ਕਵਿਤਾ
ਮੈਂ ਕਵਿਤਾ ਬਣਨੀ ਚਾਹੁੰਦਾ ਹਾਂ,
ਰੋਟੀ ਮੰਗਦੇ ਦੋ ਹੱਥਾਂ ਦੀ,
ਜਿਸ ਨੂੰ ਰੋਟੀ ਦੇਣ ਤੋਂ ਪਹਿਲਾਂ
ਹੋਟਲ ਦਾ ਬਹਿਰਾ ਵੀ,
ਸ਼ਰਾਰਤੀ ਅੱਖਾਂ ਨਾਲ
ਸਿਰ ਤੋਂ ਪੈਰਾਂ ਤੱਕ ਦੇਖਦਾ ਹੈ।
ਮੈਂ ਕਵਿਤਾ ਬਣਨੀ ਚਾਹੁੰਦਾ ਹਾਂ,
ਕਰਜ਼ੇ ਦੀ ਰੱਸੀ ਲਟਕਦੇ
ਉਸ ਕਿਸਾਨ ਦੀ,
ਜਿਸਦੇ ਬਚਪਨ, ਜਵਾਨੀ ਨੂੰ,
ਸਾਹੂਕਾਰਾਂ ਦੀ ਵਹੀ ਖਾ ਗਈ।
ਮੈਂ ਕਵਿਤਾ ਬਣਨੀ ਚਾਹੁੰਦਾ ਹਾਂ,
ਸੜ੍ਹਕ ਤੇ ਰੋੜ੍ਹੀ ਕੁਟਦੀ
ਉਸ ਮੁਟਿਆਰ ਦੀ,
ਜਿਸ ਦੀ ਅਜਮਤ ਨੂੰ
ਰੋਜ ਕਿੰਨੀਆਂ ਹੀ ਕਾਤਿਲ
ਨਿਗ੍ਹਾਂ ਦੇ ਪੱਥਰ
ਲੀਰੋ ਲੀਰ ਕਰ ਸੁਟਦੇ ਨੇ।
ਮੈਂ ਕਵਿਤਾ ਬਣਨੀ ਚਾਹੁੰਦਾ ਹਾਂ,
ਮੁਹੱਬਤ ਦੇ ਓਹਨਾਂ ਪਰਿੰਦਿਆਂ ਦੀ
ਜਿਹਨਾ ਦੇ ਖੰਭ ਨੂੰ
ਬੇਰਹਿਮ ਸਮਾਜ
ਉਡਾਰੀ ਭਰਨ ਤੋਂ
ਪਹਿਲਾਂ ਹੀ ਖੋਹ ਸੁਟਦਾ ਹੈ।
ਮੈਂ ਕਵਿਤਾ ਬਣਨੀ ਚਾਹੁੰਦਾ ਹਾਂ,
ਉਸ ਭੋਲੀ ਭਾਲੀ ਨਸੀਬੋ ਦੀ
ਜਿਸ ਦੇ ਨਸੀਬਾਂ ਵਿਚ
ਮਰਦੇ ਦਮ ਤਕ
ਗੋਹਾ ਕੂੜਾ ਕਰਨਾ ਲਿਖਿਆ ਹੈ।
ਮੈ ਕਵਿਤਾ ਬਣਨਾ ਚਾਹੁੰਦਾ ਹਾਂ,
ਓਹਨਾ ਗਰਜਦੇ ਬਦਲਾਂ ਦੀ
ਜਿਨ੍ਹਾਂ ਨੂੰ ਤੇਜ ਹਵਾਵਾਂ
ਧਰਤੀ ਸਿੰਜਣ ਤੋਂ
ਪਹਿਲਾਂ ਹੀ ਉਡਾ ਕੇ
ਦੂਰ ਕਿਤੇ ਲੈ ਗਈਆਂ।
ਕਾਸ਼ ਕਿਤੇ ਮੇਰੀ ਕਵਿਤਾ
ਉਹ ਸੂਰਜ ਬਣ ਕੇ ਉਗੇ
ਜੋ ਹਨੇਰੇ ਨੂੰ ਹੂੰਝ ਸੁੱਟੇ
ਕਾਸ਼ ਇਹ ਸੰਭਵ ਹੋਵੇ।
ਜਿੰਦਗੀ
ਜਿੰਦਗੀ ਦੇ ਸਫ਼ੇ ਤੇ ਅਜੇ
ਬੜਾ ਕੁਝ ਲਿਖਣਾ ਬਾਕੀ ਏ
ਕਿਸੇ ਦੀ ਹਮਦਰਦੀ ,
ਕਿਸੇ ਦੀ ਬੇਦਰਦੀ ,
ਕਿਸੇ ਦੀ ਝੂਠੀ ਦੋਸਤੀ ਦਾ
ਝੂਠਾ ਜਿਹਾ ਅਹਿਸਾਸ
ਕਿਸੇ ਦੀ ਜੀਵਨ ਨੂੰ
ਅਗੇ ਤੋਰਨ ਦੀ ਆਸ
ਅਜੇ ਬੜਾ ਲਿਖਣਾ ਬਾਕੀ ਏ ।
ਅਜੇ ਬਾਕੀ ਏ
ਪਤਨੀ ਦੇ ਸੁਪਨਿਆਂ ਨੂੰ
ਹਕੀਕਤ ਵਿਚ ਬਦਲਣਾ
ਅਜੇ ਬਾਕੀ ਏ
ਬਾਪੂ ਦੇ ਪੈਰਾਂ ਵਿਚੋਂ
ਟੂਟੀ ਹੋਈ ਜੁੱਤੀ
ਲਹਾਉਣ ਦਾ ਸੁਪਨਾ
ਜੋ ਥਾਂ -ਥਾਂ ਤੋਂ
ਗਰੀਬ ਦੀ ਕਿਸਮਤ ਵਾਂਗ
ਉਖ ੜ ਗਈ ਏ ।
ਅਜੇ ਤਾਂ ਬਾਕੀ ਏ
ਭੈਣਾਂ ਦੇ ਹਥ ਪੀਲੇ
ਕਰਣ ਦਾ ਬੋਝ ।
ਅਜੇ ਬਾਕੀ ਏ ,
ਧੀ ਪੁਤ ਨੂੰ
ਚੰਗੇ ਇਨਸਾਨ
ਬਣਾਉਣ ਦੀ ਰੀਝ ,
ਅਜੇ ਤਾਂ ਇਸ ਜਿੰਦਗੀ ਦੇ
ਬਹੁਤ ਸਫੇ ਬਾਕੀ ਨੇ ।
ਮੈਂ ਦਿਲ ਦੇ ਖੂਨ ਵਿਚ ਹਰਫਾਂ ਨੂੰ ਡੁਬੋਕੇ
ਮੈਂ ਦਿਲ ਦੇ ਖੂਨ ਵਿਚ ਹਰਫਾਂ ਨੂੰ ਡੁਬੋਕੇ ,
ਤੇਰਾ ਨਾਮ ਲਿਖਿਆ ਹੈ ,
ਡਰਦਿਆਂ ਜਗ ਤੋਂ ,
ਭਾਵੇਂ ਬੇਨਾਮ ਲਿਖਿਆ ਹੈ ।
ਰਾਹਵਾਂ ਤੇਰੀਆਂ ਨੂੰ ਤਕਦਿਆਂ ,
ਪਤਾ ਨਹੀ ਕਦ ਰਾਤ ਹੋ ਜਾਂਦੀ ,
ਜਦ ਤੂੰ ਰਾਤ ਨੂ ਆਵੇ ,
ਪਤਾ ਨਹੀ ਕਦ ਪ੍ਰਭਾਤ ਹੋ ਜਾਂਦੀ ।
ਮੁਦਤਾਂ ਹੋ ਗਈਆਂ ਮਿਲਿਆਂ ,
ਕਦੇ ਵੀ ਮੇਲ ਹੋਇਆ ਨਾ ,
ਸੁਪਨੇ ਵਿਚ ਭਾਵੇਂ ਕਦੇ ,
ਮੁਲਾਕਾਤ ਹੋ ਜਾਂਦੀ ।
ਤੂੰ ਵਾਸੀ ਹੈ ਮਹਲਾਂ ਦਾ ,
ਸਾਡੇ ਤਾਂ ਕਚੀ ਕੁੱਲੀ ਏ ,
ਬਸ ਏਸੇ ਆਸ ਤੋਂ ਹੀ ,
ਆਸ ਕਦੇ ਬੇਆਸ ਹੋ ਜਾਂਦੀ ।
ਹਿਜ਼ਰ ਤੇਰੇ ਵਿਚ ਅਉਧ ,
ਕਿੰਜ ਬੀਤਦੀ ਹੈ ,
ਏਸੇ ਹਿਸਾਬ ਵਿਚ ,
ਸਭ ਬੇਹਿਸਾਬ ਹੋ ਜਾਂਦੀ ।
ਤੂੰ ਕਦੇ ਤਾਂ ਆਵੇਗਾ ਸਜਣਾ ,
ਬੰਧਨ ਤੋੜ੍ਹ ਕੇ ਜਗ ਦੇ ,
ਬਸ ਏਸੇ ਹੌਂਸਲੇ ਸੰਗ ,
ਜਿੰਦਗੀ ਇਹ ਪਾਸ ਹੋ ਜਾਂਦੀ ।
ਜਿੰਦਗੀ
ਸੋਨੇ ਦੇ ਪਿੰਜਰੇ ਚ ਕੈਦ ਹੋਈ ਜਿੰਦਗੀ ,
ਜਰਾ ਜਰਾ ਕਰ ਕੇ ਇਹ ਗੈਰ ਹੋਈ ਜਿੰਦਗੀ ,
ਚਾਹੁੰਦੀ ਸੀ ਅੰਬਰੀ ਉਡਾਰੀਆਂ ਇਹ ਜਿੰਦਗੀ ,
ਟੁਟੇ ਖੰਭ ਧਰਤੀ ਤੇ ਢੇਰ ਹੋਈ ਜਿੰਦਗੀ ।
ਪਿਆਰ ਤੇਰੇ ਦਾ ਚਮੁਖੀਆ ਦੀਵਾ
ਪਿਆਰ ਤੇਰੇ ਦਾ ਚਮੁਖੀਆ ਦੀਵਾ ,
ਅਸੀਂ ਦਿਲ ਦੀ ਸਰਦਲ ਧਰਿਆ ਸੀ ।
ਵਿਚ ਗਮਾਂ ਦੀਆਂ ਬਤੀਆਂ ਪਾ ਕੇ ,
ਰਤ ਜਿਗਰ ਨਾਲ ਭਰਿਆ ਸੀ ।
ਹਿਜਰ ਦੀ ਤੀਲੀ ਲਾ ਕੇ ਉਸਨੂੰ ,
ਚਾਨਣ ਜੋਗਾ ਕਰਿਆ ਸੀ ।
ਪਰ ਇਕ ਦਿਨ ਪਵਨ ਕਲਿਹਣੀ ਆਈ ,
ਉਸ ਫੀਤਾ ਫੀਤਾ ਕਰਿਆ ਸੀ ।
ਇਹ ਮੇਰਾ ਘਰ
ਇਹ ਮੇਰਾ ਘਰ ਹੈ ਮੇਰਾ ਹੀ ਰਹਿਣ ਦੇ
ਚਾਹੇ ਨੀਵਾਂ ਦਰ ਹੈ ਨੀਵਾਂ ਹੀ ਰਹਿਣ ਦੇ ।
ਕਹਿੰਦੇ ਨੇ ਦੁਸ਼ਮਣ ਬੁਰਾ ਸਭ ਮੇਨੂੰ ,
ਸਜਣ ਵੀ ਬੇਸ਼ਕ ਕਹਿੰਦੇ ਨੇ ਕਹਿੰਦੇ ਰਹਿਣ ਦੇ ।
ਚਾਹੇ ਕੋਈ ਨਾ ਆਵੇ ਮੇਰੇ ਘਰ ਵਿਚ ,
ਇਕਲਾ ਹੀ ਸੀ ਇਕਲਾ ਹੀ ਰਹਿਣ ਦੇ ।
ਸਾਭੀਆਂ ਨੇ ਯਾਦਾਂ ਸਭ ਮੇਰੇ ਘਰ ਅੰਦਰ ,
ਮਿਠੀਆਂ ਭਾਵੇ ਕੌੜੀਆਂ ਸਾਭੀਆਂ ਹੀ ਰਹਿਣ ਦੇ ।
ਤੂੰ ਖੜਾ ਏ ਦੂਰ ਘਰ ਤੋਂ ਫਿਰ ਵੀ ਮਹਿਕ ਆਉਂਦੀ ਹੈ ,
ਹਵਾਵਾਂ ਵਿਚ ਘੁਲੀ ਹੈ ਜਹਿਰ ਤਾਂ ਘੁਲੀ ਰਹਿਣ ਦੇ ।
ਅਸੀਂ ਬਾਲਿਆ ਹੈ ਦੀਵਾ ਤੇਰੇ ਹਿਜ਼ਰ ਦਾ ,
ਰਤ ਜਿਗਰ ਦੀ ਪੈਂਦੀ ਹੈ ਤਾਂ ਪੈਂਦੀ ਰਹਿਣ ਦੇ ।
ਮੈਂ ਉਹ ਜੁਗਨੂੰ,
ਮੈਂ ਉਹ ਜੁਗਨੂੰ,
ਜੋ ਰੋਸ਼ਨੀ ਵੰਡੇ ,
ਪਾਕ ਮੋਹਬਤ ਵਾਲੀ ,
ਪਰ ਮੇਰੀ ਆਪਣੀ ਝੋਲੀ ਹੈ ,
ਉਸ ਮੁਹਬਤੋੰ ਖਾਲੀ ।
ਮੈਂ ਉਹ ਰਸਤਾ ,
ਜੋ ਦੂਰ ਭਟਕਦਾ ,
ਵਿਚ ਜੰਗਲ ਦੇ ਜਾਵੇ ,
ਕਦੇ ਕਦੇ ਕੋਈ ਵਿਰਲਾ ਰਾਹੀ ,
ਉਸ ਜੰਗਲ ਵਲ ਆਵੇ ।
ਮੈਂ ਉਹ ਤਾਰਾ ,
ਟੁਟ ਗਿਆ ਜੋ ਦੂਰ ਕਿਸੇ ਅਸਮਾਨੀ ,
ਪਲ ਭਰ ਲਈ ਉਹ ਰੋਸ਼ਨੀ ਛਡ ਕੇ ,
ਮੁੜ ਨਾ ਨਜਰੀ ਆਵੇ ।
ਮੈਂ ਉਹ ਰੇਤਾ ਮਾਰੂਥਲ ਦੀ ,
ਜੋ ਮਿਰਗ ਤ੍ਰਿਸ਼ਨਾ ਜਾਪੇ ,
ਪਰ ਨਾ ਪਿਆਸ ਬੁਝਾਵੇ ਕਿਸੇ ਦੀ ,
ਵਹਿਮ ਜਿਹਾ ਹੀ ਜਾਪੇ ।
ਮੈਂ ਹਾਂ ਗੀਤ ਮੁਹਬਤਾਂ ਵਾਲਾ ,
ਜਿਸ ਨੂੰ ਕੋਈ ਨਾ ਗਾਵੇ ,
ਨਾ ਹੀ ਕੋਈ ਸੰਗੀਤ ਸਾਜ ,
ਮੇਰੀ ਧੁਨ ਅਲਾਪੇ ।
ਮੈਂ ਸ਼ਿਵ ਦੀ ਕੰਡ ਆਲੀ ਥੋਰ੍ਹ ਹਾਂ ,
ਬਿਰਹੋਂ ਮੇਰਾ ਗਹਿਣਾ ,
ਬਸ ਉਸ ਦੇ ਸੰਗ ,
ਆਪਾਂ ਜੀ ਹੈ ਲੈਣਾ ।
ਹਾਦਸੇ
ਹਾਦਸੇ ਅਕਸਰ
ਮੇਰੇ ਨਾਲ ਹੀ ਕਿਓਂ ਵਾਪਰਦੇ ਨੇ।
ਹਵਾਵਾਂ ਅਕਸਰ
ਮੇਰਾ ਹੀ ਘਰ
ਕਿਓਂ ਓਜਾੜਦੀਆਂ ਨੇ।
ਕਿਓਂ ਖੁਸ਼ੀਆਂ
ਮੇਰੇ ਬੂਹੇ ਤੋਂ ਆ ਕੇ
ਮੁੜ੍ਹ ਜਾਂਦੀਆਂ ਨੇ
ਕਿਓਂ ਹੁੰਦਾ ਹੈ,
ਮੇਰੀਆਂ ਹੀ ਭਾਵਨਾਵਾਂ ਦਾ ਕਤਲ।
ਕਿਓਂ ਅਕਸਰ,
ਮੇਰੀ ਹੀ ਜਿੰਦਗੀ ਦੀ ਕਿਤਾਬ ਦੇ
ਪੰਨੇ ਅਧੂਰੇ ਰਹਿ ਜਾਂਦੇ ਨੇ।
ਕਿਓਂ ਅਕਸਰ,
ਮੇਰੇ ਹੀ ਸਿਰਨਾਵੇ ਤੇ,
ਚਿੱਠੀਆਂ ਬੇਰੰਗ,
ਆਉਂਦੀਆਂ ਨੇ।
ਕਿਓਂ ਅਕਸਰ,
ਜਿੰਦਗੀ ਮੇਰਾ ਹੀ,
ਇਮਤਿਹਾਨ ਲੈਂਦੀ ਹੈ।
ਪਰਛਾਵਾਂ
ਮੇਰੇ ਜਨਮਾਂ ਜਨਮਾਂਤਰਾਂ
ਦਾ ਸਾਥੀ ਮੇਰਾ ਪਰਛਾਵਾਂ।
ਸਦਾ ਹੀ ਮੇਰੇ ਨਾਲ ਚੱਲਦਾ,
ਕਦੇ ਖਬੇ, ਕਦੇ ਸਜੇ
ਅਗੇ ਪਿਛੇ ਕਦੇ ਅਗੇ
ਕਦੇ ਵੀ
ਖਹਿੜਾ ਨਹੀ ਛੱਡਦਾ ।
ਜਿੰਦਗੀ ਦੇ
ਟੇਢੇ ਮੇਢੇ ਰਾਹਾਂ ਤੇ
ਮੇਰੇ ਕਦਮਾਂ ਨਾਲ
ਕਦਮ ਮਿਲਾ ਕੇ ਚੱਲਦਾ ।
ਪਰ ਕਦੇ ਕਦੇ ਹੋਰਾਂ ਵਾਂਗ
ਇਕ ਵਿਥ ਤੇ ਖੜ ਕੇ
ਮੇਰੇ ਹਾਲਾਤਾਂ ਤੇ
ਖਿੜ ਖਿੜਾ ਕੇ ਹੱਸਦਾ ।
ਦੁਖ ਵੇਲੇ ਜਦ ਮਨ
ਖੂਨ ਦੇ ਅਥਰੂ ਰੋਵੇ
ਤਾਂ ਓਹ ਚੁਪ ਚੁਪੀਤਾ
ਮੇਰੇ ਨਾਲ ਤਾਂ ਭਾਂਵੇ ਬੈਠਾ
ਪਰ ਮੈਨੂੰ ਲਗਦਾ
ਓਹ ਅੰਦਰੋਂ ਅੰਦਰੀਂ ਹੱਸਦਾ
ਮੇਰੇ ਤੇ ਵਿਅੰਗ ਕਸਦਾ,
ਇਕ ਬੇਵਫਾ ਮਹਿਬੂਬ ਵਾਂਗ
ਮੇਰਾ ਨਾ ਹੋ ਕੇ ਵੀ
ਮੈਨੂੰ ਆਪਣਾ ਦੱਸਦਾ
ਪਰ ਇਸ ਸਭ
ਦੇ ਬਾਵਜੂਦ ਵੀ
ਓਹ ਮੈਨੂੰ ਆਪਣਾ ਲੱਗਦਾ ।