ਕਣਕ ਦੀ ਉਤਪਾਦਕਤਾ ਵਧਾਉਣ ਸਬੰਧੀ ਕੁਝ ਸੁਝਾਅ।

118

23858818ਭਾਵੇਂ ਕਣਕ ਦੀ ਫ਼ਸਲ ਖਰੀਫ਼ ‘ਚ ਦੋ-ਤਿਹਾਈ ਰਕਬੇ ਤੇ ਕਾਸ਼ਤ ਕੀਤੀ ਜਾਣ ਵਾਲੀ ਝੋਨਾ, ਬਾਸਮਤੀ ਦੀ ਫ਼ਸਲ ਜਿਤਨੀ ਲਾਹੇਵੰਦ ਨਹੀਂ ਪਰ ਹਾੜ੍ਹੀ ‘ਚ 90 ਫ਼ੀਸਦੀ ਤੋਂ ਵੱਧ ਕਿਸਾਨਾਂ ਲਈ ਕਣਕ ਦਾ ਕੋਈ ਬਦਲ ਉਪਲਬੱਧ ਨਹੀਂ। ਹਾੜ੍ਹੀ ‘ਚ ਕਣਕ ਤੋਂ ਇਲਾਵਾ ਹੋਰ ਫ਼ਸਲ ਬੀਜਣ ਲਈ ਬਹੁਤ ਘੱਟ ਗਿਣਤੀ ਦੇ ਕਿਸਾਨਾਂ ਨੂੰ ਸਫ਼ਲ ਤਕਨੀਕਾਂ ਦੀ ਜਾਣਕਾਰੀ ਹੈ। ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲ ਦੇ 35.47 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ 34.70 ਲੱਖ ਹੈਕਟੇਅਰ ਤੇ ਕਣਕ ਦੀ ਬਿਜਾਈ ਦਾ ਨਿਸ਼ਾਨਾ ਮਿਥੇ ਜਾਣ ਦੇ ਬਾਵਜੂਦ ਮੌਸਮ ਨਿਹਾਇਤ ਅਨੁਕੂਲ ਹੋਣ ਕਾਰਨ ਇਸ ਦੀ ਕਾਸ਼ਤ ਥੱਲੇ ਰਕਬਾ 35.50 ਲੱਖ ਹੈਕਟੇਅਰ ਨੂੰ ਛੂਹ ਜਾਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ: ਮੰਗਲ ਸਿੰਘ ਸੰਧੂ ਅਨੁਸਾਰ 95 ਫ਼ੀਸਦੀ ਰਕਬੇ ‘ਤੇ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਬਾਕੀ ਦਾ ਜੋ ਰਹਿੰਦਾ ਰਕਬਾ ਹੈ, ਉਹ ਕਪਾਹ-ਪੱਟੀ ਦਾ ਹੈ। ਜਿੱਥੇ ਉਤਪਾਦਕ ਕਪਾਹ, ਨਰਮੇ ਦੀਆਂ ਵਧ ਰਹੀਆਂ ਕੀਮਤਾਂ ਨੂੰ ਮੁੱਖ ਰੱਖਦਿਆਂ ਫ਼ਸਲ ਸਮੇਟਣ ‘ਚ ਜਲਦੀ ਨਹੀਂ ਕਰ ਰਹੇ। ਕਪਾਹ-ਨਰਮੇ ਵਾਲੀਆਂ ਜ਼ਮੀਨਾਂ ਹੁਣ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪੀ. ਬੀ. ਡਬਲਿਊ 658 (ਜੋ ਪੱਕਣ ਨੂੰ 133 ਦਿਨ ਲੈਂਦੀ ਹੈ ਅਤੇ 17.6 ਕੁਇੰਟਲ ਪ੍ਰਤੀ ਏਕੜ ਦਾ ਔਸਤ ਝਾੜ ਦੇ ਦਿੰਦੀ ਹੈ), ਪੀ. ਬੀ. ਡਬਲਿਊ. 590 (128 ਦਿਨ ‘ਚ ਪੱਕ ਕੇ 16.4 ਕੁਇੰਟਲ ਪ੍ਰਤੀ ਏਕੜ ਔਸਤ ਝਾੜ), ਪੀ. ਬੀ. ਡਬਲਿਊ. 509 (130 ਦਿਨਾਂ ‘ਚ ਪੱਕ ਕੇ 15.8 ਕੁਇੰਟਲ ਏਕੜ ਦਾ ਔਸਤ ਝਾੜ), ਐਚ.ਡੀ. 2985 (110 ਦਿਨ ‘ਚ ਪੱਕ ਕੇ 16 ਕੁਇੰਟਲ ਪ੍ਰਤੀ ਏਕੜ ਔਸਤ ਝਾੜ) ਅਤੇ ਐਚ. ਡੀ. 2932 (110 ਦਿਨ ‘ਚ ਪੱਕ ਕੇ 18-19 ਕੁਇੰਟਲ ਪ੍ਰਤੀ ਏਕੜ ਦਾ ਔਸਤ ਝਾੜ) ਕਿਸਮਾਂ ‘ਚੋਂ ਹੀ ਚੋਣ ਕਰਨੀ ਪਵੇਗੀ। ਆਲੂਆਂ ਜਾਂ ਨਰਮੇ ਦੇ ਉਤਪਾਦਕ ਜੋ 25 ਦਸੰਬਰ ਤੋਂ ਬਾਅਦ ਬਿਜਾਈ ਕਰਨਗੇ ਉਨ੍ਹਾਂ ਲਈ ਡਬਲਿਊ.ਆਰ. 544 ਕਿਸਮ ਜੋ ਸ਼ੁਰੂ ਜਨਵਰੀ ‘ਚ ਬੀਜ ਕੇ ਵੀ 16 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇ ਦਿੰਦੀ ਹੈ, ਬੀਜਣ ਤੋਂ ਇਲਾਵਾ ਕੋਈ ਹੋਰ ਕਿਸਮ ਲਾਹੇਵੰਦ ਨਹੀਂ। ਨਿਰਸੰਦੇਹ ਹੀ ਪਾਣੀ ਦੀ ਸਮੱਸਿਆ ਕਾਰਨ ਖਰੀਫ਼ ‘ਚ ਝੋਨੇ ਦੀ ਕਾਸ਼ਤ ਘਟਾਉਣ ਦੀ ਲੋੜ ਹੈ ਪਰ ਝੋਨਾ-ਕਣਕ ਫ਼ਸਲੀ ਚੱਕਰ ਅਪਨਾਉਣ ਵਾਲੇ ਕਿਸਾਨ ਝੋਨੇ ਦੇ ਖੇਤਾਂ ‘ਚ ਰਹੀ ਗਿੱਲ ਨੂੰ ਵਰਤ ਕੇ ਹੀ ਬਿਨਾਂ ਰੌਣੀ ਕੀਤਿਆਂ ਕਣਕ ਬੀਜ ਕੇ ਹਾੜ੍ਹੀ ‘ਚ ਜ਼ਮੀਨ ਥੱਲਿਉਂ ਵਰਤੇ ਜਾਣ ਵਾਲੇ ਪਾਣੀ ਦੀ ਬੱਚਤ ਕਰ ਲੈਂਦੇ ਹਨ। ਪੰਜਾਬ ਰਾਜ ਬਿਜਲੀ ਨਿਗਮ ਨੂੰ ਵੀ ਬੜੀ ਬੱਚਤ ਹੁੰਦੀ ਹੈ। ਕਣਕ ਦੇ ਮੌਸਮ ‘ਚ ਹੁਣ ਤੱਕ ਦਿਨ ‘ਚ 2-3 ਘੰਟੇ ਹੀ ਟਿਊਬਵੈਲਾਂ ਲਈ ਬਿਜਲੀ ਦਿੱਤੀ ਜਾਂਦੀ ਰਹੀ ਹੈ। ਹੁਣ ਪਛੇਤੀ ਬਿਜਾਈ ਕਰਨ ਵਾਲੇ ਉਤਪਾਦਕਾਂ ਨੂੰ ਬੀਜ ਦੀ ਮਾਤਰਾ 40 ਕਿਲੋ ਪ੍ਰਤੀ ਏਕੜ ਤੋਂ ਵਧਾ ਕੇ 50 ਕਿਲੋ ਤੱਕ ਕਰ ਦੇਣੀ ਚਾਹੀਦੀ ਹੈ।
ਡਾਇਰੈਕਟਰ ਸੰਧੂ ਕਹਿੰਦੇ ਹਨ ਕਿ ਜੇ ਮੌਸਮ ਨੇ ਸਾਥ ਦਿੱਤਾ ਤਾਂ ਕਣਕ ਦੀ ਭਰਪੂਰ ਫ਼ਸਲ ਹੋਵੇਗੀ। ਸੰਭਾਵਨਾ ਹੈ ਕਿ 2011-2012 ਦੇ 180 ਲੱਖ ਟਨ ਕਣਕ ਪੈਦਾ ਕਰਨ ਦੇ ਸਿਖਰ ਨੂੰ ਅਸੀਂ ਪਾਰ ਕਰ ਜਾਈਏ। ਅਜਿਹੀ ਪ੍ਰਾਪਤੀ ਲਈ ਉਹ ਕਿਸਾਨਾਂ ਨੂੰ ਕਣਕ ਦੀ ਫ਼ਸਲ ਜੋ ਹੁਣ ਤੱਕ ਬੜੀ ਵਧੀਆ ਹੈ, ਦੀ ਸਹੀ ਪਾਲਣਾ ਪੋਸ਼ਣਾ ਪੈਕੇਜ ਆਫ਼ ਪ੍ਰੈਕੇਟਿਸਿਸ ਅਨੁਸਾਰ ਕਰਨ ਦੀ ਸਲਾਹ ਦਿੰਦੇ ਹਨ। ਉਂਝ ਤਾਂ ਖਾਦਾਂ ਜ਼ਮੀਨ ਦੀ ਪਰਖ ਦੇ ਆਧਾਰ ‘ਤੇ ਵਰਤਣੀਆਂ ਚਾਹੀਦੀਆਂ ਹਨ ਪਰ ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਨਹੀਂ ਕਰਵਾਈ, ਉਹ ਯੂਰੀਏ ਦੀ ਖੁਰਾਕ 110 ਕਿਲੋ ਪ੍ਰਤੀ ਏਕੜ ਤੱਕ ਸੀਮਿਤ ਰੱਖਣ। ਪਹਿਲੇ ਪਾਣੀ ਨਾਲ 50 ਕਿਲੋ ਪ੍ਰਤੀ ਏਕੜ ਤੱਕ ਫ਼ਸਲ ਨੂੰ ਯੂਰੀਏ ਦੀ ਖੁਰਾਕ ਕਾਫ਼ੀ ਹੋਵੇਗੀ। ਬਹੁਤੇ ਕਿਸਾਨ ਯੂਰੀਏ ਦਾ ਲੋੜ ਨਾਲੋਂ ਵੱਧ ਪ੍ਰਯੋਗ ਕਰਦੇ ਹਨ। ਇੱਥੋਂ ਤੱਕ ਕਿ 50 ਕਿਲੋ ਦੇ ਚਾਰ-ਪੰਜ ਥੈਲੇ ਫ਼ਸਲ ਨੂੰ ਪਾ ਦਿੰਦੇ ਹਨ। ਇਸ ਨਾਲ ਫ਼ਸਲ ਨੂੰ ਬਿਮਾਰੀ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਕਣਕ ਦੇ ਖੇਤਾਂ ‘ਚ ਸਾਉਣੀ ਦੀ ਰੁੱਤ ਵਿਚ ਹਰੀ ਖਾਦ ਕੀਤੀ ਹੋਵੇ ਤਾਂ ਯੂਰੀਆ ਖਾਦ ਦੀ ਮਾਤਰਾ ਅੱਧੀ ਕਰ ਦੇਣੀ ਚਾਹੀਦੀ ਹੈ। ਫ਼ਲੀਦਾਰ ਫ਼ਸਲਾਂ ਤੋਂ ਬਾਅਦ ਬੀਜੀ ਕਣਕ ਨੂੰ ਇਕ-ਚੌਥਾਈ ਯੂਰੀਆ ਘੱਟ ਦਿਉ। ਕਲਰਾਠੀ ਜ਼ਮੀਨਾਂ ਵਿਚ ਬੀਜੀ ਕਣਕ ਨੂੰ 25 ਫ਼ੀਸਦੀ ਵੱਧ ਯੂਰੀਆ ਪਾਉ ਅਤੇ 15 ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਯੂਰੀਏ ਦੀ ਖੁਰਾਕ 25 ਫ਼ੀਸਦੀ ਤੱਕ ਘਟਾ ਦਿਉ।
ਭਗਵਾਨ ਦਾਸ
-ਮੋਬਾ: 98152-36307
(source Ajit)