ਕਿਸੇ ਪੱਖੋਂ ਲਾਹੇਵੰਦ ਨਹੀਂ ਹੈ ਉੱਲੀਨਾਸ਼ਕਾਂ ਦੀ ਥਾਂ ਕੀਟਨਾਸ਼ਕਾਂ ਦੀ ਵਰਤੋਂ

65

ਇਨ੍ਹਾਂ ਦਿਨਾਂ ਦੌਰਾਨ ਬਾਸਮਤੀ ਦੀ ਫ਼ਸਲ ‘ਤੇ ਬੂਟਾ ਗਲਣ ਵਾਲੇ ਰੋਗ ਦੇ ਇਲਾਵਾ ਗੋਭ ਦੀ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਵੱਲੋਂ ਧੜਾਧੜ ਵੱਖ-ਵੱਖ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਬੂਟਾ ਗਲਣ ਵਾਲਾ ਰੋਗ ਇਕ ਦੁਸ਼ਮਣ ਉੱਲੀ ਤੋਂ ਫੈਲਦਾ ਹੈ ਜਿਸ ਨੂੰ ਰੋਕਣ ਲਈ ਢੁਕਵੇਂ ਉਲੀਨਾਸ਼ਕਾਂ ਦੀ ਸਹੀ ਸਮੇਂ ‘ਤੇ ਵਰਤੋਂ ਕਰਨੀ ਪੈਂਦੀ ਹੈ ਜਦੋਂ ਕਿ ਗੋਭ ਦੀ ਸੁੰਡੀ ਇਕ ਅਜਿਹਾ ਕੀੜਾ ਹੈ ਜਿਸ ਦੀ ਰੋਕਥਾਮ ਕੀਟਨਾਸ਼ਕ ਦਵਾਈ ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। ਪਰ ਦੇਖਣ ਵਿਚ ਆਇਆ ਹੈ ਕਿ ਬਹੁਤੇ ਕਿਸਾਨ ਬੂਟਾ ਗਲਣ ਵਾਲੇ ‘ਫੁੱਟ ਰਾਟ’ (ਪੈਰਾਂ ਦੇ ਗਲਣ) ਵਾਲੇ ਰੋਕਥਾਮ ਲਈ ਹੀ ਦਾਣੇਦਾਰ ਕੀਟ ਨਾਸ਼ਕਾਂ ਦੀ ਧੜਾਧੜ ਵਰਤੋਂ ਕਰ ਰਹੇ ਹਨ ਜਿਸ ਨਾਲ ਨਾ ਸਿਰਫ਼ ਫ਼ਸਲ ਵਿਚ ਬੇਲੋੜੇ ਜ਼ਹਿਰ ਦੀ ਮਾਤਰਾ ਵਧ ਰਹੀ ਹੈ ਸਗੋਂ ਇਸ ਉੱਲੀ ਰੋਗ ਦੀ ਰੋਕਥਾਮ ਨਾ ਹੋਣ ਕਾਰਨ ਫ਼ਸਲ ਦੀ ਪੈਦਾਵਾਰ ਪ੍ਰਭਾਵਿਤ ਹੋਣੀ ਵੀ ਸੁਭਾਵਿਕ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ‘ਫੁੱਟ-ਰਾਟ’ ਬਿਮਾਰੀ ਦੇ ਹਮਲੇ ਨਾਲ ਪ੍ਰਭਾਵਿਤ ਬੂਟੇ ਦੂਜੇ ਬੂਟਿਆਂ ਨਾਲੋਂ ਉੱਚੇ ਹੋ ਜਾਂਦੇ ਹਨ। ਪ੍ਰਭਾਵਿਤ ਬੂਟੇ ਪੀਲੇ ਪੈਣ ਦੇ ਬਾਅਦ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਜ਼ਮੀਨ ਉੱਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੇ ਬੀਜ ਨੂੰ ਸੋਧ ਕੇ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਬਿਮਾਰੀ ਤੋਂ ਬਚਾਅ ਕਰਨ ਲਈ ਉਲੀਨਾਸ਼ਕ ਬਵਿਸਟਨ ਅਤੇ ਸਟਰੈਪਟੋਸਾਈਕਲੀਨ ਦਵਾਈਆਂ ਕਾਫ਼ੀ ਲਾਹੇਵੰਦ ਹਨ ਅਤੇ ਟਰਾਈਕੋਡਰਮਾ ਹਰਜੇਰੀਅਮ ਨਾਂਅ ਦੀ ਮਿੱਤਰ ਉੱਲੀ ਤੋਂ ਤਿਆਰ ਕੀਤੀਆਂ ਜੈਵਿਕ ਦਵਾਈਆਂ ਵੀ ਇਸ ਬਿਮਾਰੀ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਹਨ। ਇਸ ਬਿਮਾਰੀ ਤੋਂ ਪ੍ਰਭਾਵਿਤ ਬੂਟਿਆਂ ਨੂੰ ਜਲਦੀ ਤੋਂ ਜਲਦੀ ਖੇਤ ਵਿਚੋਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਫ਼ਸਲ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕਦਾ ਹੈ। ਦੂਜੇ ਪਾਸੇ ਤਣੇ ਦੇ ਗੜੂੰਆਂ (ਗੋਭ ਦੀ ਸੁੰਡੀ) ਦੀਆਂ ਸੁੰਡੀਆਂ ਬਾਸਮਤੀ ਦੇ ਬੂਟਿਆਂ ਦੇ ਤਣੇ ਵਿਚ ਵੜ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਖਾ ਕੇ ਕੱਟ ਦਿੰਦੀਆਂ ਹਨ। ਸਿੱਟੇ ਵਜੋਂ ਬੂਟਿਆਂ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ ਅਤੇ ਮੁੰਜਰਾਂ ਵਿਚ ਦਾਣੇ ਵੀ ਨਹੀਂ ਪੈਂਦੇ।
ਪ੍ਰਭਾਵਿਤ ਗੋਭਾਂ ਨੂੰ ਖਿੱਚਣ ‘ਤੇ ਉਹ ਆਸਾਨੀ ਨਾਲ ਬੂਟੇ ਵਿਚੋਂ ਬਾਹਰ ਆ ਜਾਂਦੀਆਂ ਹਨ। ਇਸ ਦੇ ਹਮਲੇ ਨਾਲ ਪ੍ਰਭਾਵਿਤ ਬੂਟਿਆਂ ਵਿਚ ਚਿੱਟੇ ਰੰਗ ਦੀਆਂ ਮੁੰਜਰਾਂ ਖ਼ਾਲੀ ਰਹਿਣ ਤੋਂ ਇਲਾਵਾ ਸਿੱਧੀਆਂ ਖੜ੍ਹੀਆਂ ਰਹਿੰਦੀਆਂ ਹਨ। ਪੰਜਾਬ ਵਿਚ ਇਨ੍ਹਾਂ ਸੁੰਡੀਆਂ ਦੀਆਂ ਤਿੰਨ ਕਿਸਮਾਂ ਦੇਖਣ ਨੂੰ ਮਿਲਦੀਆਂ ਹਨ। ਜੇਕਰ ਇਸ ਦਾ ਹਮਲੇ ਕਾਰਨ 5 ਫ਼ੀਸਦੀ ਤੋਂ ਜ਼ਿਆਦਾ ਗੋਭਾਂ ਸੁੱਕੀਆਂ ਹੋਣ ਤਾਂ ਇਸ ਦੀ ਰੋਕਥਾਮ ਕਰਨ ਲਈ ਪੀ. ਏ. ਯੂ. ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ 560 ਮਿਲੀਲਿਟਰ ਮੋਨੋਸਿਲ 36 ਐਸ. ਐਲ. (ਮੋਨੋਕਰੋਟੋਫਾਸ) ਜਾਂ ਇਕ ਲਿਟਰ ਕੌਰੋਬਾਨ/ ਡਰਸਬਾਨ/ ਲੀਥਲ/ ਕਲੋਰਗਾਰਡ/ ਡਰਮਟ/ ਕਲਾਸਿਕ/ਫੋਰਸ 20 ਈ. ਸੀ ਜਾਂ 15 ਗਰਾਮ ਫਿਪਰੋਨਿਲ 80 ਫ਼ੀਸਦੀ ਡਬਲਿਯੂ ਜੀ ਦਵਾਈ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਖੇਤ ਵਿਚ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ 10 ਕਿੱਲੋ ਪਡਾਨ/ ਕੈਲਡਾਨ/ ਕਰੀਟਾਪ/ ਸੈਨਵੈਕਸ/ਨਿਦਾਨ/ ਮਾਰਕਟੈਪ/ 4 ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 6 ਕਿੱਲੋ ਰੀਜੈਂਟ/ ਮੋਰਟੈਲ 0.3 ਜੀ (ਫਿਪਰੋਨਿਲ) ਜਾਂ 5 ਕਿੱਲੋ ਫੋਰਾਟਾਕਸ 10 ਜੀ (ਫੋਰੇਟ) ਜਾਂ 4 ਕਿੱਲੋ ਡਰਸਬਾਨ 10 ਜੀ (ਕਲੋਰੋਪਾਇਰੀਫਾਸ) ਦਾ ਪ੍ਰਤੀ ਏਕੜ ਖੇਤ ਵਿਚ ਛੱਟਾ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਬਾਸਮਤੀ ਵਿਚ ਝੁਲਸ ਰੋਗ ਦੇ ਹਮਲੇ ਨਾਲ ਪੱਤਿਆਂ ‘ਤੇ ਹਰੀਆਂ ਪੀਲੀਆਂ ਧਾਰੀਆਂ ਬਣ ਜਾਂਦੀਆਂ ਹਨ ਅਤੇ ਪੱਤਾ ਨੋਕ ਵੱਲੋਂ ਮੁੜ ਕੇ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ ਨਾਈਟ੍ਰੋਜਨ ਦੀ ਵਰਤੋਂ ਜ਼ਿਆਦਾ ਨਹੀਂ ਕਰਨੀ ਚਾਹੀਦੀ ਅਤੇ ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ ਹੈ।
ਪੱਤਿਆਂ ਵਿਚ ਧਾਰੀਆਂ ਪੈਣ ਵਾਲੇ ਰੋਗ ਦੇ ਹਮਲੇ ਨਾਲ ਪੱਤਿਆਂ ਦੀਆਂ ਨਾੜਾਂ ਵਿਚਕਾਰ ਬਰੀਕ ਧਾਰੀਆਂ ਪੈ ਜਾਂਦੀਆਂ ਹਨ ਜਿਸ ਦੀ ਰੋਕਥਾਮ ਲਈ ਬੀਜ ਨੂੰ ਸੋਧ ਕੇ ਬੀਜਣਾ ਚਾਹੀਦਾ ਹੈ। ਭੂਰੜ ਰੋਗ ਦੇ ਹਮਲੇ ਨਾਲ ਪੱਤਿਆਂ ‘ਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਜਿਸ ਨਾਲ ਬਾਅਦ ਵਿਚ ਮੁੰਜਰਾਂ ਦੇ ਮੁੱਢਾਂ ‘ਤੇ ਕਾਲੇ ਦਾਗ਼ ਪੈ ਜਾਂਦੇ ਹਨ। ਇਸ ਬਿਮਾਰੀ ਦੇ ਹਮਲੇ ਤੋਂ ਰੋਕਥਾਮ ਲਈ ਫ਼ਸਲ ‘ਤੇ ਇੰਡੋਫਿਲ ਜੈਡ-78, 75 ਘੁਲ਼ਣਸ਼ੀਲ 500 ਗਰਾਮ ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਖੇਤ ਵਿਚ ਛਿੜਕਣਾ ਚਾਹੀਦਾ ਹੈ। ਜੇਕਰ ਫ਼ਸਲ ‘ਤੇ ਭੂਰੇ ਧੱਬਿਆਂ ਦੇ ਰੋਗ ਦਾ ਹਮਲਾ ਹੋ ਜਾਵੇ ਤਾਂ ਗੋਲ ਅੱਖ ਦੀ ਸ਼ਕਲ ਵਰਗੇ, ਵਿਚਕਾਰੋਂ ਗੂੜ੍ਹੇ ਭੂਰੇ ਅਤੇ ਬਾਹਰੋਂ ਹਲਕੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਬਾਅਦ ਵਿਚ ਦਾਣਿਆਂ ‘ਤੇ ਵੀ ਦੇਖਣ ਨੂੰ ਮਿਲਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਫ਼ਸਲ ਨੂੰ ਸੰਤੁਲਿਤ ਖਾਦ ਪਾਉਣ ਦੇ ਇਲਾਵਾ ਟਿਲਟ 25 ਈ. ਸੀ. 200 ਮਿਲੀਲਿਟਰ ਜਾਂ ਇੰਡੋਫਿਲ ਜੈਡ-78, 500 ਗ੍ਰਾਮ ਪ੍ਰਤੀ ਏਕੜ ਮਾਤਰਾ ਨੂੰ 200 ਲੀਟਰ ਪਾਣੀ ਵਿਚ ਘੋਲ ਕੇ 2 ਛਿੜਕਾਅ ਕਰਨੇ ਚਾਹੀਦੇ ਹਨ।
ਇਸ ਦੇ ਇਲਾਵਾ ਤਣੇ ਦੇ ਗਲਣ ਵਾਲੇ ਰੋਗ ਦੀ ਰੋਕਥਾਮ ਲਈ ਫ਼ਸਲ ਨੂੰ ਲਗਾਤਾਰ ਪਾਣੀ ਨਹੀਂ ਦੇਣਾ ਚਾਹੀਦਾ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਰਤੋਂ ਵੀ ਸਿਫ਼ਾਰਸ਼ ਅਨੁਸਾਰ ਕਰਨੀ ਚਾਹੀਦੀ ਹੈ। ਰੂੜੀ ਅਤੇ ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਜ਼ਿਆਦਾ ਵਰਤੋਂ ਕਾਰਨ ਕਾਂਗਿਆਰੀ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਦਾਣਿਆਂ ਦੀ ਥਾਂ ‘ਤੇ ਹਰੇ ਰੰਗ ਦੀ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਫ਼ਸਲ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਬਲਾਈਟੋਕਸ 50 ਡਬਿਲਯੂ ਡੀ. ਕਾਪਰ ਆਕਸੀਕੋਲਰਾਈਡ 50 ਗ੍ਰਾਮ ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਫ਼ਸਲ ਨੂੰ ਨਿੱਸਰਨ ਸਮੇਂ ਛਿੜਕਣਾ ਚਾਹੀਦਾ ਹੈ ਜਿਸ ਦੇ 10 ਦਿਨਾਂ ਬਾਅਦ 200 ਮਿਲੀਲਿਟਰ ਟਿਲਟ 25 ਈ. ਸੀ. ਦਾ 200 ਲਿਟਰ ਪਾਣੀ ਵਿਚ ਛਿੜਕਾਅ ਕਰਨਾ ਚਾਹੀਦਾ ਹੈ। ਬੰਟ ਨਾਂਅ ਦੀ ਬਿਮਾਰੀ ਦਾ ਹਮਲਾ ਹੋਣ ਕਾਰਨ ਕਈ ਵਾਰ ਸਾਰਾ ਦਾਣਾ ਹੀ ਕਾਲਾ ਪਾਊਡਰ ਬਣ ਜਾਂਦਾ ਹੈ। ਇਸ ਦੀ ਰੋਕਥਾਮ ਲਈ ਨਾਈਟ੍ਰੋਜਨ ਖਾਦਾਂ ਦੀ ਜ਼ਿਆਦਾ ਵਰਤੋਂ ਤੋਂ ਸੰਕੋਚ ਕਰਨ ਦੇ ਨਾਲ-ਨਾਲ ਟਿਲਟ 25 ਈ. ਸੀ. 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਛਿੜਕਣੀ ਚਾਹੀਦੀ ਹੈ।

ਹਰਮਨਪ੍ਰੀਤ ਸਿੰਘ
-ਉੱਪ ਦਫ਼ਤਰ ਗੁਰਦਾਸਪੁਰ।cropduster