ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ‘ਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ। ਜਸਟਿਨ ਟਰੂਡੋ ਨੇ ਅੱਜ ਹਾਊਸ ਆਫ ਕਾਮਨਜ਼ ਦੇ ਭਰਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਰਸਮੀ ਤੌਰ ‘ਤੇ ਮੁਆਫੀ ਮੰਗੀ। ਕੈਨੇਡੀਅਨ ਸਮੇਂ ਮੁਤਾਬਿਕ 18 ਮਈ ਨੂੰ ਬਾਅਦ ਦੁਪਿਹਰ 3.15 ਵਜੇ ਅਤੇ ਭਾਰਤੀ ਸਮੇਂ ਮੁਤਾਬਿਕ ਰਾਤ ਪੌਣੇ ਇਕ ਵਜੇ ਟਰੂਡੋ ਨੇ ਸੰਸਦ ‘ਚ ਆਪਣਾ ਸੰਬੋਧਨ ਸ਼ੁਰੂ ਕੀਤਾ। ਕਰੀਬ 7 ਮਿੰਟ ਤੱਕ ਆਪਣੇ ਸੰਬੋਧਨ ‘ਚ ਟਰੂਡੋ ਨੇ ਕਿਹਾ ਕਿ ਮਈ 1914 ਵਿਚ 376 ਮੁਸਾਫਰਾਂ ਨਾਲ ਭਰਿਆ ਕਾਮਾਗਾਟਾਮਾਰੂ ਜਹਾਜ਼ ਕੈਨੇਡਾ ਦੇ ਤੱਟ ‘ਤੇ ਪੁੱਜਿਆ ਸੀ, ਜਿਸ ਵਿਚ ਜ਼ਿਆਦਾਤਾਰ ਸਿੱਖ, ਮੁਸਲਮਾਨ ਅਤੇ ਹਿੰਦੂ ਯਾਤਰੀ ਸਵਾਰ ਸਨ ਅਤੇ ਉਹ ਸਾਰੇ ਬੇਹਤਰ ਭਵਿੱਖ ਦੇ ਲਈ ਕੈਨੇਡਾ ‘ਚ ਆਉਣਾ ਚਾਹੁੰਦੇ ਸਨ, ਪਰ ਉਸ ਸਮੇਂ ਦੇ ਕੈਨੇਡਾ ਦੇ ਵਿਤਕਰੇ ਭਰੇ ਕਾਨੂੰਨਾਂ ਕਰਕੇ ਉਨ੍ਹਾਂ ਨੂੰ ਇਥੇ ਉਤਰਨ ਤੋਂ ਨਾਂਹ ਕਰ ਦਿੱਤੀ। ਟਰੂਡੋ ਨੇ ਸਪੱਸ਼ਟ ਕੀਤਾ ਕਿ ਉਸ ਸਮੇਂ ਦੇ ਕਾਨੂੰਨਾਂ ਲਈ ਮੌਕੇ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਸੀ, ਜਿਸ ਲਈ ਟਰੂਡੋ ਨੇ ਕਿਹਾ ਕਿ ਅੱਜ ਮੈ ਇਸ ਹਾਊਸ ‘ਚ ਖੜਾ ਹੋ ਕੇ ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਘਟਨਾ ‘ਚ ਸਾਡੀ ਭੂਮਿਕਾ ਦੇ ਲਈ ਮੁਆਫੀ ਮੰਗਦਾ ਹਾਂ। ‘ਵੀ ਆਰ ਟਰੂਅਲੀ ਸੌਰੀ’। ਉਨ੍ਹਾਂ ਕਿਹਾ ਕਿ, ‘ਇਕ ਸਦੀ ਪਹਿਲਾਂ ਵੱਡਾ ਅਨਿਆ ਹੋਇਆ ਸੀ।’
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੁਆਫੀ ਮੰਗਣ ਦੇ ਨਾਲ ਹੀ ਗੈਲਰੀ ‘ਚ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਮੁਆਫੀ ਦਾ ਸਵਾਗਤ ਕੀਤਾ ਅਤੇ ਕੈਨੇਡੀਅਨ ਸੰਸਦ ‘ਚ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਗੂੰਜਣ ਲੱਗੇ। ਇਸ ਮੌਕੇ ਟਰੂਡੋ ਨੇ ਪੰਜਾਬੀ ਮੂਲ ਦੇ ਉਨ੍ਹਾਂ ਸੰਸਦ ਮੈਂਬਰਾਂ ਤੇ ਕੈਬਨਿਟ ਮੰਤਰੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਮੁਆਫੀ ਵਿਚ ਉਨ੍ਹਾਂ ਦਾ ਸਹਿਯੋਗ ਕੀਤਾ। ਉਨ੍ਹਾਂ ਖਾਸ ਕਰਕੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ. ਸੱਜਣ ਉਸ ਫੌਜੀ ਰੇਜਮੈਂਟ ਦੇ ਕਮਾਂਡਰ ਰਹੇ ਹਨ, ਜਿਸ ਨੇ ਕਦੇ 102 ਸਾਲ ਪਹਿਲਾਂ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਮੋੜਿਆ ਸੀ, ਉਹ ਅੱਜ ਕੈਨੇਡਾ ਸਰਕਾਰ ਦਾ ਅਹਿਮ ਹਿੱਸਾ ਹਨ, ਟਰੂਡੋ ਨੇ ਕਿਹਾ ਕਿ ਜੇਕਰ 1914 ਵਾਲੇ ਕਾਨੂੰਨ ਰਹਿੰਦੇ ਤਾਂ ਸ. ਸੱਜਣ ਨੂੰ ਵੀ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਜਾਂਦਾ ਅਤੇ ਕੈਨੇਡਾ ਸ. ਸੱਜਣ ਦੀਆਂ ਸੇਵਾਵਾਂ ਅਤੇ ਲਿਆਕਤ ਦਾ ਫਾਇਦਾ ਉਠਾਉਣ ਤੋਂ ਵਾਂਝਾ ਰਹਿ ਜਾਂਦਾ। ਟਰੂਡੋ ਨੇ ਕਿਹਾ ਕਿ ਸਾਨੂੰ ਅਨਿਆ ਖਿਲਾਫ ਲੜਨਾ ਚਾਹੀਦਾ ਹੈ ਤੇ ਗਲਤੀ ਸੁਧਾਰਨੀ ਚਾਹੀਦੀ ਹੈ। ਜੇਕਰ ਮੁਆਫੀ ਮੰਗਣੀ ਪਵੇ ਤਾਂ ਝਿਜਕਣਾ ਨਹੀਂ ਚਾਹੀਦਾ। ਕੈਨੇਡੀਅਨ ਸੰਸਦ ‘ਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਇਸ ਮੌਕੇ ‘ਤੇ ਇਕੋ ਜਹੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਮਾਗਾਟਾਮਾਰੂ ਘਟਨਾ ਦੇ ਕਈ ਪੀੜਤਾਂ ਦੇ ਪਰਿਵਾਰਕ ਮੈਂਬਰ ਵੀ ਗੈਲਰੀ ‘ਚ ਹਾਜ਼ਰ ਸਨ। ਆਪਣੇ ਸੰਬੋਧਨ ‘ਚ ਜਸਟਿਨ ਟਰੂਡੋ ਨੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵੀ ਹਾਜ਼ਰ ਸੀ ਅਤੇ ਪੰਜਾਬੀ ਮੂਲ ਦੇ ਸਾਰੇ ਆਗੂ ਅਤੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸੀ।