂਰਾਂ ਦੀ ਘਾਟ ਅਤੇ ਕਿਰਤ ਮਹਿੰਗੀ ਹੋਣ ਕਾਰਨ ਫ਼ਸਲ ਦੀ ਮਸ਼ੀਨੀ ਵਢਾਈ ਕਾਰਨ ਪਰਾਲੀ ਨੂੰ ਸਾੜਨ ਦੇ ਰੁਝਾਨ ਨੇ ਜ਼ੋਰ ਫ਼ੜਿਆ ਹੈ, ਜਿਸ ਕਾਰਨ ਵਾਤਾਵਰਨ ਦੇ ਪਲੀਤ ਹੋਣ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਹੋ ਰਹੀ ਹੈ। ਇਕ ਅੰਦਾਜ਼ੇ ਮੁਤਾਬਿਕ ਪਰਾਲੀ ਸਾੜਨ ਨਾਲ ਤਕਰੀਬਨ 0.17 ਟਨ ਨਾਈਟਰੋਜਨ, 0.10 ਟਨ ਫ਼ਾਸਫੋਰਸ ਅਤੇ 0.45 ਟਨ ਪੋਟਾਸ਼ੀਅਮ ਪ੍ਰਤੀ ਏਕੜ ਤੋਂ ਇਲਾਵਾ ਕਾਫ਼ੀ ਮਾਤਰਾ ਵਿਚ ਗੰਧਕ ਅਤੇ ਮੌਲੀਬਡੀਨਮ ਆਦਿ ਅਹਿਮ ਖ਼ੁਰਾਕੀ ਤੱਤ ਵੀ ਅੱਗ ਦੇ ਭੇਟ ਚੜ੍ਹ ਰਹੇ ਹਨ। ਪਰਾਲੀ ਦੇ ਸੜਨ ਨਾਲ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਸਲਫ਼ਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਵਾਤਾਵਰਨ ਵਿਚ ਜਾ ਰਲਦੀਆਂ ਹਨ ਜੋ ਤੇਜ਼ਾਬੀ ਬਾਰਿਸ਼ਾਂ ਦਾ ਸਬੱਬ ਬਣਦੀਆਂ ਹਨ ਅਤੇ ਮਨੁੱਖੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਪਾਉਂਦੀਆਂ ਹਨ। ਪਰਾਲੀ ਦੀ ਸੁਯੋਗ ਵਰਤੋਂ ਕਈ ਤਰੀਕਿਆਂ ਜਿਵੇਂ ਕਾਗਜ਼ ਅਤੇ ਗੱਤਾ ਉਤਪਾਦਨ, ਮਲਚਿੰਗ, ਖੁੰਬ ਉਤਪਾਦਨ, ਬਿਜਲੀ ਉਤਪਾਦਨ ਲਈ ਬਾਲਣ ਅਤੇ ਪਸ਼ੂਆਂ ਹੇਠ ਸੁੱਕ ਵਿਛਾਉਣ ਆਦਿ ਵਜੋਂ ਕੀਤੀ ਜਾ ਸਕਦੀ ਹੈ। ਖੇਤੀ ਵਿਚ ਝੋਨੇ ਦੀ ਪਰਾਲੀ ਦੀ ਸਹੀ ਵਰਤੋਂ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਰਾਲੀ ਤੋਂ ਕੰਪੋਸਟ ਬਣਾਉਣ ਦੀ ਵਿਧੀ ਖੋਜੀ ਗਈ ਹੈ, ਜਿਸ ਨਾਲ ਪਰਾਲੀ ਨੂੰ ਗੁਣਕਾਰੀ ਖ਼ਾਦ (ਕੰਪੋਸਟ) ਵਿਚ ਤਬਦੀਲ ਕੀਤਾ ਜਾ ਸਕਦਾ ਹੈ।
ਖ਼ਾਦ ਬਣਾਉਣ ਦੀ ਵਿਧੀ
ਝੋਨੇ ਦੀ ਪਰਾਲੀ ਦੇ ਗੁਣਕਾਰੀ ਖ਼ਾਦ (ਕੰਪੋਸਟ) ਵਿਚ ਤਬਦੀਲ ਹੋਣ ਲਈ ਪਰਾਲੀ ਦਾ ਚੰਗੀ ਤਰ੍ਹਾਂ ਗਲਣਾ-ਸੜਨਾ ਬਹੁਤ ਜ਼ਰੂਰੀ ਹੈ। ਪਰਾਲੀ ਦੇ ਚੰਗੀ ਤਰ੍ਹਾਂ ਗਲਣ-ਸੜਨ ਲਈ ਢੇਰ ਵਿਚ ਹਵਾ ਦਾ ਸਹੀ ਸੰਚਾਰ ਅਤੇ ਨਮੀਂ ਦਾ ਸਹੀ ਮਾਤਰਾ ਵਿਚ ਹੋਣਾ ਜ਼ਰੂਰੀ ਹਨ। ਇਸ ਲਈ ਕੰਪੋਸਟ ਬਣਾਉਣ ਤੋਂ ਪਹਿਲਾਂ ਪਰਾਲੀ ਨੂੰ ਕਿਸੇ ਅਜਿਹੀ ਥਾਂ ਇਕੱਠਾ ਕਰੋ ਜਿੱਥੇ ਪਾਣੀ ਆਸਾਨੀ ਨਾਲ ਉਪਲੱਭਧ ਹੋ ਸਕੇ। ਖੇਤਾਂ ਵਿਚ ਖਿੱਲਰੀ ਪਰਾਲੀ ਨੂੰ ਇੱਕ ਥਾਂ ਇਕੱਠਾ ਕਰਨ ਮਗਰੋਂ ਇਸ ਦੀਆਂ 10-15 ਕਿੱਲੋ ਵਜ਼ਨ ਦੀਆਂ ਭਰੀਆਂ ਬੰਨ੍ਹ ਲਓ। ਇਨ੍ਹਾਂ ਭਰੀਆਂ ਨੂੰ ਯੂਰੀਆ ਖ਼ਾਦ ਅਤੇ ਤਾਜ਼ੇ ਗੋਹੇ ਦੇ ਘੋਲ ਵਿਚ ਲਗਭਗ 2-3 ਮਿੰਟਾਂ ਲਈ ਡੁਬੋ ਕੇ ਰੱਖੋ। ਇਹ ਘੋਲ ਤਿਆਰ ਕਰਨ ਲਈ 1000 ਲਿਟਰ ਪਾਣੀ ਵਿਚ 1.0 ਕਿੱਲੋ ਯੂਰੀਆ ਅਤੇ 1.0 ਕਿੱਲੋ ਤਾਜ਼ਾ ਗੋਹਾ ਘੋਲੋ। ਇਸ ਮਿਸ਼ਰਨ ਵਿਚ ਪਰਾਲੀ ਦੀਆਂ ਭਰੀਆਂ ਨੂੰ ਡੁਬੋ ਕੇ ਕੱਢਣ ਮਗਰੋਂ, ਇਨ੍ਹਾਂ ਭਰੀਆਂ ਨੂੰ ਨੁਚੜਨ ਦਿਓ। ਭਰੀਆਂ ਦਾ ਢੇਰ ਲਾਉਣ ਤੋਂ ਪਹਿਲਾਂ, ਜ਼ਮੀਨ ਤੋਂ 6 ਇੰਚ ਉੱਚੇ ਅਤੇ 1.5 ਮੀਟਰ ਚੌੜੇ ਬੈੱਡ ਬਣਾ ਲਓ। ਬੈੱਡਾਂ ਦੀ ਲੰਬਾਈ ਜਗ੍ਹਾ ਅਤੇ ਸੌਖਿਆਈ ਅਨੁਸਾਰ ਘਟਾਈ-ਵਧਾਈ ਜਾ ਸਕਦੀ ਹੈ। ਬੈੱਡਾਂ ਉੱਤੇ ਪਰਾਲੀ ਦੇ ਜਲਦੀ ਅਤੇ ਚੰਗੀ ਤਰ੍ਹਾਂ ਗਲਣ-ਸੜਨ ਲਈ ਹਵਾ ਦਾ ਸਹੀ ਸੰਚਾਰ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਬੈੱਡਾਂ ਨੂੰ ਚਾਰ-ਚੁਫ਼ੇਰਿਉਂ ਹਵਾ ਦਾ ਸਹੀ ਸੰਚਾਰ ਬਣਾਈ ਰੱਖਣ ਲਈ, ਕਪਾਹ ਜਾਂ ਦਰਖ਼ਤਾਂ ਦੀਆਂ 2-6 ਸੈਂਟੀਮੀਟਰ ਘੇਰੇ ਵਾਲੀਆਂ ਟਾਹਣੀਆਂ ਹੇਠਾਂ, ਉੱਪਰ ਅਤੇ ਪਾਸਿਆਂ’ ਤੇ ਵਿਛਾ ਦੇਣੀਆਂ ਚਾਹੀਦੀਆਂ ਹਨ।
ਪਰਾਲੀ ਦੇ ਢੇਰ ਵਿਚ ਹਵਾ ਦੇ ਸਹੀ ਸੰਚਾਰ ਲਈ, ਪਰਾਲੀ ਦੇ ਢੇਰ ਨੂੰ ਹਰ ਪੰਦਰਾਂ ਦਿਨਾਂ ਦੇ ਵਕਫ਼ੇ ‘ਤੇ ਉਲਟਾ ਕੇ ਹਵਾ ਲਵਾਉਣੀ ਚਾਹੀਦੀ ਹੈ। ਹਵਾ ਲਵਾਉਣ ਮਗਰੋਂ ਪਰਾਲੀ ਨੂੰ ਪਹਿਲਾਂ ਵਾਂਗ ਢੇਰ ਲਾ ਦਿਓ। ਅਜਿਹਾ ਕਰਨ ਨਾਲ 50 ਤੋਂ 60 ਦਿਨਾਂ ਵਿਚ ਹੀ ਕੰਪੋਸਟ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਤਿਆਰ ਕੀਤੀ ਕੰਪੋਸਟ ਵਿਚ ਖ਼ੁਰਾਕੀ ਤੱਤਾਂ ਦੀ ਮਾਤਰਾ ਨੂੰ ਸਾਰਨੀ ਵਿਚ ਦਰਸਾਇਆ ਗਿਆ ਹੈ।
-ਸੁਖਵਿੰਦਰ ਸਿੰਘ, ਏ.ਪੀ.ਐਸ. ਬਰਾੜ ਅਤੇ ਅੰਗਰੇਜ ਸਿੰਘ*
ਕੇ.ਵੀ.ਕੇ. ਫ਼ਰੀਦਕੋਟ, *ਕੇ.ਵੀ.ਕੇ. ਬਠਿੰਡਾ
(source Ajit)