ਸਮਝ ਨਾ ਆਵੇ ਜੱਗ ਚੰਦਰਾ ਏਨੇ ਇਮਤਿਹਾਨ ਕਿਉਂ ਲੈਂਦਾ ਏ,
ਕੋਈ ਤਾਂ ਭੈੜਾ ਹਮਰਾਜ਼ ਬਣੇ ਕਿਉਂ ਹਰ ਕੋਈ ਰੁੱਸ-ਰੁੱਸ ਬਹਿੰਦਾ ਏ।
ਕਿਉਂ ਹਰ ਕੋਈ ਨੱਸਦਾ ਰਹਿੰਦਾ ਏ….
ਉਡਾਣ ਕਦੇ ਖ਼ੁਦ ਭਰ ਨਾ ਪਾਏ ਉਡਾਰੀ ਹੋਰ ਕਿਸੇ ਦੀ ਹੀ ਬਣ ਜਾਈਏ,
ਹਾੜ੍ਹਾ !ਇਹ ਸਧਰ ਇੱਕ ਪੂਰੀ ਹੋਏ ਬਿਨ ਨਾ ਕੂਚ ਜਹਾਨੋਂ ਕਰ ਜਾਈਏ।
ਪਾਣੀ ਦਾ ਇੱਕ ਬਲਬੁਲਾ ਜ਼ਿੰਦਗੀ ਬਸ ਇਹੋ ਡਰ ਜਿਹਾ ਰਹਿੰਦਾ ਏ…
ਕੋਈ ਤਾਂ ਭੈੜਾ ਹਮਰਾਜ਼ ਬਣੇ ………………………………………….
ਅੱਖਾਂ ਦੇ ਵਿੱਚ ਅੱਥਰ ਭਰਕੇ ਅਸਾਂ ਹੱਥ ਬੰਨ ਅਰਜ਼ ਗੁਜ਼ਾਰੀ ਆ,
ਬੋਲ ਬੇਰਹਿਮ ਬੇਦਰਦੀ ਦੁਨੀਆਂ ਦੇ ਸਾਡੇ ਸੀਨੇ ਫੇਰ ਗਏ ਆਰੀ ਆ।
ਨਾ ਕਿਸੇ ਨੂੰ ਨਜ਼ਰ ਹੀ ਆਵੇ ਨਾ ਪੀੜ ਕਲੇਜਾ ਸਹਿੰਦਾ ਏ….
ਕੋਈ ਤਾਂ ਭੈੜਾ ਹਮਰਾਜ਼ ਬਣੇ ………………………………………….
ਤਾਰੇ ਸਾਜਨ ਦੇ ਬਣ ਜਾਣ ਸਾਥੀ ਅੰਬਰ ਵਿੱਚ ਮੁਸਕਾਏ ਉਹ,
ਇਤਰ-ਗੁਲਾਲ ਘੁਲ਼ ਜਾਵੇ ਹਵਾ ਵਿੱਚ ਜਿੱਧਰੋਂ ਵੀ ਲੰਘ ਜਾਏ ਉਹ।
ਸੋਚ ਸਾਡੀ ਵਿੱਚ ਹਰ ਵੇਲੇ ਅਹਿਸਾਸ ਓਸੇ ਦਾ ਹੀ ਰਹਿੰਦਾ ਏ….
ਕੋਈ ਤਾਂ ਭੈੜਾ ਹਮਰਾਜ਼ ਬਣੇ ………………………………………
ਆਪਣੇ ਬੋਲਾਂ ਨਾਲ ਭਾਂਵੇ ਉਹ ਸਾਨੂੰ ਨਿੱਤ ਟਕੋਰਾਂ ਲਾਉਂਦਾ ਏ,
ਸਮਝ ਨਾ ਆਵੇ ਕਿਹੜੀ ਗੱਲੋਂ ਖ਼ਰੀਆਂ ਆਖ ਸੁਣਾਉਂਦਾ ਏ।
ਜੱਗ ਜ਼ਾਹਿਰ ਵੀ ਕਰ ਨਾ ਸਕਦੇ ਸੁੱਕਾ ਨੀਰ ਨੈਣਾਂ ਵਿੱਚੋਂ ਵਹਿੰਦਾ ਏ….
ਕੋਈ ਤਾਂ ਭੈੜਾ ਹਮਰਾਜ਼ ਬਣੇ ………………………………………….
ਕਿਉਂ ਜੀਤ ਭਲਾ ਐਨਾ ਤੂੰ ਸੋਚੇਂ ਇਸ ਹੱਸ ਦੰਦਾ ਦੇ ਪਿਆਰ ਨੂੰ,
ਖਾਲੀ ਹੱਥ ਤੁਰ ਜਾਣਾ ਵੇ ਅੜਿਆ ਸਭ ਛੱਡ ਕੇ ਨਕਦ ਉਧਾਰ ਨੂੰ ।
ਕੁਝ ਤਾਂ ਚੰਗੇ ਕਰਮ ਕਮਾ ਲੈ ਓਥੇ ਨੇਕੀ ਦਾ ਮੁੱਲ ਪੈਂਦਾ ਏ…..
ਕੋਈ ਤਾਂ ਭੈੜਾ ਹਮਰਾਜ਼ ਬਣੇ ………………………………….
-ਸੁਰਜੀਤ ਕੌਰ ਬੈਲਜ਼ੀਅਮ
Nice ji