ਬੀਤੇ ਦਿਨ ਪਿੰਡ ਦੰਦੂਪੁਰ ਦੇ ਵਸਨੀਕ ਕਬੱਡੀ ਖਿਡਾਰੀ ਪਰਮਜੀਤ ਸਿੰਘ (22) ਪੁੱਤਰ ਬਲਬੀਰ ਦੀ ਪਿੰਡ ਖੀਰਾਂਵਾਲੀ ਵਿਖੇ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਮਿ੍ਤਕ ਦੇ ਚਾਚਾ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਲਿਖਤੀ ਬਿਆਨ ‘ਚ ਦੱਸਿਆ ਕਿ ਉਸ ਦਾ ਭਤੀਜਾ ਪਰਮਜੀਤ ਸਿੰਘ ਪਿੰਡ ਖੀਰਾਂਵਾਲੀ ਵਿਖੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਬੱਡੀ ਖੇਡਣ ਗਿਆ ਸੀ ਜਦੋਂ ਸ਼ਾਮ ਨੂੰ ਉਹ ਘਰ ਨਾ ਵਾਪਸ ਆਇਆ ਤਾਂ ਉਨ੍ਹਾਂ ਨੇ ਮੋਬਾਈਲ ਫੋਨ ‘ਤੇ ਸੰਪਰਕ ਕਰਨਾ ਚਾਹਿਆ ਪਰ ਕਿਸੇ ਨੇ ਫੋਨ ਨਾ ਚੁੱ ਕਿਆ | ਇਸ ਤੋਂ ਬਾਅਦ ਪਿੰਡ ਖੀਰਾਂਵਾਲੀ ਦੇ ਵਸਨੀਕ ਸਿੱਪੀ ਨੇ ਮੇਰੀ ਭਰਜਾਈ ਕੁਲਵਿੰਦਰ ਕੌਰ ਦੇ ਫੋਨ ‘ਤੇ ਦੱਸਿਆ ਕਿ ਪਰਮਜੀਤ ਅਚਾਨਕ ਬਿਮਾਰ ਹੋ ਗਿਆ ਹੈ ਤੇ ਉਹ ਸਾਡੇ ਘਰ ਹੈ ਤੇ ਉਸ ਦੀ ਹਾਲਤ ਖ਼ਰਾਬ ਹੈ | ਇਸ ਤੋਂ ਬਾਅਦ ਅਸੀਂ ਜਦੋਂ ਸਿੱਪੀ ਦੇ ਘਰ ਪਹੁੰਚੇ ਤਾਂ ਬੁਲਾਉਣ ‘ਤੇ ਵੀ ਪਰਮਜੀਤ ਨਾ ਬੋਲਿਆ | ਜਿਸ ਤੋਂ ਬਾਅਦ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਕਰਾਰ ਦਿੱਤਾ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਦੇਣ ਨਾਲ ਹੋਈ ਹੈ | ਇਸ ਸਬੰਧੀ ਥਾਣਾ ਫੱਤੂਢੀਂਗਾ ਦੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਥਾਣਾ ਫੱਤੂਢੀਂਗਾ ਦੇ ਐਸ.ਐਚ.ਓ. ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ