ਉਂਜ ਤਾਂ ਕਈ ਤਰ੍ਹਾਂ ਦੇ ਕੀੜੇ-ਮਕੌੜੇ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਪਰ ਇਕੱਲਾ ਚੂਹਾ ਹੀ 6-25 ਫ਼ੀਸਦੀ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਦਿੰਦਾ ਹੈ, ਜਿਸ ਨਾਲ ਕਿਸਾਨ ਅਤੇ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਪੰਜਾਬ ਵਿਚ ਕੁੱਲ 8 ਕਿਸਮਾਂ ਦੇ ਚੂਹੇ ਪਾਏ ਜਾਂਦੇ ਹਨ। ਚੂਹੇ ਆਪਣੇ ਚਾਤਰ ਦਿਮਾਗ, ਜ਼ਿਆਦਾ ਬੱਚੇ ਜੰਮਣ ਦੀ ਸਮਰੱਥਾ ਅਤੇ ਆਪਣੇ-ਆਪ ਨੂੰ ਇਲਾਕੇ ਦੇ ਵਾਤਾਵਰਨ ਅਨੁਸਾਰ ਢਾਲ ਲੈਣ ਦੀ ਸਮਰੱਥਾ ਕਰਕੇ ਜਨਸੰਖਿਆ ਬਹੁਤ ਤੇਜ਼ੀ ਨਾਲ ਵਧਾ ਲੈਂਦੇ ਹਨ। ਚੂਹੇ ਆਮ ਕਰਕੇ ਖੁੱਡਾਂ ਵਿਚ ਰਹਿੰਦੇ ਹਨ ਅਤੇ ਸੁੰਘਣ ਅਤੇ ਸੁਆਦ ਦੀ ਸਮਰੱਥਾ ਤੇਜ਼ ਹੋਣ ਕਾਰਨ ਭੋਜਨ ਦੀ ਚੋਣ ਕਰਨ ਵਿਚ ਖਾਸ ਮੁਹਾਰਤ ਰੱਖਦੇ ਹਨ। ਉਪਰੋਕਤ ਵਿਸ਼ੇਸ਼ਤਾਵਾਂ ਕਾਰਨ ਚੂਹਿਆਂ ਦੀ ਰੋਕਥਾਮ ਕਰਨੀ ਹੋਰਨਾਂ ਕੀੜਿਆਂ ਅਤੇ ਪੰਛੀਆਂ ਦੇ ਮੁਕਾਬਲੇ ਔਖੀ ਅਤੇ ਵੱਖਰੀ ਹੁੰਦੀ ਹੈ। ਸੋ ਚੂਹਿਆਂ ਦੀ ਰੋਕਥਾਮ ਲਈ, ਪਿੰਡ ਪੱਧਰ ‘ਤੇ ਸਮੂਹਿਕ ਤੌਰ ‘ਤੇ ਚੂਹੇ ਮਾਰ ਮੁਹਿੰਮ ਚਲਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕਿਸਾਨ ਇਕੱਲੇ-ਇਕੱਲੇ ਚੂਹਿਆਂ ਦੀ ਰੋਕਥਾਮ ਕਰਦੇ ਹਨ ਤਾਂ ਚੂਹੇ ਲਾਗਲੇ ਖੇਤਾਂ ਵਿਚ ਦੌੜ ਜਾਂਦੇ ਹਨ, ਜਿਸ ਕਾਰਨ ਸਾਰਥਿਕ ਨਤੀਜੇ ਨਹੀਂ ਮਿਲਦੇ। ਪਿੰਡ ਪੱਧਰ ‘ਤੇ ਮੁਹਿੰਮ ਵਿਚ ਗ੍ਰਾਮ ਪੰਚਾਇਤਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਤਕਰੀਬਨ ਦੋ ਮਹੀਨੇ ਤੱਕ ਖੇਤ ਖਾਲੀ ਰਹਿੰਦੇ ਹਨ ਇਸ ਲਈ ਇਸ ਸਮੇਂ ਦੌਰਾਨ ਚੂਹਿਆਂ ਦੀ ਸੁਚੱਜੀ ਰੋਕਥਾਮ ਮਸ਼ੀਨੀ ਅਤੇ ਕੀੜੇਮਾਰ ਜ਼ਹਿਰਾਂ ਨਾਲ ਕੀਤੀ ਜਾ ਸਕਦੀ ਹੈ।
(1) ਮਸ਼ੀਨੀ ਤਰੀਕੇ : (ੳ) ਸੋਟਿਆਂ ਨਾਲ ਮਾਰਨਾ: ਫ਼ਸਲਾਂ ਦੀ ਕਟਾਈ ਤੋਂ ਬਾਅਦ ਜਦੋਂ ਰੌਣੀ ਕੀਤੀ ਜਾਂਦੀ ਹੈ ਤਾਂ ਪਾਣੀ ਖੁੱਡਾਂ ਵਿਚ ਵੜ ਜਾਂਦਾ ਹੈ, ਜਿਸ ਕਾਰਨ ਚੂਹੇ ਬਾਹਰ ਆ ਜਾਂਦੇ ਹਨ। ਇਨ੍ਹਾਂ ਬਾਹਰ ਆਏ ਚੂਹਿਆਂ ਨੂੰ ਸੋਟਿਆਂ ਨਾਲ ਮਾਰਿਆ ਜਾ ਸਕਦਾ ਹੈ।
(ਅ) ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ-ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ। ਸਾਫ ਪਿੰਜਰਿਆਂ ਨੂੰ ਖੇਤਾਂ ਵਿਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਵਾਂ ‘ਤੇ ਰੱਖੋ। ਵੱਡੀ ਗਿਣਤੀ ਵਿਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤੱਕ ਮੂੰਹ ਖੋਲ੍ਹ ਕੇ ਰੱਖੋ। ਚੂਹਿਆਂ ਨੂੰ ਗਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖਲੇ ਤੇ ਚੁਟਕੀ ਭਰ ਦਾਣੇ ਸੁਕਾ ਕੇ ਮੂੰਹ ਬੰਦ ਕਰ ਦਿਓ। ਅਜਿਹਾ ਕਰਕੇ ਤਿੰਨ ਦਿਨ ਤੱਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿਚ ਡੁਬੋ ਕੇ ਮਾਰੋ। ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫਾ ਜ਼ਰੂਰ ਰੱਖੋ।
(2) ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੈ । ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ‘ਤੇ ਨਿਰਭਰ ਕਰਦਾ ਹੈ । (ਬਾਕੀ ਅਗਲੇ ਅੰਕ ‘ਚ)
ਡਾ: ਅਮਰੀਕ ਸਿੰਘ
-ਖੇਤੀਬਾੜੀ ਵਿਕਾਸ ਅਫਸਰ, ਗੁਰਦਾਸਪੁਰ
ਮੋਬਾਈਲ : 9463071919.
(source Ajit)