ਪੁੱਤਰਾਂ ਦੇ ਦਾਨੀ ਨੂੰ
ਦਿੱਤੇ ਆਪਣੇ ਤੂੰ ਫਰਜ਼ ਨਿਭਾ ਦਾਤਿਆ,
ਚਾਰੇ ਲਾਲ ਦਿੱਤੇ ਕੌਮ ਲੇਖੇ ਲਾ ਦਾਤਿਆ।
ਚਾਰੇ ਪੁੱਤ ਵਾਰੇ ਤੂੰ ਬਣਾ ਕੇ ਦੋ-ਦੋ ਜੋੜੀਆਂ,
ਹੱਥੀਂ ਤੂੰ ਸਜਾਈਆਂ ਦਾਤਾ ਮੌਤ ਦੀਆਂ ਘੋੜੀਆਂ।
ਦੋ ਸੀ ਜੰਗ ਚ’ ਲੜਾਏ, ਦੋ ਸੀ ਨੀਹਾਂ ਚ’ ਚਿਣਾਏ,
ਕੀਤੀ ਫਿਰ ਵੀ ਨਾ ਕੋਈ ਪਰਵਾਹ ਦਾਤਿਆ।
ਚਾਰੇ ਲਾਲ ਦਿੱਤੇ ਕੌਮ ਲੇਖੇ ਲਾ ਦਾਤਿਆ।
ਧਰਮ ਦੇ ਪਿੱਛੇ ਦਾਤਾ ਮਾਤਾ ਪਿਆਰੀ ਵਾਰ ਤੀ’,
ਜਾਲਮਾਂ ਨੇ ਝੱਟ ਠੰਢੇ ਬੁਰਜ ਚ’ ਬਿਠਾਲ ਤੀ’।
ਨਾਂ ਉਹ ਰੋਈ ਘਬਰਾਈ, ਪਾਣੀ ਅੱਖੀਂ ਨਾ ਲਿਆਈ,
ਦੂਣੇ ਚਮਕੇ ਚਿਹਰੇ ਦੇ ਉੱਤੇ ਚਾਅ ਦਾਤਿਆ।
ਚਾਰੇ ਲਾਲ ਦਿੱਤੇ ਕੌਮ ਲੇਖੇ ਲਾ ਦਾਤਿਆ।
ਪਿਤਾ ਤੇਰੇ ਡੇਰਾ ਚੌਂਕ ਚਾਂਦਨੀ ਚ’ ਲਾ ਲਿਆ,
ਧੜ ਨਾਲੋਂ ਸੀਸ ਹੱਸ ਵੱਖਰਾ ਕਰਾ ਲਿਆ।
ਜਾਂਦਾ ਧਰਮ ਬਚਾਇਆ ਸੀਸ ਕੌਮ ਲੇਖੇ ਲਾਇਆ,
ਦਿੱਤਾ ਜਾਂਦਾ ਇਹ ਤਾਂ ਧਰਮ ਬਚਾ ਦਾਤਿਆ।
ਚਾਰੇ ਲਾਲ ਦਿੱਤੇ ਕੌਮ ਲੇਖੇ ਲਾ ਦਾਤਿਆ।
ਜੀਤ ਠੱਟੇ ਵਾਲਾ ਲਿਖੇ ਤੇਰੀਆਂ ਕਹਾਣੀਆਂ,
ਮੰਨੇ ਤੈਨੂੰ ਦੁਨੀਆ ਇਹ ਪੁੱਤਾ ਦਿਆ ਦਾਨੀਆਂ।
ਕੀਤੀ ਦਾਤਿਆ ਕਮਾਲ ਹੋਇਆ ਖਾਲਸਾ ਨਿਹਾਲ,
ਰਹੇ ਲੋਕੀਂ ਅੱਜ ਗੀਤ ਤੇਰੇ ਗਾ ਦਾਤਿਆ।
ਚਾਰੇ ਲਾਲ ਦਿੱਤੇ ਕੌਮ ਲੇਖੇ ਲਾ ਦਾਤਿਆ।
ਸ਼ਹੀਦ ਊਧਮ ਸਿੰਘ ਦੇ ਨਾਂ
ਸੁਣ ਜ਼ਾਲਮ ਪਾਪੀ ਗੋਰਿਆ, ਇੱਕ ਭਾਸ਼ਣ ਮੇਰਾ,
ਤੂੰ ਜਲਿਆਂ ਵਾਲੇ ਬਾਗ ਵਿੱਚ ਕੀਤਾ ਜੁਲਮ ਬਥੇਰਾ।
ਤੂੰ ਅਣਖ ਵੰਗਾਰੀ ਸ਼ੇਰ ਦੀ ਮੇਰੇ ਡੌਲੇ ਫਰਕੇ,
ਤੈਥੋਂ ਬਦਲਾ ਲੈਣਾ ਗੋਰਿਆ ਗੋਲੀ ਸੀਨੇ ਜੜ ਕੇ।
ਇਹ ਦਿਨ ਵਿਸਾਖੀ ਵਾਲੜਾ ਰੱਖੂ ਦੁਨੀਆ ਚੇਤੇ।
ਜਦੋਂ ਲਾਈਆਂ ਪਾਪੀ ਗੋਰਿਆ ਕਈ ਜਿੰਦਾਂ ਲੇਖੇ,
ਇਹ ਤੇਰਾ ਕਾਰਾ ਵੈਰੀਆ ਮੇਰੇ ਅੱਖੀਂ ਰੜਕੇ।
ਤੈਥੋਂ ਬਦਲਾ ਲੈਣਾ ਗੋਰਿਆ ਗੋਲੀ ਸੀਨੇ ਜੜ ਕੇ।
ਫਿਰ ਮੁੜਿਆ ਵੱਲ ਇੰਗਲੈਂਡ ਦੇ ਤੂੰ ਕਰਕੇ ਕਾਰਾ,
ਤੇਰੇ ਕੀਤੇ ਹੋਏ ਜੁਲਮ ਨਾ ਭੁੱਲੇ ਹਿੰਦ ਸਾਰਾ।
ਤੈਨੂੰ ਸੁੱਟਣਾ ਥੱਲੇ ਸਟੇਜ ਤੋਂ ਝੱਟ ਲੀਰਾਂ ਕਰਕੇ,
ਤੈਥੋਂ ਬਦਲਾ ਲੈਣਾ ਗੋਰਿਆ ਗੋਲੀ ਸੀਨੇ ਜੜ ਕੇ।
ਸੁਣ ਲੈ ਵਲੈਤੀ ਬਿੱਲਿਆ ਕੀਤੀ ਹਰਕਤ ਮਾੜੀ,
ਤੇਰਾ ਖੂਨ ਪੀਣ ਲਈ ਗੋਲੀ ਨੇ ਕਰ ਲਈ ਤਿਆਰੀ।
ਤੈਨੂੰ ਨਾਲ ਗੋਲੀ ਦੇ ਭੁੰਨਣਾ ਮੇਰਾ ਪਿਸਟਲ ਕੜਕੇ,
ਤੈਥੋਂ ਬਦਲਾ ਲੈਣਾ ਗੋਰਿਆ ਗੋਲੀ ਸੀਨੇ ਜੜ ਕੇ।
ਲੱਗਾ ਦਾਗ ਮੱਥੇ ਤੋਂ ਲਾਹ ਦੇਣਾ ਮੈਂ ਜਾਂਦੀ ਵਾਰੀ,
ਜੀਤ ਠੱਟੇ ਵਾਲਾ ਲਿਖੂਗਾ ਤੇ ਗਾਊ ਦੁਨੀਆ ਸਾਰੀ।
ਮੈਂ ਕੌਮ ਦੇ ਲੇਖੇ ਲੱਗਣਾ ਅੰਤ ਫਾਂਸੀ ਚੜ੍ਹਕੇ,
ਤੈਥੋਂ ਬਦਲਾ ਲੈਣਾ ਗੋਰਿਆ ਗੋਲੀ ਸੀਨੇ ਜੜ ਕੇ।