ਕਿਤੇ ਕੁੱਖ ਦੇ ਵਿੱਚ ਮਰਦੀ ਆ, ਕਿਤੇ ਬਲੀ ਦਾਜ ਦੀ ਚੜ੍ਹਦੀ ਆ, ਓਦਾਂ ਜੱਗ-ਜਨਨੀ, ਜੱਗ ਦੀ ਵਾਲੀ ਆ…ਮੇਰੇ ਸ਼ਹਿਰ ਵਿੱਚ।

103

surjit kaur

ਘਰ, ਘਰ ਨਹੀਂ ਮਕਾਨ ਆ, ਜੰਗਲ ਬੀਆਬਾਨ ਆ। ਓਦਾਂ ਸਭ ਹਰਿਆਲੀ ਆ………ਮੇਰੇ ਸ਼ਹਿਰ ਵਿੱਚ।

ਜਿੰਨੇ ਪੁੰਨ ਤੋਂ ਪਰ੍ਹੇ ਆ, ਓਨੇ ਹੀ ਉਹ ਖ਼ਰੇ ਆ, ਬਾਕੀ ਸਭ ਜਾਅਲੀ ਆ……..ਮੇਰੇ ਸ਼ਹਿਰ ਵਿੱਚ।

ਕੂੜ ਦਾ ਉਜਾਲਾ ਆ, ਸੱਚ ਦੇ ਮੂੰਹ ਤੇ ਤਾਲਾ ਆ, ਪਰ ਜਨਤਾ ਕਰਮਾਂ ਵਾਲੀ ਆ……..ਮੇਰੇ ਸ਼ਹਿਰ ਵਿੱਚ।

ਪੱਥਰ ਤੇ ਲਕੀਰ ਆ, ਲੀਡਰੀ ਗ਼ਰੀਬਾਂ ਦੀ ਅਮੀਰ ਆ, ਪਰ ਅੰਨਦਾਤਾ ਇੱਥੋਂ ਦਾ ਹਾਲੀ ਆ…..ਮੇਰੇ ਸ਼ਹਿਰ ਵਿੱਚ।

ਸਸਤਾ ਦੀਨ ਤੇ ਇਮਾਂਨ ਆ, ਪੈਸਾ ਹੀ ਭਗਵਾਨ ਆ, ਓਦਾਂ ਹਰ ਧਰਮ ਦੀ ਰਖਵਾਲੀ ਆ…..ਮੇਰੇ ਸ਼ਹਿਰ ਵਿੱਚ।

ਬੇਬਸੀ ਦਾ ਰੁਝਾਨ ਆ, ਚਿਹਰੇ ਤੇ ਝੂਠੀ ਮੁਸਕਾਨ ਆ, ਬਸ ਬਾਕੀ ਸਭ ਖੁਸ਼ਹਾਲੀ ਆ…..ਮੇਰੇ ਸ਼ਹਿਰ ਵਿੱਚ।

ਬੜਾ ਸੁੱਖ-ਚੈਨ ਆ, ਜੋਰੂ ਤਕੜੇ ਦੀ ਸਭਦੀ ਭੈਣ ਆ, ਪਰ ਭਾਬੀ ਮਾੜੇ ਦੇ ਘਰਵਾਲੀ ਆ…..ਮੇਰੇ ਸ਼ਹਿਰ ਵਿੱਚ।

ਕਿਤੇ ਕੁੱਖ ਦੇ ਵਿੱਚ ਮਰਦੀ ਆ, ਕਿਤੇ ਬਲੀ ਦਾਜ ਦੀ ਚੜ੍ਹਦੀ ਆ, ਓਦਾਂ ਜੱਗ-ਜਨਨੀ, ਜੱਗ ਦੀ ਵਾਲੀ ਆ……ਮੇਰੇ ਸ਼ਹਿਰ ਵਿੱਚ।

ਲੰਬੀ ਰਾਤ ਤੇ ਛੋਟੀ ਸਵੇਰ ਆ, ਬਾਹਲ਼ਾ ਹੀ ਹਨ੍ਹੇਰ ਆ, ਪਰ ਡੁੱਬਦੇ ਸੂਰਜ ਦੀ ਲਾਲੀ ਆ…..ਮੇਰੇ ਸ਼ਹਿਰ ਵਿੱਚ।

ਮੇਰੇ ਸ਼ਹਿਰ ਤੋਂ S.K.ਦੂਰ ਆ, ਖੁਸ਼ ਆ ਜਾਂ ਮਜ਼ਬੂਰ ਆ, ਗੀਤ-ਗਜ਼ਲਾਂ ਤੇਗਿਲੇ-ਸ਼ਿਕਵੇ,ਕਲਮ ਦੇ ਸੰਗ ਭਿਆਲੀ ਆ।

ਮੇਰੇ ਸ਼ਹਿਰ ਵਿੱਚ……………….. ਹਾਂ , ਮੇਰੇ ਸ਼ਹਿਰ ਵਿੱਚ।

-ਸੁਰਜੀਤ ਕੌਰ ਬੈਲਜ਼ੀਅਮ